ਰਿਸ਼ਤੇ

(ਸਮਾਜਵੀਕਲੀ)

ਇਕ ਦਿਨ ਸਮਸ਼ੇਰ ਆਪਣੀ ਝੁੱਗੀ ਦੇ ਸਾਹਮਣੇ ਅਸਮਾਨ ਨੂੰ ਛੁੰਹਦੀ ਬਿਲਡਿੰਗ ਵਿੱਚ ਬਣੇ ਮਹਿੰਗੇ ਫਲੈਟਾਂ ਵੱਲ ਵੇਖਦਿਆਂ ਆਪਣੇ ਬਾਪੂ ਨੂੰ ਕਹਿੰਦਾ ਹੈ ਕਿ ਬਾਪੂ ਕਿਸੇ ਦਿਨ ਮੈਂ ਵੀ ਮਿਹਨਤ ਕਰਕੇ ਤੈਨੂੰ ਇਸ ਬਿਲਡਿੰਗ ਵਿਚ ਇਕ ਫਲੈਟ ਲੈ ਕੇ ਦੇਵਾਂਗਾ। ਬਾਪੂ, ਸਮਸ਼ੇਰ ਦੀ ਗੱਲ ਸੁਣ ਕੇ ਮੁਸਕੁਰਾਉਂਦਿਆਂ ਸੋਚਦਾ ਹੈ ਕਿ ਪੁੱਤ ਅਸਮਾਨ ਨੂੰ ਛੂੰਹਦੀਆਂ ਇਹਨਾਂ ਇਮਾਰਤਾਂ ਸਾਹਮਣੇ ਭਾਵੇਂ ਆਪਾਂ ਝੁੱਗੀਆਂ-ਝੋਪੜੀਆਂ ਵਿੱਚ ਰਹਿੰਦੇ ਹਾਂ ਪਰ ਰਹਿੰਦੇ ਤਾਂ ਇਕੱਠੇ ਹਾਂ ਨਾ, ਇਹਨਾਂ ਟੁੱਟੀਆਂ-ਭੱਜੀਆਂ ਝੋਪੜੀਆਂ ਵਿੱਚ ਤੇਰੇ ਤਾਏ, ਚਾਚੇ ਤੇ ਤੇਰੇ ਭੈਣ-ਭਰਾ ਸੱਭ ਮਿਲ ਕੇ ਪਿਆਰ ਨਾਲ ਰਹਿੰਦੇ ਹਨ, ਜਦ ਵੀ ਕਿਸੇ ਤੇ ਦੁੱਖ ਆਉਂਦਾ ਹੈ ਤਾਂ ਝੱਟ ਸਾਰੇ ਇਕੱਠੇ ਹੋ ਜਾਂਦੇ ਹਨ।

ਫਿਰ ਤੂੰ ਕਿਉਂ ਮੈਨੂੰ ਇਸ ਬਿਲਡਿੰਗ ਦੇ ਫਲੈਟ ਵਿਚ ਰੱਖ ਕਿ ਆਪਣੇ ਰਿਸ਼ਤੇਦਾਰਾਂ, ਭੈਣ-ਭਰਾਵਾਂ ਅਤੇ ਬਜ਼ੁਰਗਾਂ ਤੋਂ ਦੂਰ ਕਰਨਾ ਚਾਹੁੰਦਾ ਏ। ਸਮਸ਼ੇਰ ਦਾ ਸੁਪਨਾ, ਸੁਪਨਾ ਹੀ ਨਾ ਰਹਿ ਜਾਵੇ ਇਹ ਸੋਚ ਕੇ ‌ਬਾਪੂ ਹੱਸਦਿਆਂ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰ ਦਿੰਦਾ ਹੈ । ਸਮਸ਼ੇਰ ਦਾ ਬਾਪੂ ਤਾਂ ਇਸ ਗੱਲ ਨੂੰ ਸਮਸ਼ੇਰ ਦਾ ਬਚਪਨਾ ਸਮਝ ਕੇ ਅਣਗੋਲਿਆਂ ਕਰ ਜਾਂਦਾ ਹੈ ਪਰ ਸਮਸ਼ੇਰ ਆਪਣੀ ਇਸ ਖਵਾਈਸ ਨੂੰ ਮਰਨ ਨਹੀਂ ਸੀ ਦੇਣਾ ਚਾਹੁੰਦਾ। ਹੁਣ ਉਸ ਨੇ ਆਪਣੇ ਦਿਲ ਵਿਚ ਬਿਲਡਿੰਗ ਵਿਚ ਫਲੈਟ ਲੈਣ ਦੀ ਠਾਨ ਲਈ ਸੀ ਅਤੇ ਹੁਣ ਉਹ ਫਲੈਟ ਲੈਣ ਲਈ ਦਿਨ-ਰਾਤ ਅਣਥੱਕ ਮਿਹਨਤ ਕਰਨ ਲੱਗਾ।

ਸਮਸ਼ੇਰ ਰੋਜ ਸ਼ਾਮ ਨੂੰ ਦਿਹਾੜੀ ਲਾਉਣ ਤੋਂ ਬਾਅਦ ਆਪਣੀ ਝੁੱਗੀ ਤੋਂ ਬਾਹਰ ਮੰਜੇ ‘ਤੇ ਪਿਆ ਬਿਲਡਿੰਗ ਵੱਲ ਵੇਖਦਾ ਹੋਇਆ ਸੋਚਦਾ ਕਿ ਕਿੰਨੇ ਖੁਸ਼ਨਸੀਬ ਹਨ ਇਹ ਲੋਕ, ਜੋ ਇਕ ਬਿਲਡਿੰਗ ਵਿਚ ਇੱਕਠੇ ਰਹਿੰਦੇ ਹਨ ਅਤੇ ਆਪਸ ਵਿਚ ਰਿਸ਼ਤਿਆਂ ਦੀ ਸਾਂਝ ਬਣਾਈ ਰੱਖਦੇ ਹਨ। ਤਾਰਿਆਂ ਵੱਲ ਵੇਖਦਿਆਂ  ਉਸ ਅਕਸਰ ਸੋਚਦਾ ਕਿ ਕਾਸ਼ ਮੈਂ ਵੀ ਇਸ ਬਿਲਡਿੰਗ ਦਾ ਹਿੱਸਾ ਬਣਾ ਤੇ ਰਿਸ਼ਤਿਆਂ ਦੀਆਂ ਤੰਦਾ ਨੂੰ ਕਾਇਮ ਰੱਖਾ।

ਪਰ ਕੁੱਝ ਸਮੇਂ ਬਾਅਦ ਹੀ ਜਦੋਂ ਉਸਦੇ ਬਾਪੂ ਨੂੰ ਝੁੱਗੀਆਂ ਵਾਲੀ ਜਗ੍ਹਾ ਜਲਦ ਤੋਂ ਜਲਦ ਖਾਲੀ ਕਰਨ ਦਾ ਨੋਟਿਸ ਆਇਆ ਜਿਸ ਵਿੱਚ ਮੋਟੇ ਅੱਖਰਾਂ ਵਿੱਚ ਲਿਖਿਆ ਸੀ ਕਿ ਬਿਲਡਿੰਗ ਦੇ ਸਾਹਮਣੇ ਬਣੀਆਂ ਝੁੱਗੀਆਂ ਇਸ ਮਹਿੰਗੀ ਬਿਲਡਿੰਗ ਦੀ ਸੋ਼ਅ ਖਰਾਬ ਕਰ ਰਹੀਆਂ ਹਨ ਜਿਸ ਕਰਕੇ ਇਹਨਾਂ ਝੁੱਗੀਆਂ ਨੂੰ ਢਾਹਿਆ ਜਾਵੇਗਾ, ਇਸ ਲਈ ਜਲਦ ਤੋਂ ਜਲਦ ਇਹ ਝੁੱਗੀਆਂ ਖਾਲੀ ਕਰ ਦਿੱਤੀਆਂ ਜਾਣ। ਇਹ ਗੱਲ ਸੁਣ ਕੇ ਸਮਸ਼ੇਰ ਇਕਦਮ ਦਹਿਲਾ ਉੱਠਿਆ ਅਤੇ ਬਾਪੂ ਨੂੰ ਕਹਿੰਦਾ ਕਿ ਬਾਪੂ ਮੈਂ ਪਹੁ-ਫੁੱਟਣ ਤੋਂ ਪਹਿਲਾਂ ਇਸ ਬਿਲਡਿੰਗ ਵੱਲ ਵੇਖ ਕਿ ਇਹ ਸੋਚਦਾ ਸੀ ਕਿ ਕਿੰਨੇ ਚੰਗੇ ਹਨ ਇਹ ਲੋਕ ਜੋ ਇੱਕ ਬਿਲਡਿੰਗ ਵਿਚ ਰਹਿ ਕਿ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਬਣਾਈ ਬੈਠੇ ਹਨ। ਪਰ ਸੱਚ ਤਾਂ ਇਹ ਹੈ ਕਿ ਇਹ ਲੋਕ ਰਿਸ਼ਤੇ ਨਾਤਿਆਂ ਤੋਂ ਬਿਲਕੁਲ  ਦੂਰ ਜਾ ਚੁੱਕੇ ਹਨ।

ਹੁਣ ਸਮਸ਼ੇਰ ਸੋਚਦਾ ਹੈ ਕਿ ਚੰਗਾ ਹੋਇਆ ਮੈਂ ਇੱਥੇ ਫਲੈਟ ਨਹੀਂ ਲਿਆ, ਬੇਬੇ-ਬਾਪੂ ਨੂੰ ਮੈਂ ਇਸ ਬਿਲਡਿੰਗ ਦਾ ਹਿੱਸਾ ਬਣਾ ਤਾਂ ਦਿੰਦਾ ਪਰ ਇਥੇ ਤਾਂ ਸਿਰਫ਼ ਇਕਾਂਤਵਾਸ ਵਾਲੇ ਲੋਕ ਰਹਿੰਦੇ ਹਨ ਜਿਹੜੇ ਬਹੁਤਿਆਂ ਦੀ ਤਾਦਾਦ ਵਿਚ ਵੀ ਇਕੱਲੇ ਹੀ ਰਹਿਣਾ ਪਸੰਦ ਕਰਦੇ ਹਨ। ਸਮਸ਼ੇਰ ਆਪਣੇ ਬਾਪੂ ਨੂੰ ਕਹਿੰਦਾ ਹੈ ਬਾਪੂ ਮੈਨੂੰ ਇਹ ਬਿਲਡਿੰਗ ਬਿਲਕੁਲ ਵੀ ਪਸੰਦ ਨਹੀਂ ਮੈਂ ਬਿਲਡਿੰਗ ਦੀ ਖੂਬਸੂਰਤੀ ਅਤੇ ਬਣਾਵਟ ਨੂੰ ਵੇਖ ਕਿ ਇਸ ਵੱਲ ਚੁੰਧਆਇਆ ਗਿਆ ਸੀ ਪਰ ਜਿਸ ਵਿਚ ਰਿਸ਼ਤਿਆਂ ਦੀ ਨੀਂਹ ਹੀ ਮਜ਼ਬੂਤ ਨਹੀਂ ਉਸ ਬਿਲਡਿੰਗ/ਘਰ ਦਾ ਢਹਿ-ਢੇਰੀ ਹੋ ਜਾਣਾ ਲਾਜ਼ਮੀ ਹੀ ਹੈ।

ਬਾਪੂ ਆਪਾਂ ਆਪਣੀ ਝੁੱਗੀ ਕਿਤੇ ਹੋਰ ਪਾਵਾਂਗਾ, ਜਿਥੇ ਸਿਰਫ਼ ਪਹੁ-ਫੁੱਟਣ ਤੇ ਸੂਰਜ ਦੀ ਰੋਸ਼ਨੀ ਵਿਚ ਰਿਸ਼ਤਿਆਂ ਦੀ ਚਮਕ ਸਿੱਧਾ ਆਪਣੇ ਦਰਾਂ ਅੰਦਰ ਹੋਵੇ ਤੇ ਸਾਹਮਣੇ ਕਿਸੇ ਅਜਿਹੀ ਬਿਲਡਿੰਗ ਦਾ ਪਰਛਾਵਾਂ ਨਾ ਪੈਂਦਾ ਹੋਵੇ ਜਿਸ ਵਿਚ ਰਿਸ਼ਤੇ ਨਿਭਾਉਣ ਦੀ ਤੰਗ ਦਿਲੀ ਹੋਵੇ।

 

ਅਜੈ ਅਬਲੋਵਾਲ
 +91 98553 83873

Previous articleਭਾਰਤ ਸ਼ਾਂਤੀ ਦਾ ਹਾਮੀ, ਪਰ ਢੁੱਕਵਾਂ ਜਵਾਬ ਦੇਣ ਦੇ ਸਮਰੱਥ: ਮੋਦੀ
Next articleਰਾਹੁਲ ਨੇ ਸ਼ਹੀਦ ਦੇ ਜਜ਼ਬੇ ਨੂੰ ਕੀਤਾ ਸਲਾਮ