ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਰਿਕਾਰਡ 5611 ਨਵੇਂ ਕੇਸਾਂ ਨਾਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 1,06,750 ਹੋ ਗਈ ਹੈ ਜਦੋਂਕਿ 140 ਹੋਰ ਮੌਤਾਂ ਨਾਲ ਕਰੋਨਾਵਾਇਰਸ ਕਰਕੇ ਦਮ ਤੋੜਨ ਵਾਲਿਆਂ ਦਾ ਅੰਕੜਾ 3303 ਨੂੰ ਅੱਪੜ ਗਿਆ ਹੈ।
ਕੁੱਲ ਕੇਸਾਂ ’ਚੋਂ ਸਰਗਰਮ ਕੇਸਾਂ ਦੀ ਗਿਣਤੀ 61,149 ਹੈ ਤੇ ਹੁਣ ਤਕ 42,297 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ ਹਨ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਤਕ 39.62 ਫੀਸਦ ਮਰੀਜ਼ ਵਾਇਰਸ ਦੀ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ। ਖ਼ਬਰ ਏਜੰਸੀ ਪੀਟੀਆਈ ਨੇ ਵੱਖ ਵੱਖ ਰਾਜਾਂ ਤੋਂ ਪ੍ਰਾਪਤ ਅੰਕੜਿਆਂ ਦੇ ਅਧਾਰ ’ਤੇ ਕੋਵਿਡ ਕੇਸਾਂ ਦੀ ਗਿਣਤੀ 1,10,590 ਤੇ ਮੌਤਾਂ ਦੀ ਗਿਣਤੀ 3355 ਦੱਸੀ ਹੈ।
ਮੰਗਲਵਾਰ ਸਵੇਰ ਤੋਂ ਹੁਣ ਤਕ ਰਿਪੋਰਟ ਹੋਈਆਂ 140 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 76, ਗੁਜਰਾਤ ’ਚ 25, ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ’ਚ 6-6, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ 5-5, ਤਾਮਿਲ ਨਾਡੂ, ਕਰਨਾਟਕ ਤੇ ਤਿਲੰਗਾਨਾ ’ਚ 3-3, ਆਂਧਰਾ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਅਸਾਮ ’ਚ 2-2 ਅਤੇ ਉੜੀਸਾ ਤੇ ਪੰਜਾਬ ’ਚ ਇਕ ਇਕ ਵਿਅਕਤੀ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ।
ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਸਰਗਰਮ ਕੋਵਿਡ-19 ਕੇਸਾਂ ’ਚੋਂ 6.39 ਫੀਸਦ ਨੂੰ ਹੀ ਹਸਪਤਾਲ ਵਿੱਚ ਇਲਾਜ ਦੀ ਲੋੜ ਹੈ। ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕੋਵਿਡ-19 ਹਾਲਾਤ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ-19 ਕੇਸਾਂ ’ਚੋਂ 2.94 ਫੀਸਦ ਨੂੰ ਆਕਸੀਜਨ ਸਪੋਰਟ ਜਦੋਂਕਿ ਤਿੰਨ ਫੀਸਦ ਨੂੰ ਆਈਸੀਯੂ ਤੇ 0.45 ਫੀਸਦ ਨੂੰ ਵੈਂਟੀਲੇਟਰ ਦੀ ਲੋੜ ਹੈ।