ਰਿਆਲ ਮੈਡਰਿਡ ਦਾ ਰਵਾਇਤੀ ਵਿਰੋਧੀ ਬਾਰਸੀਲੋਨਾ ਜਿੱਥੇ ਲਾ ਲੀਗਾ ਖ਼ਿਤਾਬ ਜਿੱਤਣ ਵਿੱਚ ਸਫਲ ਰਿਹਾ, ਉਥੇ ਜ਼ਿਨੇਡਿਨ ਜ਼ਿਡਾਨ ਦੀ ਟੀਮ ਨੂੰ 19ਵੇਂ ਸਥਾਨ ’ਤੇ ਕਾਬਜ਼ ਰਾਯੋ ਵਾਲਕੈਨੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਰਿਆਲ ਮੈਡਰਿਡ ਲਾ ਲੀਗਾ ਫੁਟਬਾਲ ਟੂਰਨਾਮੈਂਟ ਦੇ ਨਵੇਂ ਚੈਂਪੀਅਨ ਤੋਂ 18 ਅੰਕ ਪੱਛੜ ਗਿਆ ਹੈ।
ਵਾਲੇਕਾਸ ਵਿੱਚ ਐਤਵਾਰ ਨੂੰ ਖੇਡੇ ਗਏ ਮੈਚ ਵਿੱਚ ਰਾਯੋ ਨੇ ਰਿਆਲ ਮੈਡਰਿਡ ’ਤੇ 1-0 ਗੋਲ ਨਾਲ ਜਿੱਤ ਦਰਜ ਕੀਤੀ। ਇਸ ਤਰ੍ਹਾਂ ਜ਼ਿਦਾਨ ਦੇ ਦੂਜੇ ਕਾਰਜਕਾਲ ਵਿੱਚ ਰਿਆਲ ਨੇ ਜਿਹੜੇ ਅੱਠ ਮੈਚ ਖੇਡੇ ਸਨ, ਉਨ੍ਹਾਂ ਵਿੱਚੋਂ ਸਿਰਫ਼ ਚਾਰ ਵਿੱਚ ਹੀ ਉਸ ਨੂੰ ਜਿੱਤ ਮਿਲੀ ਹੈ। ਮੈਡਰਿਡ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜ਼ਿਦਾਨ ਦੇ ਕੋਚ ਵਜੋਂ ਵਾਪਸੀ ਦੇ ਬਾਵਜੂਦ ਟੀਮ ਵਿੱਚ ਕੋਈ ਸੁਧਾਰ ਵੇਖਣ ਨੂੰ ਨਹੀਂ ਮਿਲਿਆ।
ਰਾਯੋ ਨੇ ਇਹ ਜਿੱਤ ਅਡਰੀ ਇੰਬਾਰਬਾ ਦੇ ਪੈਨਲਟੀ ’ਤੇ ਦਾਗ਼ੇ ਗਏ ਗੋਲ ਨਾਲ ਦਰਜ ਕੀਤੀ। ਵੀਏਆਰ ਰਾਹੀਂ ਉਸ ਨੂੰ ਇਹ ਪੈਨਲਟੀ ਮਿਲੀ ਸੀ। ਇਸ ਜਿੱਤ ਨਾਲ ਰਾਯੋ ਉਪਰੋਂ ਹੇਠਲੇ ਪੱਧਰ ’ਤੇ ਖਿਸਕਣ ਦਾ ਖ਼ਤਰਾ ਵੀ ਘੱਟ ਹੋ ਗਿਆ ਹੈ। ਉਹ ਛੇ ਅੰਕਾਂ ਨਾਲ ਅੱਗ ਵਧ ਗਈ ਹੈ, ਜਦੋਂ ਕਿ ਉਸ ਦੇ ਤਿੰਨ ਮੈਚ ਖੇਡੇ ਜਾਣੇ ਹਾਲੇ ਬਾਕੀ ਹਨ।
ਮੈਡਰਿਡ ਦੇ ਰਵਾਇਤੀ ਵਿਰੋਧੀ ਬਾਰਸੀਲੋਨਾ ਕਲੱਬ ਦੇ ਖਿਡਾਰੀ ਜਿੱਥੇ ਆਪਣੇ ਬੱਚਿਆਂ ਨਾਲ ਪੰਜ ਸਾਲਾਂ ਵਿੱਚ ਆਪਣਾ ਚੌਥਾ ਲਾ ਲੀਗਾ ਖ਼ਿਤਾਬ ਜਿੱਤਣ ਦੀ ਕੈਂਪ ਨਾਓ ਗਰਾਊਂਡ ਵਿੱਚ ਖ਼ੁਸ਼ੀ ਮਨਾ ਰਿਹਾ ਸੀ, ਉਥੇ 33 ਖ਼ਿਤਾਬ ਜਿੱਤ ਚੁੱਕੀ ਜ਼ਿਦਾਨ ਦੀ ਟੀਮ ਹਾਰ ਕਾਰਨ ਨਿਰਾਸ਼ਾ ਵਿੱਚ ਡੁੱਬੀ ਹੋਈ ਸੀ। ਬਾਰਸੀਲੋਨਾ ਨੇ ਸ਼ਨਿੱਚਰਵਾਰ ਨੂੰ ਲਵਾਂਤੇ ਨੂੰ ਹਰਾ ਕੇ ਤਿੰਨ ਮੈਚ ਬਾਕੀ ਰਹਿੰਦਿਆਂ ਆਪਣਾ 26ਵਾਂ ਖ਼ਿਤਾਬ ਜਿੱਤਿਆ ਸੀ। ਜ਼ਿਡਾਨ ਨੇ ਆਪਣੀ ਟੀਮ ਦੇ ਖ਼ਰਾਬ ਪ੍ਰਦਰਸ਼ਨ ਲਈ ਮੁਆਫ਼ੀ ਮੰਗੀ ਹੈ। ਉਸ ਨੇ ਕਿਹਾ, ‘‘ਕਈ ਵਾਰ ਤੁਸੀਂ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਸਕੋਰ ਨਹੀਂ ਬਣਾ ਪਾਉਂਦੇ, ਪਰ ਅੱਜ ਤਾਂ ਅਸੀਂ ਮੌਕੇ ਵੀ ਨਹੀਂ ਬਣਾ ਸਕੇ। ਅਸੀਂ ਵਧੀਆ ਨਹੀਂ ਖੇਡੇ।’’ ਜ਼ਿਡਾਨ ਨੇ ਕਿਹਾ, ‘‘ਇਸ ਸਭ ਕਾਸੇ ਦੇ ਲਈ ਮੈਂ ਜ਼ਿੰਮੇਵਾਰ ਹਾਂ ਨਾ ਕਿ ਖਿਡਾਰੀ। ਅੱਜ ਦੇ ਖ਼ਰਾਬ ਪ੍ਰਦਰਸ਼ਨ ਲਈ ਮੈਂ ਸਾਰਿਆਂ ਤੋਂ ਮੁਆਫ਼ੀ ਚਾਹੁੰਦਾ ਹਾਂ।’’
Sports ਰਿਆਲ ਮੈਡਰਿਡ ਦਾ ਲਾ ਲੀਗਾ ਵਿੱਚ ਖ਼ਰਾਬ ਪ੍ਰਦਰਸ਼ਨ ਜਾਰੀ