ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੂੰ ਅੱਧੀ ਰਾਤ ਨੂੰ ਜਬਰੀ ਛੁੱਟੀ ’ਤੇ ਭੇਜਣ ਅਤੇ ਜ਼ਿੰਮੇਵਾਰੀਆਂ ਤੋਂ ਫਾਰਗ ਕਰਨ ਖ਼ਿਲਾਫ਼ ਅੱਜ ਇਥੇ ਸੈਂਕੜੇ ਪਾਰਟੀ ਵਰਕਰਾਂ ਨਾਲ ਕੇਂਦਰੀ ਜਾਂਚ ਏਜੰਸੀ ਦੇ ਸਦਰਮੁਕਾਮ ਵੱਲ ਮਾਰਚ ਕਰਦਿਆਂ ਗ੍ਰਿਫ਼ਤਾਰੀਆਂ ਦਿੱਤੀਆਂ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਇਸ ਸਾਰੇ ਘਟਨਾਕ੍ਰਮ ਲਈ ਮੁਆਫ਼ੀ ਮੰਗਣ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੁਲਕ ਦੀ ਹਰ ਸੰਸਥਾ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ‘ਚੌਕੀਦਾਰ’ ਨੂੰ ਚੋਰੀ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ‘ਸਚਾਈ’ ਤੋਂ ਭੱਜ ਸਕਦੇ ਹਨ, ਪਰ ਉਹ ਕਿਤੇ ਲੁਕ ਨਹੀਂ ਸਕਦੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਸੱਚ’ ਬਾਹਰ ਆਏਗਾ ਤੇ ਸੀਬੀਆਈ ਡਾਇਰੈਕਟਰ ਨੂੰ ਲਾਂਭੇ ਕੀਤੇ ਜਾਣ ਨਾਲ ਇਹ ਬਦਲੇਗਾ ਨਹੀਂ। ਇਸ ਦੌਰਾਨ ਕਾਂਗਰਸ ਵੱਲੋਂ ਪਟਨਾ, ਚੰਡੀਗੜ੍ਹ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸੀਬੀਆਈ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਪ੍ਰਧਾਨ ਨੇ ਅੱਜ ਦੇਸ਼ ਭਰ ਵਿੱਚ ਸੀਬੀਆਈ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣ ਦੇ ਪ੍ਰੋਗਰਾਮ ਤਹਿਤ ਸੈਂਕੜੇ ਪਾਰਟੀ ਵਰਕਰਾਂ ਨਾਲ ਇਥੇ ਲੋਧੀ ਰੋਡ ਸਥਿਤ ਦਿਆਲ ਸਿੰਘ ਕਾਲਜ ਤੋਂ ਸੀਬੀਆਈ ਦੇ ਸਦਰਮੁਕਾਮ (ਲਗਪਗ ਇਕ ਕਿਲੋਮੀਟਰ) ਤੱਕ ਮਾਰਚ ਕੀਤਾ। ਮਗਰੋਂ ਸ੍ਰੀ ਗਾਂਧੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਅਸ਼ੋਕ ਗਹਿਲੋਤ ਤੇ ਭੁਪਿੰਦਰ ਸਿੰਘ ਹੂਡਾ ਸਮੇਤ ਹੋਰਨਾਂ ਨਾਲ ਗ੍ਰਿਫ਼ਤਾਰੀਆਂ ਦਿੱਤੀਆਂ। ਲੋਧੀ ਕਾਲੋਨੀ ਪੁਲੀਸ ਸਟੇਸ਼ਨ ਵਿੱਚ ਗ੍ਰਿਫ਼ਤਾਰੀ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ, ‘ਚੌਕੀਦਾਰ ਨੇ ਭਾਰਤੀ ਹਵਾਈ ਸੈਨਾ ਤੇ ਨੌਜਵਾਨਾਂ ਤੋਂ ਪੈਸਾ ਚੋਰੀ ਕੀਤਾ ਹੈ, ਤੇ ਸਾਰਾ ਮੁਲਕ ਇਸ ਗੱਲ ਨੂੰ ਸਮਝਦਾ ਹੈ। ਪ੍ਰਧਾਨ ਮੰਤਰੀ ਭੱਜ ਸਕਦੇ ਹਨ, ਪਰ ਉਹ ਇਸ ਸਚਾਈ ਤੋਂ ਲੁਕ ਨਹੀਂ ਸਕਦੇ।’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਭ੍ਰਿਸ਼ਟਾਚਾਰ ਦੇ ਆਪਣੇ ਦੋਸ਼ ਦੁਹਰਾਉਂਦਿਆਂ ਕਿਹਾ ਕਿ ਮੋਦੀ ਨੇ ਅਨਿਲ ਅੰਬਾਨੀ ਦੀ ਜੇਬ੍ਹ ਵਿੱਚ 30 ਹਜ਼ਾਰ ਕਰੋੜ ਰੁਪਏ ਪਾਏ ਹਨ ਤੇ ਇਹ ਸੱਚਾਈ ਸੀਬੀਆਈ ਡਾਇਰੈਕਟਰ ਨੂੰ ਹਟਾਏ ਜਾਣ ਨਾਲ ਬਦਲ ਨਹੀਂ ਜਾਵੇਗੀ। ਇਸ ਤੋਂ ਪਹਿਲਾਂ ਕਾਂਗਰਸ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਬੀਆਈ, ਚੋਣ ਕਮਿਸ਼ਨ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਸੰਸਥਾਵਾਂ ਨੂੰ ਤਬਾਹ ਕਰ ਦਿੱਤਾ ਹੈ। ਰੋਸ ਮਾਰਚ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਅਹਿਮਦ ਪਟੇਲ, ਮੋਤੀਲਾਲ ਵੋਹਰਾ, ਵੀਰੱਪਾ ਮੋਇਲੀ ਤੇ ਆਨੰਦ ਸ਼ਰਮਾ ਤੋਂ ਇਲਾਵਾ ਲੋਕਤਾਂਤਰਿਕ ਜਨਤਾ ਦਲ ਦੇ ਆਗੂ ਸ਼ਰਦ ਯਾਦਵ, ਸੀਪੀਆਈ ਆਗੂ ਡੀ.ਰਾਜਾ ਤੇ ਤ੍ਰਿਣਮੂਲ ਕਾਂਗਰਸ ਦੇ ਨਦੀਮੁਲ ਹੱਕ ਵੀ ਸ਼ਾਮਲ ਸਨ। ਸ੍ਰੀ ਗਹਿਲੋਤ ਨੇ ਕਿਹਾ ਕਿ ਸੀਬੀਆਈ ਡਾਇਰੈਕਟਰ ਨੂੰ ਲਾਂਭੇ ਕੀਤੇ ਜਾਣ ਦਾ ਫ਼ੈਸਲਾ ‘ਗ਼ੈਰਕਾਨੂੰਨੀ ਤੇ ਗੈਰਸੰਵਿਧਾਨਕ’ ਹੈ।