ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਡੁੱਬੇ ਕਰਜ਼ਿਆਂ ਦਾ ਮੁੱਦਾ ਚੁੱਕਿਆ ਅਤੇ ਜਾਣ-ਬੁੱਝ ਕੇ ਕਰਜ਼ਾ ਨਾ ਮੋੜਨ ਵਾਲੇ 50 ਸਿਖਰਲੇ ਡਿਫਾਲਟਰਾਂ ਦੀ ਸੂਚੀ ਮੰਗੀ। ਇਸ ਤੋਂ ਬਾਅਦ ਸਦਨ ਵਿੱਚ ਰੌਲਾ-ਰੱਪਾ ਪੈ ਗਿਆ ਅਤੇ ਕਾਂਗਰਸੀ ਮੈਂਬਰਾਂ ਨੇ ਵਾਕ-ਆਊਟ ਕਰ ਦਿੱਤਾ ਕਿਉਂਕਿ ਗਾਂਧੀ ਨੂੰ ਪ੍ਰਸ਼ਨ ਕਾਲ ਦੌਰਾਨ ਡਿਫਾਲਟਰਾਂ ਬਾਰੇ ਦੂਜਾ ਪੂਰਕ ਪੁੱਛਣ ਦੀ ਆਗਿਆ ਨਹੀਂ ਦਿੱਤੀ ਗਈ। ਇਹ ਹੰਗਾਮਾ ਉਦੋਂ ਹੋਇਆ ਜਦੋਂ ਸਪੀਕਰ ਓਮ ਬਿਰਲਾ ਨੇ ਨਿਰਧਾਰਿਤ ਸਮਾਂ ਪੂਰਾ ਹੋਣ ’ਤੇ ਪ੍ਰਸ਼ਨ ਕਾਲ ਦੀ ਸਮਾਪਤੀ ਐਲਾਨ ਦਿੱਤੀ।
ਪਹਿਲਾ ਪੂਰਕ ਸੁਆਲ ਪੁੱਛੇ ਜਾਣ ਮੌਕੇ ਗਾਂਧੀ ਨੇ ਕਿਹਾ ਕਿ ਉਹ ਜਾਣ-ਬੁੱਝ ਕੇ ਕਰਜ਼ਾ ਨਾ ਮੋੜਨ ਵਾਲੇ 50 ਸਿਖਰਲੇ ਡਿਫਾਲਟਰਾਂ ਦੀ ਸੂਚੀ ਜਾਣਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਮਿਲੇ ਜਵਾਬ ਵਿੱਚ ਸਹੀ ਉੱਤਰ ਨਹੀਂ ਮਿਲਿਆ। ਉਨ੍ਹਾਂ ਕਿਹਾ, ‘‘ਭਾਰਤੀ ਅਰਥ-ਵਿਵਸਥਾ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ। ਬੈਂਕਿੰਗ ਪ੍ਰਣਾਲੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਬੈਂਕਿੰਗ ਫੇਲ੍ਹ ਹੋ ਰਹੀ ਹੈ ਅਤੇ ਹੋਰ ਕਈ ਬੈਂਕ ਫੇਲ੍ਹ ਹੋਣ ਵਾਲੇ ਹਨ। ਬੈਂਕਾਂ ਦੇ ਫੇਲ੍ਹ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਵੱਡੀ ਗਿਣਤੀ ਲੋਕਾਂ ਵਲੋਂ ਬੈਂਕ ਦਾ ਪੈਸਾ ਚੋਰੀ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕਹਿ ਚੁੱਕੇ ਹਨ ਕਿ ਜਿਨ੍ਹਾਂ ਨੇ ਪੈਸਾ ਚੋਰੀ ਕੀਤਾ ਹੈ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ। ਪਰ ਮੈਨੂੰ ਆਪਣੇ ਸਰਲ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ।’’ ਇਸ ਸਵਾਲ ਦਾ ਜਵਾਬ ਵਿੱਤ ਮਾਮਲਿਆਂ ਬਾਰੇ ਰਾਜ ਮੰਤਰੀ ਅਨੁਰਾਗ ਠਾਕੁਰ ਦੇਣ ਲੱਗੇ ਤਾਂ ਗਾਂਧੀ ਅਤੇ ਸਦਨ ਦੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਸਵਾਲ ਦਾ ਜਵਾਬ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਜੋ ਉਸ ਵੇਲੇ ਸਦਨ ਵਿੱਚ ਮੌਜੂਦ ਸਨ, ਵਲੋਂ ਦਿੱਤਾ ਜਾਵੇ। ਇਸ ’ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਸ਼ਨ ਕਾਲ ਵਿੱਚ ਆਮ ਤੌਰ ’ਤੇ ਜੂਨੀਅਰ ਮੰਤਰੀਆਂ ਵਲੋਂ ਜਵਾਬ ਦਿੱਤੇ ਜਾਂਦੇ ਹਨ। ਠਾਕੁਰ ਨੇ ਕਿਹਾ ਕਿ ਕਾਂਗਰਸ ਵਲੋਂ ਪਿਛਲੀ ਯੂਪੀਏ ਸਰਕਾਰ ਦੌਰਾਨ ਬੈਂਕਾਂ ਵਿੱਚ ਹੋਈਆਂ ਧਾਂਦਲੀਆਂ ਦਾ ਦੋਸ਼ ਐੱਨਡੀਏ ਸਰਕਾਰ ਸਿਰ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਬੈਂਕਾਂ ਦੇ ਅਸਾਸਿਆਂ ਦਾ ਮਿਆਰ ਅਤੇ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, ‘‘25 ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਸਾਰੇ ਬੈਂਕ ਡਿਫਾਲਟਰਾਂ ਦੀ ਸੂਚੀ ਕੇਂਦਰੀ ਸੂਚਨਾ ਕਮਿਸ਼ਨ ਦੀ ਵੈੱਬਸਾਈਟ ’ਤੇ ਪਈ ਹੈ। ਮੇਰੇ ਕੋਲ ਸੂਚੀ ਹੈ ਅਤੇ ਜੇਕਰ ਸਪੀਕਰ ਇਜਾਜ਼ਤ ਦੇਣ ਤਾਂ ਮੈਂ ਇਸ ਨੂੰ ਸਦਨ ਵਿੱਚ ਰੱਖਣ ਲਈ ਤਿਆਰ ਹਾਂ।’’
ਯੈੱਸ ਬੈਂਕ ਦੇ ਸੰਕਟ ਬਾਰੇ ਠਾਕੁਰ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬੈਂਕਾਂ ਸੁਰੱਖਿਅਤ ਹਨ ਅਤੇ ਯੈੱਸ ਬੈਂਕ ਵਿੱਚ ਜਮ੍ਹਾਂ ਕਰਾਇਆ ਪੈਸਾ ਵੀ ਸੁਰੱਖਿਅਤ ਹੈ। ਇਸ ਮਗਰੋਂ ਸਪੀਕਰ ਨੇ ਪ੍ਰਸ਼ਨ ਕਾਲ ਸਮਾਪਤ ਕਰ ਦਿੱਤਾ, ਜਿਸ ਦਾ ਗਾਂਧੀ ਨੇ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਨਿਯਮ ਮੁਤਾਬਕ ਉਨ੍ਹਾਂ ਨੂੰ ਦੂਜਾ ਪੂਰਕ ਪੁੱਛਣ ਦਾ ਮੌਕਾ ਦਿੱਤਾ ਜਾਵੇ ਪਰ ਸਪੀਕਰ ਨੇ ਗਾਂਧੀ ਦੀ ਬੇਨਤੀ ਅਣਗੌਲਿਆ ਕਰ ਦਿੱਤੀ ਅਤੇ ਸਦਨ ਦੀ ਅਗਲੀ ਕਾਰਵਾਈ ਜਾਰੀ ਰੱਖੀ। ਇਸ ’ਤੇ ਗਾਂਧੀ, ਚੌਧਰੀ ਅਤੇ ਦਰਜਨ ਕਾਂਗਰਸੀ ਮੈਂਬਰ ਸਦਨ ਦੇ ਵਿਚਾਲੇ ਚਲੇ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਸਪੀਕਰ ਵਲੋਂ ਅਣਗੌਲਿਆ ਕਰਨ ’ਤੇ ਕਾਂਗਰਸੀ ਮੈਂਬਰ ਵਾਕਆਊਟ ਕਰ ਗਏ।
HOME ਰਾਹੁਲ ਵਲੋਂ ਡੁੱਬੇ ਕਰਜ਼ਿਆਂ ਦਾ ਮੁੱਦਾ ਚੁੱਕਣ ’ਤੇ ਲੋਕ ਸਭਾ ’ਚ ਹੰਗਾਮਾ