ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੌਮੀ ਰਾਜਧਾਨੀ ਦਿੱਲੀ ਨੂੰ ‘ਪੂਰਨ ਰਾਜ’ ਦਾ ਦਰਜਾ ਦਿਵਾਉਣ ਵਿੱਚ ਮਦਦ ਕਰਨਗੇ ਤਾਂ ਉਹ ਪ੍ਰਧਾਨ ਮੰਤਰੀ ਅਹੁਦੇ ਲਈ ਸ੍ਰੀ ਗਾਂਧੀ ਦਾ ਸਮਰਥਨ ਕਰਨ ਨੂੰ ਤਿਆਰ ਹਨ।
ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੂੰ ਛੱਡ ਕੇ ਜਿਹੜੀ ਵੀ ਪਾਰਟੀ ਕੇਂਦਰ ਵਿੱਚ ਸਰਕਾਰ ਬਣਾਏਗੀ, ‘ਆਪ’ ਉਸ ਦਾ ਸਮਰਥਨ ਕਰੇਗੀ। ਸ੍ਰੀ ਕੇਜਰੀਵਾਲ ਨੇ ਕਿਹਾ, ‘‘ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਾਮ ਜੇਕਰ ਪ੍ਰਧਾਨ ਮੰਤਰੀ ਅਹੁਦੇ ਲਈ ਆਇਆ ਤਾਂ ਉਨ੍ਹਾਂ ਦਾ ਸਮਰਥਨ ਕਰਾਂਗੇ ਕਿਉਂਕਿ ਉਹ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ ਪਹਿਲਾਂ ਹੀ ਰਾਜ਼ੀ ਹਨ।’’
ਉਧਰ ਕਾਂਗਰਸ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਪੀ ਸੀ ਚਾਕੋ ਨੇ ਕਿਹਾ ਕਿ ‘ਆਪ’ ਦੀ ਨਜ਼ਰ ਸਿਰਫ਼ ਦਿੱਲੀ ’ਤੇ ਹੈ ਪਰ ਇਹ ਕੌਮੀ ਚੋਣਾਂ ਹਨ ਅਤੇ ਉਨ੍ਹਾਂ ਨੂੂੰ ਦਿੱਲੀ ਤੋਂ ਅੱਗੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣਾ ਇੰਨਾ ਆਸਾਨ ਨਹੀਂ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਭਾਜਪਾ ਪਹਿਲਾਂ ਚੋਣਾਂ ਦੌਰਾਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਵਾਅਦਾ ਦਿੱਲੀ ਦੇ ਵੋਟਰਾਂ ਨਾਲ ਕਰ ਚੁੱਕੀਆਂ ਹਨ। ‘ਆਪ’ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਸਬੰਧੀ ਇਸ ਵਾਰ ਮੁੱਖ ਮੁੱਦਾ ਬਣਾਇਆ ਹੈ।
INDIA ਰਾਹੁਲ ਪੂਰਨ ਰਾਜ ਦਾ ਭਰੋਸਾ ਦੇਣ ਤਾਂ ਸਮਰਥਨ ਕਰਾਂਗੇ: ਕੇਜਰੀਵਾਲ