ਰਾਏਪੁਰ (ਸਮਾਜਵੀਕਲੀ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਗਲਵਾਨ ਵਾਦੀ ’ਚ ਸ਼ਹੀਦ ਹੋਏ ਫ਼ੌਜੀ ਜਵਾਨ ਤਿਰੂ ਕੇ. ਪਲਾਨੀ ਦੀ ਪਤਨੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਕੌਮੀ ਨਾਇਕ ਦੱਸਿਆ ਹੈ। ਰਾਹੁਲ ਨੇ ਕਿਹਾ ਕਿ ਦੇਸ਼ ਉਨ੍ਹਾਂ ਦੇ ਬਲਿਦਾਨ ਅੱਗੇ ਸਿਰ ਝੁਕਾਉਂਦਾ ਹੈ। ਭਾਰਤੀ ਫ਼ੌਜ ਦੇ ਸ਼ਹੀਦ ਹੌਲਦਾਰ ਕੇ. ਪਲਾਨੀ ਦੀ ਪਤਨੀ ਵਨਤੀ ਦੇਵੀ ਨੂੰ ਲਿਖੇ ਪੱਤਰ ਵਿਚ ਕਾਂਗਰਸੀ ਆਗੂ ਨੇ ਕਿਹਾ ਕਿ ਜਵਾਨ ਨੇ ਆਪਣੀ ਜ਼ਿੰਦਗੀ ਮੁਲਕ ਦੇ ਲੇਖੇ ਲਾ ਦਿੱਤੀ ਤਾਂ ਕਿ ਹਰੇਕ ਭਾਰਤੀ ਸ਼ਾਂਤੀ ਤੇ ਆਜ਼ਾਦੀ ਨਾਲ ਜੀਵਨ ਬਸਰ ਕਰ ਸਕੇ।
ਮੁਲਕ ਉਨ੍ਹਾਂ ਦੇ ਦੇਸ਼ਭਗਤੀ ਦੇ ਜਜ਼ਬੇ ਨੂੰ ਕਦੇ ਨਹੀਂ ਵਿਸਾਰ ਸਕੇਗਾ। ਪਲਾਨੀ ਕੌਮੀ ਨਾਇਕ ਹਨ ਤੇ ਸਾਨੂੰ ਇਸ ਨੁਕਸਾਨ ਦਾ ਅਫ਼ਸੋਸ ਹੈ। ਰਾਹੁਲ ਨੇ ਇਸ ਤ੍ਰਾਸਦੀ ਨੂੰ ਸਹਿਣ ਕਰ ਰਹੀ ਸ਼ਹੀਦ ਦੀ ਪਤਨੀ ਤੇ ਬਾਕੀ ਪਰਿਵਾਰ ਦੇ ਹੌਸਲੇ ਨੂੰ ਵੀ ਸਲਾਮ ਕੀਤਾ। ਪਲਾਨੀ ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਨਾਲ ਸਬੰਧਤ ਸਨ।
ਗਲਵਾਨ (ਲੱਦਾਖ) ਵਿਚ ਸ਼ਹੀਦ ਹੋਣ ਵਾਲੇ ਛੱਤੀਸਗੜ੍ਹ ਨਾਲ ਸਬੰਧਤ 27 ਸਾਲਾ ਭਾਰਤੀ ਫ਼ੌਜ ਦੇ ਸਿਪਾਹੀ ਗਣੇਸ਼ ਰਾਮ ਕੁੰਜਮ ਦਾ ਅਗਲੇ ਵਰ੍ਹੇ ਵਿਆਹ ਰੱਖਿਆ ਹੋਇਆ ਸੀ। ਕੰਕਰ ਜ਼ਿਲ੍ਹੇ ਵਿਚ ਉਨ੍ਹਾਂ ਦੇ ਪਿੰਡ ਵਿਚ ਸੋਗ ਦਾ ਮਾਹੌਲ ਹੈ ਪਰ ਪਰਿਵਾਰ ਨੂੰ ਕੁੰਜਮ ਵੱਲੋਂ ਦੇਸ਼ ਲਈ ਦਿੱਤੀ ਸ਼ਹੀਦੀ ਉਤੇ ਮਾਣ ਹੈ। ਉਹ 12ਵੀਂ ਕਰਨ ਮਗਰੋਂ 2011 ਵਿਚ ਫ਼ੌਜ ’ਚ ਭਰਤੀ ਹੋਇਆ ਸੀ।