ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਹਿਮਦਾਬਾਦ ਜ਼ਿਲ੍ਹਾ ਕੋਪਾਰੇਟਿਵ ਬੈਂਕ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅੱਜ ਜ਼ਮਾਨਤ ਮਿਲ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੈਂਕ ਦੇ ਡਾਇਰੈਕਟਰਾਂ ’ਚ ਸ਼ਾਮਲ ਹਨ ਜਦੋਂਕਿ ਅਜੈ ਪਟੇਲ ਚੇਅਰਮੈਨ ਹਨ। ਵਧੀਕ ਮੁੱਖ ਮੈਟਰੋਪੌਲਿਟਨ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਹੁੰਦਿਆਂ ਰਾਹੁਲ ਨੇ ਖੁ਼ਦ ਨੂੰ ਨਿਰਦੋਸ਼ ਦੱਸਿਆ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਵਿਚਾਰਧਾਰਕ ਲੜਾਈ ਨੂੰ ਲੋਕਾਂ ਵਿੱਚ ਲਿਜਾਣ ਦਾ ਮੌਕਾ ਦੇਣ ਲਈ ਆਰਐੱਸਐੱਸ ਤੇ ਭਾਜਪਾ ਦੇ ਸ਼ੁਕਰਗੁਜ਼ਾਰ ਹਨ। ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਨੇ ਪਿਛਲੇ ਸਾਲ ਇਕ ਟਵੀਟ ’ਚ ਦਾਅਵਾ ਕੀਤਾ ਸੀ ਕਿ ਉਪਰੋਕਤ ਕੋਆਪਰੇਟਿਵ ਬੈਂਕ ਨੇ 8 ਨਵੰਬਰ 2016 ਨੂੰ ਨੋਟਬੰਦੀ ਦੇ ਐਲਾਨ ਦੇ ਪੰਜ ਦਿਨਾਂ ਅੰਦਰ 750 ਕਰੋੜ ਰੁਪਏ ਦੀ ਸਕਰੈਪ ਕਰੰਸੀ ਵੈਧ ਨੋਟਾਂ ਨਾਲ ਵਟਾਈ ਸੀ। ਅੱਜ ਪੇਸ਼ੀ ਮੌਕੇ ਵਧੀਕ ਮੈਟਰੋਪੌਲਿਟਨ ਮੈਜਿਸਟਰੇਟ ਐੱਨ.ਬੀ.ਮੁਨਸ਼ੀ ਨੇ ਜਦੋਂ ਗਾਂਧੀ ਨੂੰ ਪੁੱਛਿਆ ਕਿ ਉਹ ਦੋਸ਼ਾਂ ਨੂੰ ਸਵੀਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਖ਼ੁਦ ਨਿਰਦੋਸ਼ ਦੱਸਿਆ। ਇਸ ਮਗਰੋਂ ਗਾਂਧੀ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦਿੱਤੀ, ਜਿਸ ਨੂੰ ਜੱਜ ਨੇ ਸਵੀਕਾਰ ਕਰ ਲਿਆ। ਇਸ ਤੋਂ ਪਹਿਲਾਂ ਅਹਿਮਦਾਬਾਦ ਪੁੱਜਦਿਆਂ ਹੀ ਰਾਹੁਲ ਨੇ ਇਕ ਟਵੀਟ ’ਚ ਕਿਹਾ, ‘ਮੈਂ ਵਿਚਾਰਧਾਰਾ ਦੀ ਲੜਾਈ ਨੂੰ ਲੋਕਾਂ ਤਕ ਪਹੁੰਚਾਉਣ ਲਈ ‘ਮੌਕੇ ਅਤੇ ਮੰਚ’ ਮੁਹੱਈਆ ਕਰਵਾਉਣ ਬਦਲੇ ਉਨ੍ਹਾਂ (ਆਰਐਸਐਸ ਤੇ ਭਾਜਪਾ) ਦਾ ਧੰਨਵਾਦ ਕਰਦਾ ਹਾਂ।’ ਇਸ ਦੌਰਾਨ ਰਾਹੁਲ ਨੇ ਕਿਹਾ ਕਿ ਭਾਜਪਾ ‘ਪੈਸੇ ਦੇ ਜ਼ੋਰ’ ਉੱਤੇ ਸਰਕਾਰਾਂ ਦੇ ਤਖ਼ਤੇ ਪਲਟਦੀ ਰਹੀ ਹੈ ਤੇ ਭਗਵੀਂ ਪਾਰਟੀ ਇਹੀ ਕੁਝ ਕਰਨਾਟਕ ਵਿੱਚ ਕਰ ਰਹੀ ਹੈ। ਉਨ੍ਹਾਂ ਕਿਹਾ, ‘ਪਹਿਲਾਂ ਗੋਆ, ਫਿਰ ਉੱਤਰ ਪੂਰਬ ਤੇ ਹੁਣ ਕਰਨਾਟਕ ਵਿੱਚ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕੋਲ ਪੈਸਾ ਤੇ ਤਾਕਤ ਹੈ, ਜਿਸ ਦੀ ਉਹ ਵਰਤੋਂ ਕਰ ਰਹੇ ਹਨ। ਇਹੀ ਸਚਾਈ ਹੈ।’
INDIA ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ’ਚ ਜ਼ਮਾਨਤ