1984 ਦੇ ਸਿੱਖ ਕਤਲੇਆਮ ਦੇ ਮਾਮਲੇ ਨੂੰ ਲੈ ਕੇ ਇੱਕ ਵਾਰ ਫਿਰ ਸਿਆਸਤ ਭਖ ਚੁੱਕੀ ਹੈ। ਸੈਮ ਪਿਤਰੋਦਾ ਦੀ ਗ਼ੈਰ-ਜ਼ਿੰਮੇਵਾਰਾਨਾ ਟਿੱਪਣੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਬੂਲਨਾਮੇ ਮਗਰੋਂ ਪੰਜਾਬ ਦੇ ਗਰਮ ਖ਼ਿਆਲੀਆਂ ਅਤੇ ਸਿੱਖ ਜਥੇਬੰਦੀਆਂ ਅੰਦਰ ਕਾਂਗਰਸ ਖ਼ਿਲਾਫ਼ ਰੋਸ ਵਧ ਗਿਆ ਹੈ। ਇਸ ਕਾਰਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ ’ਤੇ ਵੀ ਖ਼ਤਰੇ ਦੇ ਬਾਦਲ ਛਾ ਗਏ ਹਨ। ਰਾਹੁਲ ਦੇ ਨਾਲ ਨਾਲ ਹੋਰਨਾਂ ਸੀਨੀਅਰ ਕਾਂਗਰਸੀ ਆਗੂਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪੁਲੀਸ ਸੁਰੱਖਿਆ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਚਾਹੁੰਦੀ। ਮਈ 13 ਨੂੰ ਖੰਨਾ ਦੇ ਪਿੰਡ ਗਗੜਮਾਜਰਾ ਕੋਲ ਹੋਣ ਵਾਲੀ ਰਾਹੁਲ ਗਾਂਧੀ ਦੀ ਰੈਲੀ ’ਚ 2500 ਦੇ ਕਰੀਬ ਪੁਲੀਸ ਮੁਲਾਜ਼ਮ ਰਾਖੀ ਰੱਖਣਗੇ। ਰੈਲੀ ਦੇ ਆਲੇ-ਦੁਆਲੇ ਚਾਰ ਪਿੰਡਾਂ ਗਗੜਮਾਜਰਾ, ਭੁਮੱਦੀ, ਮੋਹਨਪੁਰ ਤੇ ਦਹਿੜੂ ਨੂੰ ਪੁਲੀਸ ਛਾਉਣੀ ’ਚ ਤਬਦੀਲ ਕੀਤਾ ਜਾ ਰਿਹਾ ਹੈ। 10 ਏਕੜ ’ਚ ਲੱਗਣ ਵਾਲੇ ਰੈਲੀ ਦੇ ਪੰਡਾਲ ’ਚ 1500 ਦੇ ਕਰੀਬ ਸੁਰੱਖਿਆ ਕਰਮੀ ਤਾਇਨਾਤ ਰਹਿਣਗੇ। ਬਾਕੀ ਦੇ ਕਰੀਬ 1000 ਮੁਲਾਜ਼ਮ ਪੰਡਾਲ ਦੇ ਬਾਹਰ, ਪਾਰਕਿੰਗ ਵਾਲੀ ਥਾਂ ਅਤੇ ਹੈਲੀਪੈਡ ’ਤੇ ਤਾਇਨਾਤ ਰਹਿਣਗੇ। ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਰੈਲੀ ਲਈ 2500 ਮੁਲਾਜ਼ਮਾਂ ਦੀ ਤਾਇਨਾਤੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਰਹਿਣਗੇ।
INDIA ਰਾਹੁਲ ਗਾਂਧੀ ਦੀ ਪੰਜਾਬ ਫੇਰੀ ’ਤੇ ਖ਼ਤਰੇ ਦੇ ਬੱਦਲ ਛਾਏ