ਗਹਿਲੋਤ ਤੇ ਪਾਇਲਟ ਨਾਲ ਨਾ ਕੀਤੀ ਮੁਲਾਕਾਤ; ਸੋਨੀਆ ਅਤੇ ਪ੍ਰਿਯੰਕਾ ਨੂੰ ਮਿਲੇ
ਕਾਂਗਰਸ ਦੇ ਗਹਿਰੇ ਹੋਏ ਸੰਕਟ ਦੇ ਚੱਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਫੈਸਲੇ ਤੋਂ ਪਿੱਛੇ ਹਟਦੇ ਨਜ਼ਰ ਨਹੀਂ ਆਉਂਦੇ। ਮੰਗਲਵਾਰ ਨੂੰ ਰਾਹੁਲ ਗਾਂਧੀ ਨੂੰ ਮਿਲਣ ਗਏ ਕਾਂਗਰਸੀ ਆਗੂਆਂ ਨੂੰ ਲਗਾਤਾਰ ਤੀਜੇ ਦਿਨ ਬਿਨਾਂ ਮਿਲਿਆਂ ਹੀ ਵਾਪਿਸ ਆਉਣਾ ਪਿਆ ਹੈ। ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ ਪਰ ਰਾਹੁਲ ਗਾਂਧੀ ਪਾਰਟੀ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਦੇਣ ਦੇ ਫ਼ੈਸਲੇ ਉੱਤੇ ਕਾਇਮ ਹੈ।
ਸੂਤਰਾਂ ਨੇ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਵਾਪਿਸ ਲੈਣ ਲਈ ਕਹਿਣ ਦਾ ਵੀ ਅਸਰ ਹੋਇਆ ਨਹੀਂ ਜਾਪਦਾ। ਉਹ ਪ੍ਰਧਾਨਗੀ ਛੱਡਣ ਉੱਤੇ ਅੜੇ ਹੋਏ ਹਨ। ਕਾਂਗਰਸ ਪ੍ਰਧਾਨ ਦੇ ਆਲੇ ਦੁਆਲੇ ਸੰਕਟ ਵਧਣ ਦੇ ਨਾਲ ਨਾਲ ਰਾਜਾਂ ਵਿੱਚ ਵੀ ਸੰਕਟ ਵੱਧ ਗਿਆ ਹੈ। ਕਰਨਾਟਕ ਵਿੱਚ
ਜੇਡੀਐੱਸ ਤੇ ਕਾਂਗਰਸ ਦਾ ਗੱਠਜੋੜ ਕਮਜ਼ੋਰ ਹੁੰਦਾ ਜਾਪਦਾ ਹੈ। ਰਾਜਸਥਾਨ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੋਏ ਸਫ਼ਾਏ ਬਾਅਦ ਕੁੱਝ ਵਿਧਾਇਕਾਂ ਵੱਲੋਂ ਜਵਾਬਦੇਹੀ ਤੈਅ ਕਰਨ ਦੀ ਮੰਗ ਉਠਾਈ ਜਾ ਰਹੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਰਾਹੁਲ ਨੂੰ ਮਿਲਣ ਲਈ ਆਏ ਪਰ ਮੁਲਾਕਾਤ ਨਹੀਂ ਹੋ ਸਕੀ। ਇਸ ਦੌਰਾਨ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਬੁੱਧਵਾਰ ਨੂੰ ਹਰਿਆਣਾ, ਰਾਜਸਥਾਨ ਅਤੇ ਕੁੱਝ ਹੋਰ ਸੂਬਿਆਂ ਦੀਆਂ ਇਕਾਈਆਂ ਮਤੇ ਪਾ ਕੇ ਰਾਹੁਲ ਗਾਂਧੀ ਨੂੰ ਕਹਿ ਸਕਦੀਆਂ ਹਨ ਕਿ ਉਹ ਪ੍ਰਧਾਨਗੀ ਦਾ ਅਹੁਦਾ ਨਾ ਛੱਡਣ।
ਰਾਹੁਲ ਗਾਂਧੀ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਨਾ ਦੇਣ ਦੀਆਂ ਬੇਨਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਾਰਟੀ ਆਗੂਆਂ ਤੋਂ ਇਲਾਵਾ ਹੁਣ ਸਹਿਯੋਗੀ ਦਲਾਂ ਡੀਐਮਕੇ ਤੇ ਆਰਜੇਡੀ ਨੇ ਵੀ ਉਨ੍ਹਾਂ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਮਗਰੋਂ ਸੰਕਟ ਵਿਚ ਘਿਰੀ ਪਾਰਟੀ ਨੂੰ ਉਭਾਰਨ ਲਈ ਰਾਹੁਲ ਹੀ ‘ਉੱਤਮ ਤੇ ਸਮਰੱਥ’ ਆਗੂ ਹਨ। ਤਾਮਿਲ ਸੁਪਰਸਟਾਰ ਰਜਨੀਕਾਂਤ ਨੇ ਵੀ ਕਿਹਾ ਹੈ ਕਿ ਰਾਹੁਲ ਨੂੰ ਬਣੇ ਰਹਿਣੇ ਚਾਹੀਦਾ ਹੈ। ਡੀਐਮਕੇ ਮੁਖੀ ਐਮ.ਕੇ. ਸਟਾਲਿਨ ਨੇ ਰਾਹੁਲ ਨਾਲ ਫੋਨ ’ਤੇ ਵੀ ਗੱਲਬਾਤ ਕੀਤੀ ਹੈ। ਤਿਰੂਵਨੰਤਪੁਰਮ ਤੋਂ ਜਿੱਤ ਦੀ ਹੈਟਟ੍ਰਿਕ ਮਾਰਨ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਵੀ ਕਿਹਾ ਹੈ ਕਿ ਰਾਹੁਲ ਨੇ ਪਾਰਟੀ ਦੇ ਅੱਗੇ ਹੋ ਕੇ ਅਗਵਾਈ ਕੀਤੀ ਹੈ ਤੇ ਪਾਰਟੀ ਨੂੰ ਦੇਣ ਲਈ ਉਨ੍ਹਾਂ ਕੋਲ ਹਾਲੇ ਕਾਫ਼ੀ ਕੁੱਝ ਹੈ। ਦਿੱਲੀ ਕਾਂਗਰਸ ਮੁਖੀ ਸ਼ੀਲਾ ਦੀਕਸ਼ਿਤ, ਕਾਂਗਰਸੀ ਆਗੂ ਪ੍ਰਮੋਦ ਤਿਵਾੜੀ, ਐਮ. ਵੀਰੱਪਾ ਮੋਇਲੀ ਨੇ ਵੀ ਰਾਹੁਲ ਨੂੰ ਅਜਿਹੀ ਹੀ ਅਪੀਲ ਕੀਤੀ ਹੈ।