ਕੀਰਤਪੁਰ ਸਾਹਿਬ (ਸਮਾਜਵੀਕਲੀ) – ਪਿੰਡ ਕਲਿਆਣਪੁਰ ਵਾਸੀਆਂ ਨੇ ਪ੍ਰਸ਼ਾਸਨ ਵੱਲੋਂ ਰਾਸ਼ਨ ਨਾ ਮੁਹੱਈਆ ਕਰਵਾਏ ਜਾਣ ਦੇ ਵਿਰੋਧ ਵਿਚ ਅੱਜ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਦਫ਼ਤਰ ਵਿਚ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਤੋਂ ਕਰਫਿਊ ਲੱਗਿਆ ਹੈ ਉਦੋਂ ਤੋਂ ਉਹ ਰੋਜ਼ੀ-ਰੋਟੀ ਤੋਂ ਆਵਾਜਾਰ ਹੋ ਗਏ ਹਨ। ਪਿੰਡ ਦੇ 95 ਫੀਸਦ ਲੋਕ ਦਿਹਾੜੀਦਾਰ ਹਨ ਤੇ ਕਰਫਿਊ ਲੱਗਣ ਮਗਰੋਂ ਉਨ੍ਹਾਂ ਦੇ ਘਰ ਚੁਲ੍ਹਾ ਤਪਣਾ ਔਖਾ ਹੋ ਗਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਸ ਮੌਕੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਭਿੰਦਰ, ਕਰੀਮ ਖਾਨ, ਸੋਨੀਆ, ਗੁਰਮੀਤ ਕੌਰ ਨੇ ਕਿਹਾ ਕਿ ਇਸ ਪਿੰਡ ਦੇ 95 ਫੀਸਦ ਲੋਕਾਂ ਕੋਲੋਂ ਕੰਮ ਖੁਸ ਗਿਆ ਹੈ ਤੇ ਹੁਣ ਤੱਕ ਪ੍ਰਸ਼ਾਸਨ ਵੱਲੋਂ ਪਿੰਡ ਵਿਚ ਕੋਈ ਮਦਦ ਨਹੀਂ ਭੇਜੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੱਕ ਸਿਰਫ਼ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਵਾਲੇ ਬਾਬਿਆਂ ਦਾ ਲੰਗਰ ਪੁੱਜਦਾ ਹੈ, ਜੋ ਸ਼ਾਮ ਨੂੰ ਮਿਲਦਾ ਹੈ, ਪਰ ਸਾਰਾ ਦਿਨ ਉਨ੍ਹਾਂ ਨੂੰ ਫਾਕਾ ਕੱਟ ਕੇ ਰਹਿਣਾ ਪੈ ਰਿਹਾ ਹੈ।
ਲੰਮਾ ਸਮਾਂ ਕਤਾਰਾਂ ਵਿਚ ਖੜ੍ਹ ਕੇ ਲੰਗਰ ਲਿਆਉਂਦੇ ਹਨ ਤੇ ਉਹੀ ਲੰਗਰ ਸਵੇਰੇ-ਦੁਪਹਿਰੇ ਗਰਮ ਕਰਕੇ ਖਾਂਦੇ ਹਨ। ਨਗਰ ਪੰਚਾਇਤ ਦੇ ਦਫ਼ਤਰ ਆਪਣੀ ਸਮੱਸਿਆ ਦੱਸਣ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਰਦੁਆਰੇ ਜਾ ਕੇ ਰੋਟੀ ਖਾਣ ਦੀ ਗੱਲ ਆਖੀ। ਪਿੰਡ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ਉਹ 21 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਸੀ, ਪਰ ਨਗਰ ਪੰਚਾਇਤ ਵਾਲਿਆਂ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ।
ਨਗਰ ਪੰਚਾਇਤ ਦੇ ਮੌਜੂਦਾ ਅਧਿਕਾਰੀ ਰਕੇਸ਼ ਕੁਮਾਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਿਉਂ ਜਿਉਂ ਸਾਡੇ ਕੋਲ ਰਾਸ਼ਨ ਆਉਂਦਾ ਹੈ ਤਿਉਂ ਤਿਉਂ ਵੰਡ ਦਿੱਤਾ ਜਾਂਦਾ ਹੈ ਅਤੇ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਆਉਣ ਵਾਲਾ ਰਾਸ਼ਨ ਵੱਖ-ਵੱਖ ਥਾਵਾਂ ’ਤੇ ਵੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਲਿਆਣਪੁਰ ਦੀ ਵਾਰੀ ਆਏਗੀ ਉਥੇ ਵੀ ਪਹੁੰਚਾ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕਾਰਜ ਸਾਧਕ ਅਫਸਰ ਦੇ ਦਫਤਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਰਤਪੁਰ ਸਾਹਿਬ ਪੁਲੀਸ ਨੇ ਇਕੱਠ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।