ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੁਲਕ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੀ ਬਰਸੀ ਮੌਕੇ ਏਕਤਾ ਦੇ ਬੁੱਤ ਦਾ ਦੌਰਾ ਕੀਤਾ ਅਤੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ’ਚ ਰੇਲਵੇ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ 20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰਸਤਾਵਿਤ ਰੇਲਵੇ ਸਟੇਸ਼ਨ ਨੂੰ ਸ੍ਰੀ ਪਟੇਲ ਪ੍ਰਤੀ ਭਾਰਤੀ ਰੇਲ ਦੀ ਸ਼ਰਧਾਂਜਲੀ ਦੱਸਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਰੇਲਵੇ ਸਟੇਸ਼ਨ ਬਣਨ ਨਾਲ ਖ਼ਿੱਤੇ ਦੇ ਵਿਕਾਸ ’ਚ ਤੇਜ਼ੀ ਆਏਗੀ ਅਤੇ ਵੱਡੀ ਗਿਣਤੀ ’ਚ ਸੈਲਾਨੀ ਬੁੱਤ ਦੇ ਦਰਸ਼ਨ ਕਰਨ ਲਈ ਪੁੱਜਣਗੇ। ਉਨ੍ਹਾਂ ਕਿਹਾ ਕਿ ਸ੍ਰੀ ਪਟੇਲ ਨੂੰ ਸਮਰਪਿਤ 182 ਮੀਟਰ ਉੱਚੇ ਬੁੱਤ ਨਾਲ ਸਥਾਨਕ ਆਦਿਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ। ਰਾਸ਼ਟਰਪਤੀ ਨੇ ਕਿਹਾ ਕਿ ਰੇਲਵੇ ਆਵਾਜਾਈ ਦੇ ਸਾਧਨ ਨਾਲ ਹੀ ਆਰਥਿਕ ਵਿਕਾਸ ਲਈ ਵੀ ਅਹਿਮ ਹੈ। ਸ੍ਰੀ ਕੋਵਿੰਦ ਨੇ ਕਿਹਾ ਕਿ ਕੇਵੜੀਆ ਰੇਲਵੇ ਸਟੇਸ਼ਨ ਦੀ ਇਮਾਰਤ ਪਹਿਲੀ ਹਰਿਤ ਇਮਾਰਤ ਹੋਵੇਗੀ ਜਿਥੇ ਜਲ ਪ੍ਰਬੰਧਨ ਦੇ ਢੁੱਕਵੇਂ ਤਰੀਕੇ ਅਪਣਾਏ ਜਾਣਗੇ ਅਤੇ ਆਧੁਨਿਕ ਸਹੂਲਤਾਂ ਹੋਣਗੀਆਂ। ਸ੍ਰੀ ਕੋਵਿੰਦ ਨੇ ‘ਫੁੱਲਾਂ ਦੀ ਵਾਦੀ’ ਦਾ ਦੌਰਾ ਵੀ ਕੀਤਾ।
INDIA ਰਾਸ਼ਟਰਪਤੀ ਵੱਲੋਂ ‘ਪਟੇਲ ਦੇ ਬੁੱਤ’ ਦਾ ਦੌਰਾ; ਰੇਲਵੇ ਸਟੇਸ਼ਨ ਦਾ ਨੀਂਹ ਪੱਥਰ...