ਨਵੀਂ ਦਿੱਲੀ (ਸਮਾਜ ਵੀਕਲੀ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਵਿਡ-19 ਕਾਰਨ ਅੱਜ ਆਨਲਾਈਨ ਸਮਾਗਮ ਦੌਰਾਨ 74 ਖਿਡਾਰੀਆਂ ਨੂੰ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਸਨਮਾਨਿਤ ਕੀਤੇ ਗਏ ਖਿਡਾਰੀਆਂ ’ਚ ਪੰਜਾਬ ਤੋਂ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਅਰਜੁਨ ਐਵਾਰਡ, ਕੁਲਦੀਪ ਸਿੰਘ ਭੁੱਲਰ (ਅਥਲੈਟਿਕਸ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਮਨਜੀਤ ਸਿੰਘ (ਰੋਇੰਗ), ਸੁਖਵਿੰਦਰ ਸਿੰਘ (ਫੁਟਬਾਲ) ਅਤੇ ਲੱਖਾ ਸਿੰਘ (ਮੁੱਕੇਬਾਜ਼ੀ) ਨੂੰ ਮੇਜਰ ਧਿਆਨ ਚੰਦ ਐਵਾਰਡ ਜਦਕਿ ਕਰਨਲ ਸਰਫ਼ਰਾਜ਼ ਸਿੰਘ ਨੂੰ ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ ਦਿੱਤਾ ਗਿਆ ਹੈ।
ਕ੍ਰਿਕਟਰ ਰੋਹਿਤ ਸ਼ਰਮਾ (ਖੇਲ ਰਤਨ) ਅਤੇ ਇਸ਼ਾਂਤ ਸ਼ਰਮਾ (ਅਰਜਨ ਪੁਰਸਕਾਰ) ਸਮਾਗਮ ’ਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਆਈਪੀਐੱਲ ਲਈ ਯੂਏਈ ’ਚ ਹਨ ਜਦਕਿ ਪਹਿਲਵਾਨ ਵਿਨੇਸ਼ ਫੋਗਾਟ (ਖੇਡ ਰਤਨ) ਅਤੇ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ (ਅਰਜੁਨ ਪੁਰਸਕਾਰ) ਨੂੰ ਕਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਸਮਾਗਮ ਤੋਂ ਹਟਣਾ ਪਿਆ। ਰੋਹਿਤ ਤੇ ਵਿਨੇਸ਼ ਤੋਂ ਇਲਾਵਾ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ, ਪੈਰਾਲੰਪਿਕ ਸੋਨ ਤਗ਼ਮਾ ਜੇਤੂ ਮਰੀਅੱਪਨ ਤਾਂਗਵੇਲੂ ਤੇ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਨੂੰ ਖੇਡ ਰਤਨ ਦਿੱਤੇ ਗਏ।
ਖੇਡ ਮੰਤਰੀ ਕਿਰਨ ਰਿਜੀਜੂ ਨੇ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ, ‘ਕੋਵਿਡ-19 ਦੌਰਾਨ ਇਹ ਪਹਿਲਾ ਪੁਰਸਕਾਰ ਹੈ ਜਿਸ ’ਚ ਰਾਸ਼ਟਰਪਤੀ ਹਾਜ਼ਰ ਹੋਏ ਹਨ।’ ਰਾਸ਼ਟਰਪਤੀ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਤੇ ਭਰੋਸਾ ਦਿੱਤਾ ਕਿ ਭਾਰਤ 2028 ਦੇ ਲਾਸ ਏਂਜਲਸ ਓਲੰਪਿਕ ’ਚ ਸਿਖਰਲੇ ਦਸ ਦੇਸ਼ਾਂ ’ਚ ਸ਼ਾਮਲ ਰਹਿਣ ਦੇ ਆਪਣੇ ਟੀਚੇ ਨੂੰ ਹਾਸਲ ਕਰ ਸਕਦਾ ਹੈ।
ਅਰਜਨ ਪੁਰਸਕਾਰ ਹਾਸਲ ਕਰਨ ਵਾਲੇ ਖਿਡਾਰੀਆਂ ’ਚ ਅਤਾਨੂੰ ਦਾਸ, ਦੁੱਤੀ ਚੰਦ, ਚਿਰਾਗ ਚੰਦਰਸ਼ੇਖਰ ਸ਼ੈੱਟੀ, ਵਿਸ਼ਵੇਸ਼ ਭ੍ਰਿਗੂਵੰਸ਼ੀ, ਮਨੀਸ਼ ਕੌਸ਼ਿਕ, ਲਵਲੀਨਾ ਬੋਰਗੋਹਾਨ, ਦੀਪਤੀ ਸ਼ਰਮਾ, ਸਾਵੰਤ ਅਜੈ ਅਨੰਤ, ਸੰਦੇਸ਼ ਝੀਂਗਣ, ਅਦਿਤੀ ਅਸ਼ੋਕ, ਆਕਾਸ਼ਦੀਪ ਸਿੰਘ, ਦੀਪਿਕਾ, ਦੀਪਕ, ਕਾਲੇ ਸਾਰਿਕਾ ਸੁਧਾਕਰ, ਦੱਤੂ ਬਬਨ ਭੋਕਾਨਲ, ਮਨੂੰ ਭਾਕਰ, ਸੌਰਭ ਚੌਧਰੀ, ਮਧੁਰਿਕਾ ਪਟਕਰ, ਦਿਵਿਜ ਸ਼ਰਨ, ਸ਼ਿਵਾ ਕੇਸ਼ਵਨ, ਦਿਵਿਆ ਕਾਕਰਾਨ, ਰਾਹੁਲ ਅਵਾਰੇ, ਸੁਯਸ਼ ਨਾਰਾਇਣ ਜਾਧਵ, ਸੰਦੀਪ, ਮਨੀਸ਼ ਨਰਵਾਲ ਸ਼ਾਮਲ ਹਲ।
ਦਰੋਣਾਚਾਰੀਆ ਪੁਰਸਕਾਰ ਧਰਮਿੰਦਰ ਤਿਵਾੜੀ, ਪੁਰਸ਼ੋਤਮ ਰਾਏ, ਸ਼ਿਵ ਸਿੰਘ, ਰੋਮੇਸ਼ ਪਠਾਨੀਆ, ਕ੍ਰਿਸ਼ਨ ਕੁਮਾਰ ਹੁੱਡਾ, ਵਿਜੈ ਭਾਲ ਚੰਦਰ ਮੁਨੀਸ਼ਵਰ, ਨਰੇਸ਼ ਕੁਮਾਰ, ਓਮ ਪ੍ਰਕਾਸ਼ ਦਹੀਆ, ਜਿਊਡ ਫੈਲਿਕਸ, ਯੋਗੇਸ਼ ਮਾਲਵੀਆ, ਜਸਪਾਲ ਰਾਣਾ, ਕੁਲਦੀਪ ਕੁਮਾਰ ਹਾਂਡੂ, ਗੌਰਵ ਖੰਨਾ ਨੂੰ ਦਿੱਤਾ ਗਿਆ। ਧਿਆਨਚੰਦ ਪੁਰਸਕਾਰ ਕੁਲਦੀਪ ਸਿੰਘ ਭੁੱਲਰ, ਜਿੰਮੀ ਫਿਲਿਪਸ, ਪ੍ਰਦੀਪ ਸ੍ਰੀਕ੍ਰਿਸ਼ਨ ਗਾਂਧੇ, ਐੱਨ ਉੂਸ਼ਾ, ਲੱਖਾ ਸਿੰਘ, ਸੁਖਵਿੰਦਰ ਸਿੰਘ ਸੰਧੂ, ਅਜੀਤ ਸਿੰਘ, ਮਨਪ੍ਰੀਤ ਸਿੰਘ, ਜੇ ਰਣਜੀਤ ਸਿੰਘ ਕੁਮਾਰ, ਸੱਤਿਆਪ੍ਰਕਾਸ਼ ਤਿਵਾੜੀ, ਮਨਜੀਤ ਸਿੰਘ, ਮਰਹੂਮ ਸਚਿਨ ਨਾਗ, ਨੰਦਨ ਬਾਲ, ਨੇਤਰਪਾਲ ਹੁੱਡਾ ਨੂੰ ਮਿਲਿਆ।