ਰਾਸ਼ਟਰਪਤੀ ਦੀ ਦੌੜ ’ਚ ਜੋਅ ਬਿਡੇਨ ਅੱਗੇ ਨਿਕਲੇ

ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ‘ਸੁਪਰ ਮੰਗਲਵਾਰ’ ਪ੍ਰਾਇਮਰੀਜ਼ ਦੀ ਪੂਰਬਲੀ ਸੰਧਿਆ ਆਪਣੇ ਤਿੰਨ ਰਵਾਇਤੀ ਵਿਰੋਧੀਆਂ ਤੋਂ ਮਿਲੀ ਹਮਾਇਤ ਮਗਰੋਂ ਡੈਮੋਕਰੈਟਿਕ ਉਮੀਦਵਾਰ ਵਜੋਂ ਰਾਸ਼ਟਰਪਤੀ ਦੀ ਦੌੜ ਵਿੱਚ ਕਿਤੇ ਅੱਗੇ ਨਿਕਲ ਗਏ ਹਨ। 2020 ਵ੍ਹਾਈਟ ਹਾਊਸ ਦੀ ਦੌੜ ਵਿੱਚ ਇਸ ਦਿਨ ਨੂੰ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਮੰਗਲਵਾਰ ਨੂੰ 15 ਸੂਬਿਆਂ ’ਚ ਹੋਣ ਵਾਲੀ ਚੋਣ ਡੈਮੋਕਰੈਟਾਂ ਦੀ ਨੈਸ਼ਨਲ ਕਨਵੈਨਸ਼ਨ ਲਈ 1357 ਡੈਲੀਗੇਟ ਨਿਰਧਾਰਿਤ ਕਰੇਗੀ। ਸੈਨੇਟਰ ਐਮੀ ਕਲੋਬੁਚਰ ਤੇ ਇੰਡੀਆਨਾ ਦੇ ਸਾਬਕਾ ਮੇਅਰ ਪੀਟ ਬਟੀਗੀਗ ਨੇ ਨਾ ਸਿਰਫ਼ ਰਾਸ਼ਟਰਪਤੀ ਦੀ ਦੌੜ ’ਚੋਂ ਲਾਂਭੇ ਹੋਣ ਦਾ ਐਲਾਨ ਕੀਤਾ ਹੈ ਬਲਕਿ 3 ਨਵੰਬਰ ਨੂੰ ਹੋਣ ਵਾਲੀ ਚੋਣ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਚੁਣੌਤੀ ਦੇਣ ਲਈ 77 ਸਾਲ ਬਿਡੇਨ ਦੀ ਪਿੱਠ ਥਾਪੜੀ ਹੈ। ਸਾਬਕਾ ਅਮਰੀਕੀ ਕਾਂਗਰਸਮੈਨ ਬੈਟੋ ਓ’ਰਾਓਰਕੇ ਨੇ ਵੀ ਨਾਂ ਵਾਪਸ ਲੈਂਦਿਆਂ ਬਿਡੇਨ ਦੀ ਹਮਾਇਤ ’ਚ ਖੜ੍ਹਨ ਦਾ ਐਲਾਨ ਕਰ ਦਿੱਤਾ ਹੈ।
ਡੈਮੋਕਰੈਟਿਕ ਪਾਰਟੀ ਨਾਲ ਜੁੜੇ ਉਦਾਰ ਵਿਚਾਰਾਂ ਵਾਲੇ ਮੈਂਬਰ, ਅਖੌਤੀ ਡੈਮੋਕਰੈਟਿਕ ਸਮਾਜਵਾਦੀ ਬਰਨੀ ਸੈਂਡਰਜ਼ ਦੀ ਪੇਸ਼ਕਦਮੀ ਨੂੰ ਰੋਕਣ ਲਈ ਲਗਾਤਾਰ ਇਕਜੁੱਟ ਹੋਣ ਦੀ ਅਪੀਲ ਕਰ ਰਹੇ ਹਨ। ਉਪਰੋਕਤ ਉਮੀਦਵਾਰਾਂ ਦੇ ਮੈਦਾਨ ’ਚੋਂ ਲਾਂਭੇ ਹੋਣ ਮਗਰੋਂ ਬਿਡੇਨ ਨੂੰ ਹੁਣ ਸੈਂਡਰਜ਼ (78) ਤੇ ਨਿਊ ਯਾਰਕ ਦੇ ਸਾਬਕਾ ਮੇਅਰ ਮਿਸ਼ੇਲ ਬਲੂਮਬਰਗ (78) ਤੋਂ ਚੁਣੌਤੀ ਦਰਪੇਸ਼ ਰਹੇਗੀ। ਬਲੂਮਬਰਗ, ਰਾਸ਼ਟਰਪਤੀ ਦੀ ਦੌੜ ਵਿੱਚ ਮੋਹਰੀ ਰਹਿਣ ਲਈ ਆਪਣੇ ਜੇਬ੍ਹ ’ਚੋਂ ਲੱਖਾਂ ਡਾਲਰ ਖਰਚ ਰਿਹਾ ਤੇ ਉਸ ਨੂੰ ਡੈਮੋਕਰੈਟਿਕ ਪਾਰਟੀ ਦੀ ਨਾਮਜ਼ਦਗੀ ਲਈ ਸਭ ਤੋਂ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹੈ। ‘ਸੁਪਰ ਮੰਗਲਵਾਰ’ ਨੂੰ ਅਮਰੀਕਾ ਦੇ 15 ਸੂਬਿਆਂ ਜਿਨ੍ਹਾਂ ਵਿੱਚ ਅਲਬਾਮਾ, ਅਰਕਾਂਸਸ, ਕੈਲੀਫੋਰਨੀਆ, ਕੋਲੋਰਾਡੋ, ਮੇਨ, ਮੈਸੇਚਿਊਸੈਟਸ, ਮਿਨੀਸੋਟਾ, ਉੱਤਰੀ ਕੈਰੋਲੀਨਾ, ਓਕਲਾਹੋਮਾ, ਟੈਕਸਸ, ਵਰਮੌਂਟ ਤੇ ਵਰਜੀਨੀਆ ਆਦਿ ਵੀ ਸ਼ਾਮਲ ਹਨ, ਵਿੱਚ ਰਾਸ਼ਟਰਪਤੀ ਦੀ ਚੋਣ ਲਈ ਪ੍ਰਾਇਮਰੀਜ਼ ਹੋਣਗੀਆਂ।

Previous articleਵਜ਼ੀਫਾ ਸਕੀਮ: ਕੇਂਦਰ ਨੇ ਤਿੰਨ ਸਾਲਾਂ ਤੋਂ ਨਹੀਂ ਦਿੱਤਾ ਧੇਲਾ
Next articleਹਾਈ ਕੋਰਟ ਦੇ ਹੁਕਮਾਂ ਕਾਰਨ ਪਿੰਡਾਂ ’ਚ ਸਹਿਮ