ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਝਟਕਾ ਦਿੰਦਿਆਂ ਅਮਰੀਕਾ ਦੇ ਲੁਸਿਆਨਾ ਸੂਬੇ ਦੇ ਵੋਟਰਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਜਾਨ ਬੇਲ ਐਡਵਰਡਸ ਨੂੰ ਇਕ ਵਾਰ ਫਿਰ ਆਪਣਾ ਗਵਰਨਰ ਚੁਣਿਆ ਹੈ। ਐਡਵਰਡਸ ਨੂੰ 51.3 ਫ਼ੀਸਦੀ ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਰਿਪਬਲਿਕਨ ਮੁਕਾਬਲੇਬਾਜ਼ ਏਡੀ ਰਿਸਪਾਂਸ ਨੂੰ 48.7 ਫ਼ੀਸਦੀ ਮਿਲੀਆਂ ਹਨ। ਏਡੀ ਦੀ ਹਾਰ ਉਦੋਂ ਹੋਈ ਜਦੋਂ ਖ਼ੁਦ ਟਰੰਪ ਤਿੰਨ ਵਾਰ ਉਨ੍ਹਾਂ ਦੇ ਪ੍ਰਚਾਰ ਲਈ ਗਏ।
ਲੁਸਿਆਨਾ ‘ਚ ਰਿਪਬਲਿਕਨ ਪਾਰਟੀ ਦੀ ਹਾਰ ਨੂੰ ਟਰੰਪ ਖ਼ਿਲਾਫ਼ ਚੱਲ ਰਹੀ ਮਹਾਦੋਸ਼ ਦੀ ਪ੍ਰਕਿਰਿਆ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮਹਾਦੋਸ਼ ਪ੍ਰਕਿਰਿਆ ‘ਚ ਇਸੇ ਹਫ਼ਤੇ ਟਰੰਪ ਖ਼ਿਲਾਫ਼ ਜਨਤਕ ਸੁਣਵਾਈ ਹੋਈ ਹੈ ਜਿਸ ‘ਚ ਸਰਕਾਰੀ ਅਧਿਕਾਰੀਆਂ ਨੇ ਰਾਸ਼ਟਰਪਤੀ ਖ਼ਿਲਾਫ਼ ਗਵਾਹੀ ਦਿੱਤੀ ਹੈ। 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਲੁਸਿਆਨਾ ਦੀ ਇਹ ਹਾਰ ਟਰੰਪ ਲਈ ਵੱਡਾ ਝਟਕਾ ਮੰਨੀ ਜਾ ਰਹੀ ਹੈ। 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਟਰੰਪ ਨੂੰ ਇਸ ਸੂਬੇ ਤੋਂ ਬੜ੍ਹਤ ਮਿਲੀ ਸੀ। ਜਦਕਿ ਕੇਂਟੁਕੀ ‘ਚ ਪਿਛਲੇ ਹਫ਼ਤੇ ਰਿਪਬਲਿਕਨ ਪਾਰਟੀ ਦੇ ਗਵਰਨਰ ਮੈਟ ਬੇਵਿਨ ਦੀ ਹਾਰ ਹੋਈ ਸੀ। ਕਾਂਟੇ ਦੀ ਟੱਕਰ ‘ਚ ਉਨ੍ਹਾਂ ਨੂੰ ਡੈਮੋਕ੍ਰੇਟ ਉਮੀਦਵਾਰ ਐਂਡੀ ਬੇਸ਼ੇਰ ਨੇ ਹਰਾਇਆ ਸੀ। ਇਸ ਨਾਲ ਟਰੰਪ ਦੇ ਆਪਣੀ ਸਟਾਰ ਪਾਵਰ ਦੇ ਦਾਅਵੇ ਨੂੰ ਧੱਕਾ ਲੱਗਿਆ ਹੈ ਜਿਸ ਦੇ ਬਲ ‘ਤੇ ਉਹ ਅਮਰੀਕਾ ਦੀ ਹਰ ਚੋਣ ‘ਚ ਜਿੱਤ ਦਾ ਦਮ ਭਰ ਰਹੇ ਸਨ।
ਜਿੱਤ ਤੋਂ ਬਾਅਦ ਆਪਣੇ ਭਾਸ਼ਣ ‘ਚ ਐਡਵਰਡਸ ਨੇ ਵੰਡਪਾਊ ਤਾਕਤਾਂ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਮਤਭੇਦਾਂ ਤੋਂ ਉੱਪਰ ਉੱਠ ਕੇ ਸਾਡਾ ਆਪਸੀ ਪਿਆਰ ਜ਼ਿਆਦਾ ਅਹਿਮ ਹੈ। ਰਾਸ਼ਟਰਪਤੀ ਇਸ ਗੱਲ ਨੂੰ ਸਮਝਣ, ਈਸ਼ਵਰ ਉਨ੍ਹਾਂ ਨੂੰ ਇਹ ਸਮਝਣ ਦੀ ਸਮਰੱਥ ਦੇਵੇ। ਟਰੰਪ ਨੇ ਆਪਣੀ ਚੋਣ ਪ੍ਰਚਾਰ ‘ਚ ਵੋਟਰਾਂ ਨੂੰ ਕਿਹਾ ਸੀ ਕਿ ਜੇਕਰ ਉਹ ਆਪਣੀ ਪਛਾਣ, ਮਾਨਤਾਵਾਂ ਤੇ ਸੁਤੰਤਰਤਾ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਉਹ ਕੱਟੜਪੰਥੀ ਜਾਨ ਐਡਵਰਡਸ ਨੂੰ ਹਟਾਉਣ। ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਲੋਕਾਂ ਨੂੰ ਪਾਗ਼ਲਾਂ ਦਾ ਸਮੂਹ ਦੱਸਿਆ ਸੀ।