ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਵਿਰੋਧੀ ਉਮੀਦਵਾਰ ਜੋਅ ਬਾਇਡਨ ਨੂੰ ਅਮਰੀਕਾ ਦੇ ਇਤਿਹਾਸ ਵਿੱਚ ‘ਸਭ ਤੋਂ ਮਾੜਾ ਉਮੀਦਵਾਰ’ ਕਰਾਰ ਦਿੱਤਾ ਹੈ। ਉਨ੍ਹਾਂ ਡੈਮੋਕਰੈਟਿਕ ਆਗੂ ਵੱਲੋਂ ਹਾਲ ਹੀ ’ਚ ਕੀਤੀਆਂ ਗਈਆਂ ਕੁਝ ਗ਼ਲਤੀਆਂ ਦਾ ਜ਼ਿਕਰ ਵੀ ਕੀਤਾ ਹੈ।
ਪੈਨਸਿਲਵੇਨੀਆ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘‘ਮੈਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਵਿੱਚ ਅੱਜ ਤੱਕ ਦੇ ਸਭ ਤੋਂ ਮਾੜੇ ਉਮੀਦਵਾਰ ਖ਼ਿਲਾਫ਼ ਲੜ ਰਿਹਾ ਹਾਂ ਅਤੇ ਤੁਸੀਂ ਜਾਣਦੇ ਹੋ ਉਹ ਕੀ ਕਰਦੇ ਨੇ? ਉਸ ਤੋਂ ਮੇਰੇ ’ਤੇ ਵਧੇਰੇ ਦਬਾਅ ਪੈਂਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਅਜਿਹੇ ਵਿਅਕਤੀ ਤੋਂ ਹਾਰ ਜਾਓ?’’ ਟਰੰਪ ਨੇ ਉਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਹਾਲ ਹੀ ਵਿੱਚ ਕਿਵੇਂ ਬਾਇਡਨ ਸਾਬਕਾ ਰਿਪਬਲੀਕਨ ਊਮੀਦਵਾਰ ਮਿੱਟ ਰੋਮਨੀ ਦਾ ਨਾਂ ਭੁੱਲ ਗਏ ਸਨ। ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ ਨਾ ਕਰਨ ਯੋਗ, ਕਿੰਨੀ ਮਾੜੀ ਤੇ ਕਿੰਨੀ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਇਡਨ ਚੋਣਾਂ ਜਿੱਤ ਜਾਂਦੇ ਹਨ ਤਾਂ ਬਾਗੀ ਖੱਬੇਪੱਖੀ ਸੱਤਾ ’ਤੇ ਕਾਬਜ਼ ਹੋ ਜਾਣਗੇ।