ਓਕ ਕਰੀਕ (ਅਮਰੀਕਾ) (ਸਮਾਜ ਵੀਕਲੀ) : ਸਿੱਖ ਭਾਈਚਾਰੇ ਦੇ ਆਗੂਆਂ ਅਨੁਸਾਰ ਪਿਛਲੀ ਵਾਰ ਦੇ ਊਲਟ ਇਸ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਸਿੱਖ ਭਾਈਚਾਰੇ ਵਲੋਂ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਾਥ ਦਿੱਤਾ ਜਾ ਰਿਹਾ ਹੈ, ਜਿਸ ਦਾ ਕਾਰਨ ਊਨ੍ਹਾਂ ਦੀਆਂ ਛੋਟੇ ਕਾਰੋਬਾਰਾਂ ਪ੍ਰਤੀ ਨੀਤੀਆਂ ਅਤੇ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਹੈ।
ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਮੁੜ ਚੁਣੇ ਜਾਣ ਲਈ ਰਿਪਬਲਿਕਨ ਪਾਰਟੀ ਵਲੋਂ ਊਮੀਦਵਾਰ ਹਨ। ਅਮਰੀਕਾ ਵਿਚ ਫਸਵੇਂ ਮੁਕਾਬਲਿਆਂ ਵਾਲੇ ਸੂਬਿਆਂ ਮਿਸ਼ੀਗਨ, ਵਿਸਕੌਨਸਿਨ, ਫਲੋਰਿਡਾ ਅਤੇ ਪੈਨਸਿਲਵੇਨੀਆ ਵਿੱਚ ਵੱਡੀ ਗਿਣਤੀ ਸਿੱਖ ਵਸੇ ਹੋਏ ਹਨ। ਵਿਸਕੌਨਸਿਨ ਦੇ ਮਿਲਵਾਕੀ ਖੇਤਰ ਦੇ ਸਿੱਖ ਆਗੂ ਅਤੇ ਸਫ਼ਲ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ, ‘‘ਮੱਧ-ਪੱਛਮ ਵਿੱਚ ਸਾਡੇ ਵਿੱਚੋਂ ਜ਼ਿਆਦਾਤਰ ਕਾਰੋਬਾਰੀ ਹਨ। ਅਤੇ ਊਹ ਸਾਰੇ ਟਰੰਪ ਨਾਲ ਹਨ।’’ ਊਨ੍ਹਾਂ ਕਿਹਾ ਕਿ ਟਰੰਪ ਵਲੋਂ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਊਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਸਤੀ ਕਾਰਨ ਦੇਸ਼ ਭਰ ਵਿੱਚ ਅਤੇ ਖਾਸ ਕਰਕੇ ਇਸ ਖੇਤਰ ਵਿੱਚ ਸਿੱਖ ਊਨ੍ਹਾਂ ਦਾ ਸਾਥ ਦੇ ਰਹੇ ਹਨ।
ਸਾਲ 2016 ਵਿੱਚ ਸਿੱਖਸ ਫਾਰ ਟਰੰਪ ਨਾਂ ਦੀ ਜਥੇਬੰਦੀ ਬਣਾਊਣ ਵਾਲੇ ਜੱਸੀ ਸਿੰਘ ਨੇ ਕਿਹਾ, ‘‘ਟਰੰਪ ਲਈ ਸਿੱਖ ਭਾਈਚਾਰੇ ਦੇ ਸਮਰਥਨ ਵਿੱਚ ਵੱਡੀ ਤਬਦੀਲੀ ਆਈ ਹੈ। ਇਸ ਵਾਰ, ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਸਿੱਖ ਟਰੰਪ ਨੂੰ ਵੋਟਾਂ ਪਾਊਣਗੇ।’’ ਇਲੀਨੌਇ ਵਿੱਚ ਸਿੱਖ ਗੁਰਦੁਆਰਾ ਸਿਲਵੀਸ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇੇ ਕਿਹਾ ਕਿ ਟਰੰਪ ਵਲੋਂ ਛੋਟੇ ਕਾਰੋਬਾਰੀਆਂ ਲਈ ਕੀਤੇ ਕੰਮਾਂ ਤੇ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਕੀਤੀਆਂ ਕੋਸ਼ਿਸ਼ਾਂ ਸਦਕਾ ਇਸ ਵਾਰ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਨਾਲ ਊਨ੍ਹਾਂ ਦਾ ਸਾਥ ਦੇ ਰਿਹਾ ਹੈ। ਸਿੱਖ ਭਾਈਚਾਰਾ ਟਰੰਪ ਦੀ ਮੁੜ ਚੋਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।