(ਸਮਾਜ ਵੀਕਲੀ)
ਦੂਸਰਿਆਂ ਦੇ ਔਗੁਣ ਫਰੋਲਣੇ ਮਨੁੱਖ ਦਾ ਸੁਭਾਅ ਬਣ ਗਿਆ ਹੈ। ਦੂਸਰਿਆਂ ਦੀਆਂ ਕਮੀਆਂ ਲੱਭ ਲੱਭ ਅੱਗੇ ਅੱਗ ਵਾਂਗ ਫੈਲਾਉਂਦੇ ਆਂ। ਦੂਸਰਿਆਂ ਨੂੰ ਨੀਵਾਂ ਦਿਖਾਉਣ ਲਈ ਕੋਈ ਕਸਰ ਨਹੀਂ ਛੱਡਦੇ। ਚੁਗਲੀ ਨਿੰਦਿਆ ਈਰਖਾ ਛਲ ਕਪਟ ਆਦਿ ਕੂੜ ਸਾਡੇ ਹੱਡਾਂ ਵਿੱਚ ਰਚ ਗਿਆ ਹੈ। ਲੋਭ ਲਾਲਚ, ਸਵਾਰਥ ਤੇ ਮੋਹ ਆਦਿ ਨੇ ਸਾਨੂੰ ਨਿੱਜ ਭਾਵ ਆਪਣੇ ਘਰ ਪਰਿਵਾਰ ਤੱਕ ਸੀਮਿਤ ਕਰ ਦਿੱਤਾ ਹੈ।
ਮੈਂ ਉੱਚੀ ਉੱਚੀ ਰਾਵਣ ਨੂੰ ਹੱਸਦਾ ਵੇਖਦਾਂ ਜਦੋਂ ਨਵਜਨਮੇ ਬੱਚੇ ਬਾਲੜੀਆਂ ਕੂੜੇ ਦੇ ਢੇਰ ਵਿੱਚੋਂ ਮਿਲਦੀਆਂ ਹਨ। ਅੱਜ ਲੋਕਾਂ ਨੇ ਜਗਜਨਨੀ ਤੋਂ ਮੂੰਹ ਫੇਰ ਲਿਆ, ਭਰੂਣ ਹੱਤਿਆ ਸਮਾਜ ਦੇ ਮੱਥੇ ਤੇ ਕਲੰਕ ਹੈ। ਬੇ ਸੂਝ ਨਿੱਕੀਆਂ ਨਿੱਕੀਆਂ ਬਾਲੜੀਆਂ ਤੋਂ ਅੱਸੀ ਸਾਲ ਦੀਆਂ ਮਾਵਾਂ ਨਾਲ ਹੁੰਦੇ ਬਲਾਤਕਾਰ ਦੀਆਂ ਘਟਨਾਵਾਂ ਨਾਲ ਹਿਰਦਾ ਛਲਣੀ ਛਲਣੀ ਹੋ ਜਾਂਦਾ। ਚੰਦ ਬੰਦਿਆਂ ਦੇ ਘਿਨਾਉਣੇ ਅਪਰਾਧਾਂ ਕਰਕੇ ਅੱਜ ਸਮਾਜ ਸ਼ਰਮਸ਼ਾਰ ਹੋ ਰਿਹਾ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਜਵਾਨੀ ਦੀਆਂ ਬਰੂਹਾਂ ਤੇ ਮੁੰਡੇ ਕੁੜੀਆਂ ਚਿੱਟੇ ਦੇ ਨਸ਼ੇ ਨਾਲ ਮਰਦੇ ਵੇਖਦਾਂ। ਬੁੱਢੇ ਮਾਪਿਆਂ ਦਾ ਦੁੱਖ ਝੱਲ ਨਹੀਂ ਹੁੰਦਾ। ਨਸ਼ਿਆਂ ਦੀ ਲੱਤ ਨੂੰ ਪੂਰਾ ਕਰਨ ਲਈ ਚੋਰੀਆਂ, ਲੁੱਟ ਖੋਹ ਤੇ ਕਤਲ ਆਮ ਹੋ ਗਏ ਹਨ। ਕਿਸੇ ਨਸ਼ੇੜੀ ਨੇ ਆਪਣੇ ਹੀ ਮਾਂ ਬਾਪ ਦਾ ਕਤਲ ਕਰ ਦਿੱਤਾ ਸੁਣ ਕੇ ਹਿਰਦਾ ਵਲੂੰਧਰਿਆ ਜਾਂਦਾ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਹੁੰਦੇ ਸੁੰਦੇ ਘਰਾਂ ਦੇ ਮਾਪੇ, ਉਹਨਾਂ ਦੇ ਬੱਚਿਆਂ ਵੱਲੋਂ ਬਿਰਧ ਆਸ਼ਰਮ ਪਹੁੰਚਾ ਦਿੱਤੇ ਜਾਂਦੇ ਹਨ। ਲੋੜਵੰਦਾਂ ਲਾਚਾਰ ਬੇਸਹਾਰਿਆਂ ਲਈ ਬਿਰਧ ਆਸ਼ਰਮ ਹੋਣ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਬੱਚਿਆਂ ਦੇ ਹੁੰਦੇ ਸੁੰਦਿਆਂ ਮਾਪੇ ਬਿਰਧ ਆਸ਼ਰਮ ਜਾਣ, ਸਮਾਜ ਦੇ ਮੱਥੇ ਤੇ ਕਲੰਕ ਹੈ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਧਾਰਮਿਕ ਅਸਥਾਨਾਂ ਤੇ ਅਸੰਤ ਅਨਾੜੀ ਆਪੇ ਬਣੇ ਬਾਬੇ ਭੋਲ਼ੀ ਭਾਲ਼ੀ ਜਨਤਾ ਦੀ ਲੁੱਟ ਖਸੁੱਟ ਕਰਦੇ ਹਨ। ਲੋਟੂ ਡੇਰਿਆਂ ਤੇ ਹੁੰਦੇ ਅਪਰਾਧਾਂ ਦੀਆਂ ਖਬਰਾਂ ਕਿਸੇ ਤੋਂ ਛੁਪੀਆਂ ਨਹੀਂ। ਪਹਿਲਾਂ ਤੋਂ ਹੀ ਦੁਖੀ ਲੋਕਾਂ ਦੇ ਸ਼ੋਸ਼ਣ ਦੀਆਂ ਖਬਰਾਂ ਸੁਣ ਹਿਰਦਾ ਕੰਬ ਜਾਂਦਾ ਹੈ। ਸਾਨੂੰ ਸੱਚੇ ਗੁਰੂ ਦਾ ਲੜ ਫੜਨਾ ਚਾਹੀਦਾ ਨਾ ਕਿ ਢੋਂਗੀ ਬਾਬਿਆਂ ਦਾ ।
ਮੈਂ ਉੱਚੀ ਰਾਵਣ ਨੂੰ ਹੱਸਦਾ ਸੁਣਦਾਂ ਜਦੋਂ ਦਾਜ ਲਈ ਨੂੰਹ ਤੇ ਅੱਤਿਆਚਾਰ ਹੁੰਦਾਂ ਤੇ ਕਈ ਥਾਈਂ ਨੂੰਹਾਂ ਦਾਜ ਬਲੀ ਵੀ ਚੜ੍ਹ ਜਾਂਦੀਆਂ। ਥਾਂ ਥਾਂ ਹੁੰਦਾ ਲੜਕੀਆਂ ਦਾ ਸ਼ੋਸ਼ਣ ਕਿਸੇ ਤੋਂ ਲੁਕਿਆ ਨਹੀਂ। ਅੱਜ ਦੇ ਮਾਡਰਨ ਜਮਾਨੇ ਵਿੱਚ ਬੱਚੀਆਂ ਹਰ ਥਾਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਨਕਲੀ ਦੁੱਧ, ਘਿਓ, ਖੋਆ ਤੇ ਪਨੀਰ ਆਦਿ ਲੋਕਾਂ ਨੂੰ ਪਰੋਸਿਆ ਜਾਂਦਾ। ਭੋਜਨ ਪਦਾਰਥਾਂ ਅੰਦਰ ਮਿਲਾਵਟ ਸ਼ਰੇਆਮ ਹੋ ਰਹੀ ਹੈ। ਪਸ਼ੂਆਂ ਵਾਲੇ ਟੀਕਿਆਂ ਨਾਲ ਬਣੀ ਸ਼ਰਾਬ ਪੀ ਕੇ ਮਰਦੇ ਲੋਕ ਕਿਸੇ ਤੋਂ ਛਿਪੇ ਨਹੀਂ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਪੈਲੇਸ ਵਿੱਚ ਦਾਦੇ ਦੀ ਉਮਰ ਦਾ ਬੰਦਾ ਪੋਤੀ ਦੀ ਉਮਰ ਦੀ ਡਾਂਸਰ ਲੜਕੀ ਨੂੰ ਲਲਚਾਈਆਂ ਅੱਖਾਂ ਨਾਲ ਤੱਕਦਾ ਤੇ ਲੋਕੀਂ ਡਾਸਰਾਂ ਨੂੰ ਭੱਦੇ ਮਜ਼ਾਕ ਕਰਦੇ ਆ। ਡੀਜ਼ੇ ਦੀ ਉੱਚੀ ਆਵਾਜ਼ ਵਿੱਚ ਚਲਦੇ ਦੋ ਅਰਥੀ ਤੇ ਮਾਰਧਾੜ ਦੇ ਗਾਣਿਆਂ ਨੇ ਵਾਤਾਵਰਣ ਨੂੰ ਗੰਧਲਾ ਕਰ ਦਿੱਤਾ ਹੈ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਭ੍ਰਿਸ਼ਟਚਾਰ ਦੇ ਪੰਜਿਆਂ ਹੇਠ ਸਮਾਜ ਨੂੰ ਤੜਫਦਾ ਵੇਖਦਾਂ। ਸੜਕਾਂ ਤੇ ਰੁਲਦੇ ਪੜ੍ਹੇ ਲਿਖੇ ਬੇਰੁਜ਼ਗਾਰ ਸਾਡਾ ਮੂੰਹ ਚਿੜਾਉਂਦੇ ਆ। ਵੱਡੀਆਂ ਵੱਡੀਆਂ ਸਖਸ਼ੀਅਤਾਂ, ਵੱਡੇ ਅਹੁਦਿਆਂ ਤੇ ਬਿਰਾਜਮਾਨ ਲੋਕਾਂ ਤੇ ਲਗਦੇ ਭ੍ਰਿਸ਼ਟਚਾਰ ਦੇ ਦੋਸ਼ ਕਿਸੇ ਤੋਂ ਨਹੀਂ ਲੁਕੇ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਸੱਭਿਆਚਾਰ ਦੀ ਆੜ ਵਿੱਚ ਅੱਧ ਨੰਗੇ ਜਿਸਮਾਂ ਦੀ ਨੁਮਾਇਸ਼ ਹੁੰਦੀ ਹੈ। ਸੱਭਿਆਚਾਰ ਦੇ ਨਾਂ ਤੇ ਅਸ਼ਲੀਲਤਾ ਤੇ ਨਸ਼ੇ ਪਰੋਸੇ ਜਾਂਦੇ ਹਨ ਜੋ ਸਾਡੀ ਮਾਨਸਿਕਤਾ ਦਾ ਘਾਣ ਕਰ ਰਹੇ ਹਨ। ਵੱਧ ਰਿਹਾ ਜਿਸਮ ਫਰੋਸ਼ੀ ਦਾ ਨੰਗਾ ਨਾਚ ਕਿਸੇ ਤੋਂ ਛੁਪਿਆ ਨਹੀਂ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਪੜ੍ਹੇ ਲਿਖੇ ਲੋਕ ਵੀ ਅੰਧਵਿਸ਼ਵਾਸਾ ਤੇ ਵਹਿਮ ਭਰਮਾਂ ਦੀ ਦਲਦਲ ਵਿੱਚ ਫਸੇ ਹੋਏ ਹਨ। ਅਖਬਾਰਾਂ ਵਿੱਚ ਛਪਦੇ ਜੋਤਿਸ਼ੀਆਂ ਦੇ ਇਸ਼ਤਿਹਾਰ ਅੱਜ ਦੇ ਕੰਪਿਊਟਰ ਯੁੱਗ ਦਾ ਮੂੰਹ ਚਿੜਾਉਂਦੇ ਹਨ। ਅੰਧਵਿਸ਼ਵਾਸ ਤੇ ਵਹਿਮ ਭਰਮਾਂ ਦੇ ਚੁੰਗਲ ਵਿੱਚੋਂ ਅਸੀਂ ਆਜਾਦ ਨਹੀਂ ਹੋ ਸਕੇ।
ਮੈਂ ਰਾਵਣ ਨੂੰ ਉੱਚੀ ਉੱਚੀ ਹੱਸਦਾ ਸੁਣਦਾਂ ਜਦੋਂ ਲੋਕ ਜਾਤਾਂ ਪਾਤਾਂ ਵਿੱਚ ਉਲਝ ਰਹੇ ਹਨ। ਧਰਮ ਮਜ਼ਬ ਦੇ ਨਾਂ ਤੇ ਦੰਗੇ ਹੋ ਰਹੇ ਹਨ। ਗਰੀਬਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਲੋਕਾਂ ਦਾ ਜੀਣਾਂ ਹਰਾਮ ਹੋ ਰਿਹਾ। ਹਰ ਪਾਸੇ ਬਿਮਾਰੀ, ਦੁਬਿਧਾ ਤੇ ਦੁੱਖਾਂ ਦਾ ਬੋਲਬਾਲਾ ਹੈ। ਕੂੜ ਨੂੰ ਪ੍ਰਧਾਨਗੀ ਮਿਲੀ ਹੈ। ਖ਼ੁਦਕੁਸ਼ੀਆਂ ਵੱਧ ਰਹੀਆਂ ਹਨ। ਟੈਨਸ਼ਨ ਵੱਧ ਰਹੀ ਆ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ।
ਓਸ ਸਮੇਂ ਰਾਵਣ ਦਾ ਹਾਸਾ ਰੁਕਣ ਦਾ ਨਾਂ ਨਹੀਂ ਲੈਂਦਾ ਜਦੋਂ ਸ਼ੋਸ਼ਲ ਮੀਡੀਆ ਵੇਖਦਾ ਕਿ ਕਿਸ ਤਰਾਂ ਲੋਕ ਇਕ ਦੂਸਰੇ ਤੇ ਚਿੱਕੜ ਉਛਾਲਦੇ ਆ। ਕਿਸ ਤਰਾਂ ਇਡਿੰਟਿੰਗ ਕਰਕੇ ਇਕ ਦੂਜੇ ਨੂੰ ਬਦਨਾਮ ਕਰਦੇ ਆ। ਹਰ ਕੋਈ ਮੋਬਾਈਲ ਨਾਲ ਚਿੰਬੜਿਆ ਬੈਠਾ, ਪਰਿਵਾਰ ਲਈ ਵੀ ਸਮਾਂ ਨਹੀਂ। ਭਾਵੇਂ ਕਿ ਇੰਟਰਨੈੱਟ ਗਿਆਨ ਦੀ ਖਾਣ ਆ ਪਰ ਨੱਬੇ ਪ੍ਰਤੀਸ਼ਤ ਲੋਕ ਗੰਦ ਹੀ ਖਾਂਦੇ ਆ। ਇੰਟਰਨੈੱਟ ਦੀ ਗਲਤ ਵਰਤੋਂ ਪਰਮਾਣੂ ਬੰਬ ਤੋਂ ਵੀ ਘਾਤਕ ਆ।
ਅਸੀਂ ਹਰ ਸਾਲ ਦੁਸਹਿਰੇ ਤੇ ਰਾਵਣ ਦਾ ਪੁਤਲਾ ਫੂਕਦੇ ਹਾਂ ਕਿਉਂਕਿ ਓਸ ਨੇ ਆਪਣੀ ਭੈਣ ਸਰੂਪਨਖ਼ਾ ਜਿਸ ਦਾ ਨੱਕ ਦਸਰਥ ਨੰਦਨ ਲਛਮਣ ਨੇ ਵੱਢ ਦਿੱਤਾ ਸੀ ਦਾ ਬਦਲਾ ਲੈਣ ਲਈ ਸੀਤਾ ਮਾਤਾ ਜੀ ਨੂੰ ਧੋਖੇ ਨਾਲ ਚੁਰਾਇਆ ਸੀ। ਰਾਵਣ ਦੁਆਰਾ ਬਦਲਾ ਲੈਣ ਲਈ ਚੁੱਕਿਆ ਗਿਆ ਇਹ ਗਲਤ ਕਦਮ ਰਾਵਣ ਦੀ ਲੰਕਾਂ ਦੇ ਵਿਨਾਸ਼ ਦਾ ਕਾਰਣ ਬਣਿਆ। ਅੱਜ ਸਾਡੇ ਸਮਾਜ ਵਿੱਚ ਹਜ਼ਾਰਾਂ ਰਾਵਣ ਬੇਖ਼ੌਫ ਅਪਰਾਧ ਕਰ ਰਹੇ ਹਨ ਜਿੰਨਾਂ ਦੇ ਅਪਰਾਧ ਸਮਾਜ ਨੂੰ ਸ਼ਰਮਸ਼ਾਰ ਕਰ ਰਹੇ ਹਨ। ਸੋ ਆਓ ਰਾਵਣ ਦਾ ਪੁਤਲਾ ਫੂਕਣ ਨਾਲੋਂ ਆਪਣੇ ਅੰਦਰਲੇ ਰਾਵਣ ਨੂੰ ਮਾਰੀਏ, ਆਪ ਵੀ ਖ਼ੁਸ਼ ਰਹੀਏ ਤੇ ਦੂਸਰਿਆਂ ਨੂੰ ਵੀ ਖ਼ੁਸ਼ ਰਹਿਣ ਦਈਏ।
ਇਕਬਾਲ ਸਿੰਘ ਪੁੜੈਣ
ਲੈਕਚਰਾਰ ਕਮਰਸ
8872897500
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly