ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਝਾਰਖੰਡ ਵਿਚ ਕਿਹਾ ਕਿ ਧਰਤੀ ’ਤੇ ਕੋਈ ਵੀ ਤਾਕਤ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਨੂੰ ਨਹੀਂ ਰੋਕ ਸਕਦੀ ਹੈ ਤੇ ਇਹ ‘ਸ਼ਾਨਦਾਰ’ ਹੋਵੇਗਾ। ਬਿਸ਼ਰਾਮਪੁਰ ਵਿਧਾਨ ਸਭਾ ਹਲਕੇ ਦੇ ਇਸ ਇਲਾਕੇ ’ਚ ਇਕ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਦੁਹਰਾਇਆ ਕਿ ਫਰਾਂਸ ਤੋਂ ਲਏ ਰਾਫ਼ਾਲ ਜਹਾਜ਼ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦੇਣਗੇ। ‘ਜੈ ਸ੍ਰੀ ਰਾਮ’ ਦੇ ਨਾਅਰਿਆਂ ਦਰਮਿਆਨ ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਲਈ ਸੁਪਰੀਮ ਕੋਰਟ ਨੇ ਰਸਤਾ ਸਾਫ਼ ਕਰ ਦਿੱਤਾ ਹੈ। ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਦੇ ਮੁੱਦੇ ’ਤੇ ਬੋਲਦਿਆਂ ਰਾਜਨਾਥ ਨੇ ਕਿਹਾ ਕਿ ਭਾਰਤੀ ਜਨ ਸੰਘ ਦੇ ਬਾਨੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ ਕਿ ਇਕ ਮੁਲਕ ’ਚ ਦੋ ਸੰਵਿਧਾਨ ਤੇ ਪ੍ਰਧਾਨ ਮੰਤਰੀ ਨਹੀਂ ਹੋ ਸਕਦੇ। ਭਾਜਪਾ ਨੇ ਉਨ੍ਹਾਂ ਦਾ ਸੁਫ਼ਨਾ ਸਾਕਾਰ ਕੀਤਾ ਹੈ ਤੇ ਮੈਨੀਫੈਸਟੋ ਦਾ ਵਾਅਦਾ ਪੁਗਾਇਆ ਹੈ। ਰੱਖਿਆ ਮੰਤਰੀ ਨੇ ਨਕਸਲੀਆਂ ਨੂੰ ਚਿਤਾਵਨੀ ਦਿੱਤੀ ਕੇ ਉਹ ਹਿੰਸਾ ਦਾ ਰਾਹ ਤਿਆਗਣ ਤੇ ਜੇ ਅਜਿਹਾ ਨਹੀਂ ਕਰਨਗੇ ਤਾਂ ਕਰਾਰਾ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਝਾਰਖੰਡ ਦੇ ਲਾਤੇਹਰ ਤੇ ਪਲਮਊ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਤੋਂ ਬਾਅਦ ਕਈ ਹਿੰਸਕ ਘਟਨਾਵਾਂ ਹੋਈਆਂ ਹਨ। ਇਨ੍ਹਾਂ ਵਿਚ ਚਾਰ ਪੁਲੀਸ ਮੁਲਾਜ਼ਮ ਤੇ ਦੋ ਨਾਗਰਿਕ, ਜਿਨ੍ਹਾਂ ’ਚ ਇਕ ਸਥਾਨਕ ਭਾਜਪਾ ਆਗੂ ਵੀ ਸ਼ਾਮਲ ਹੈ, ਮਾਰੇ ਗਏ ਹਨ। ਰਾਜਨਾਥ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਹਿੰਸਾ ਦੀ ਇਜਾਜ਼ਤ ਨਹੀਂ ਦੇਣਗੀਆਂ। ਹਿੰਸਾ ਵਾਲਿਆਂ ਜ਼ਿਲ੍ਹਿਆਂ ’ਚ ਚੋਣਾਂ ਪਹਿਲੇ ਗੇੜ ਵਿਚ 30 ਨਵੰਬਰ ਨੂੰ ਹਨ। ਝਾਰਖੰਡ ’ਚ ਚੋਣਾਂ ਪੰਜ ਗੇੜਾਂ ’ਚ ਹੋ ਰਹੀਆਂ ਹਨ।
HOME ਰਾਮ ਮੰਦਰ ਦੀ ਉਸਾਰੀ ਕੋਈ ਨਹੀਂ ਰੋਕ ਸਕਦਾ: ਰਾਜਨਾਥ