ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਅਯੁੱਧਿਆ ਵਿੱਚ ਰਾਮ ਜਨਮ ਭੂਮੀ ਦਾ ਨੀਂਹ ਪੱਥਰ ਰੱਖਕੇ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦਾ ਅਲੌਕਿਕ ਮੰਦਰ ਬਣਨ ਦਾ ਰਸਤਾ ਬਿਲਕੁਲ ਸਾਫ਼ ਹੋ ਗਿਆ ਹੈ। ਇਹ ਸ਼ੁਭ ਘੜੀ 5 ਸਦੀਆਂ ਬਾਅਦ ਭਾਵ 492 ਸਾਲਾਂ ਬਾਅਦ ਪੂਰੀ ਦੁਨੀਆਂ ਨੂੰ ਦੇਖਣ ਨੂੰ ਮਿਲੀ ਜਿਸ ਕਾਰਣ ਜਿੱਥੇ ਭਾਰਤ ਵਿੱਚ ਘਰ ਘਰ ਦੀਪਮਾਲਾ ਕੀਤੀ ਗਈ ਉੱਥੇ ਪੂਰੀ ਦੁਨੀਆਂ ਵਿੱਚ ਵੀ ਖੁਸ਼ੀ ਦੇ ਦੀਪ ਜਗਾਏ ਗਏ। ਰਾਮ ਭਗਤਾਂ ਨੇ ਦੀਵਾਲੀ ਵਾਂਗ ਹੀ ਖੁਸ਼ੀ ਮਨਾਈ।
ਇਸ ਮੌਕੇ ਬੋਲਦਿਆਂ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਇਹ ਸਭ ਕੁੱਝ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਝ ਬੂਝ ਨਾਲ ਹੀ ਸੰਭਵ ਹੋ ਪਾਇਆ। 5 ਅਗਸਤ ਦਾ ਦਿਨ ਦੂਸਰੀ ਵਾਰ ਨਰਿੰਦਰ ਮੋਦੀ ਕਾਰਣ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਗਿਆ ਹੈ। 5 ਅਗਸਤ ਦੇ ਦਿਨ ਜੇਕਰ ਜੰਮੂ ਕਸ਼ਮੀਰ ਵਿੱਚ ਦੇਸ਼ ਦਾ ਤਿਰੰਗਾ ਝੰਡਾ ਝੂਲ ਰਿਹਾ ਹੈ ਜਾਂ ਅੱਜ ਅਲੌਕਿਕ ਰਾਮ ਮੰਦਰ ਬਣਨ ਜਾ ਰਿਹਾ ਹੈ ਤਾਂ ਇਸਦਾ ਸਾਰਾ ਸਿਹਰਾ ਮੋਦੀ ਸਰਕਾਰ ਦੇ ਸਿਰ ਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਸਰਕਾਰ ਵਧਾਈ ਦੀ ਪਾਤਰ ਹੈ।