ਚੰਡੀਗੜ੍ਹ- ਇਥੇ ਰਾਮ ਦਰਬਾਰ ਫੇਜ਼-2 ਦੀ ਮੰਡੀ ਗਰਾਊਂਡ ’ਚੋਂ ਅੱਜ ਸਵੇਰੇ ਤਿੰਨ ਮੌਰਟਾਰ ਬੰਬ ਮਿਲਣ ਕਾਰਨ ਪੁਲੀਸ ਨੂੰ ਭਾਜੜਾਂ ਪੈ ਗਈਆਂ। ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਜਿਸ ਦੌਰਾਨ ਇਸ ਖੇਤਰ ਦੀ ਘੇਰਾਬੰਦੀ ਕਰ ਲਈ ਅਤੇ ਏਅਰ ਫੋਰਸ ਤੇ ਬੰਬ ਨਸ਼ਟ ਕਰਨ ਵਾਲੇ ਦਸਤੇ ਨੂੰ ਮੌਕੇ ’ਤੇ ਸੱਦਿਆ ਗਿਆ। ਇਨ੍ਹਾਂ ਟੀਮਾਂ ਨੇ ਬੰਬ ਆਪਣੇ ਕਬਜ਼ੇ ’ਚ ਲੈ ਲਏ। ਦਰਅਸਲ ਇਨ੍ਹਾਂ ਬੰਬਾਂ ਨੂੰ ਸਵੇਰੇ ਛੇ ਵਜੇ ਸਿਹਤ ਵਿਭਾਗ ਦੇ ਇਕ ਮੁਲਾਜ਼ਮ ਪਵਨ ਕੁਮਾਰ ਨੇ ਦੇਖਿਆ ਸੀ ਜਦੋਂ ਉਹ ਸਬਜ਼ੀ ਮੰਡੀ ਦੇ ਗਰਾਉੂਂਡ ਦੀ ਸਫ਼ਾਈ ਲਈ ਉਥੇ ਪੁੱਜਿਆ ਸੀ। ਜਦੋਂ ਉਹ ਕੂੜਾ ਇਕੱਠਾ ਕਰ ਰਿਹਾ ਸੀ ਤਾਂ ਉਸ ਨੂੰ ਇਕ ਬੰਬ ਦਿਖਾਈ ਦਿੱਤਾ। ਫਿਰ ਉਸ ਨੇ ਕੂੜਾ ਹਟਾ ਕੇ ਦੇਖਿਆ ਤਾਂਂ ਦੋ ਹੋਰ ਬੰਬ ਮਿਲੇ। ਉਸ ਨੇ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ ਤੇ ਤੁਰੰਤ ਹੀ ਐਸਐਸਪੀ ਨਿਹਾਰਿਕਾ ਭੱਟ, ਏਐਸਪੀ ਨੇਹਾ ਯਾਦਵ ਅਤੇ ਸੈਕਟਰ 31 ਦੇ ਥਾਣਾ ਇੰਚਾਰਜ ਰਾਜਦੀਪ ਸਿੰਘ ਮੌਕੇ ’ਤੇ ਪੁੱਜ ਗਏ। ਉਨ੍ਹਾਂ ਚੰਡੀਗੜ੍ਹ ਪੁਲੀਸ ਦੀ ਬੰਬ ਨਕਾਰਾ ਕਰੂ ਟੀਮ ਨੂੰ ਵੀ ਸੱਦ ਲਿਆ। ਮੌਰਟਾਰ ਬੰਬ ਦੀ ਪੜਤਾਲ ਕਰਨ ’ਤੇ ਇਹ ਜ਼ਿੰਦਾ ਪਾਏ ਗਏ। ਪੁਲੀਸ ਨੇ ਉਸੇ ਵਕਤ ਫ਼ੌਜ ਤੇ ਹਵਾਈ ਸੈਨਾ ਨਾਲ ਸੰਪਰਕ ਕੀਤਾ। ਪਤਾ ਚੱਲਿਆ ਹੈ ਕਿ ਮੌਰਟਾਰ ਬੰਬ ਕਾਫੀ ਪੁਰਾਣੇ ਨਜ਼ਰ ਆਉਂਦੇ ਸਨ। ਪੁਲੀਸ ਨੇ ਮੌਕੇ ’ਤੇ ਫਾਇਰ ਬ੍ਰਿਗੇਡ, ਐਂਬੁਲੈਂਸ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਇੰਜ ਮੌਰਟਾਰ ਬੰਬ ਸੁੱਟੇ ਜਾਣ ਬਾਰੇ ਜਾਂਚ ਕੀਤੀ ਜਾਵੇਗੀ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਤਿੰਨੇ ਮੌਰਟਾਰ ਬੰੰਬ ਹਨ ਅਤੇ ਫੌਜ ਨੂੰ ਸੱਦ ਕੇ ਇਸ ਦੀ ਪੜਤਾਲ ਕਰਵਾਈ ਜਾ ਰਹੀ ਹੈ।
INDIA ਰਾਮ ਦਰਬਾਰ ਵਿਚ ਕੂੜੇ ’ਚੋਂ ਤਿੰਨ ਮੌਰਟਾਰ ਬੰਬ ਮਿਲੇ