ਸਪੇਨ ਦੇ ਰਾਫੇਲ ਨਡਾਲ ਨੇ ਇੱਥੇ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਵਿੱਚ ਕੈਨੇਡਾ ਦੇ ਨੌਜਵਾਨ ਖਿਡਾਰੀ ਫੈਲਿਕਸ ਆਗਰ ਅਲਿਆਸਿਮ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ, ਜਦੋਂਕਿ ਉਸ ਦੇ ਹਮਵਤਨ ਡੇਵਿਡ ਫੈਰਰ ਨੇ ਸੰਨਿਆਸ ਤੋਂ ਪਹਿਲਾਂ ਆਪਣੇ ਆਖ਼ਰੀ ਟੂਰਨਾਮੈਂਟ ਵਿੱਚ ਕਰੀਅਰ ਦਾ ਅੰਤਿਮ ਮੈਚ ਖੇਡਿਆ। ਆਪਣੇ ਛੇਵੇਂ ਖ਼ਿਤਾਬ ਦੀ ਕੋਸ਼ਿਸ਼ ਵਿੱਚ ਲੱਗੇ ਨਡਾਲ ਨੂੰ ਬੀਤੇ ਮਹੀਨੇ ਮੌਂਟੇ ਕਾਰਲੋ ਅਤੇ ਬਾਰਸੀਲੋਨਾ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਉਹ ਬਿਮਾਰ ਹੋ ਗਿਆ ਸੀ। ਦੁਨੀਆਂ ਦੇ ਨੰਬਰ ਦੋ ਖਿਡਾਰੀ ਨੇ 6-3, 6-3 ਨਾਲ ਜਿੱਤ ਦੀ ਸ਼ੁਰੂਆਤ ਕੀਤੀ। ਹੁਣ ਉਸ ਦਾ ਸਾਹਮਣਾ ਅਮਰੀਕਾ ਦੇ ਨੌਜਵਾਨ ਫਰਾਂਸਿਸ ਟਿਆਫੋ ਨਾਲ ਹੋਵੇਗਾ, ਜਦਕਿ ਕੁਆਰਟਰ ਫਾਈਨਲ ਵਿੱਚ ਉਸ ਦਾ ਸਾਹਮਣਾ ਸਟੇਨ ਵਾਵਰਿੰਕਾ ਜਾਂ ਕੇਈ ਨਿਸ਼ੀਕੋਰੀ ਨਾਲ ਹੋ ਸਕਦਾ ਹੈ। ਉਸ ਦੇ ਹਮਵਤਨ ਡੇਵਿਡ ਫੈਰਰ ਨੇ ਸੰਨਿਆਸ ਤੋਂ ਪਹਿਲਾਂ ਆਪਣੇ ਆਖ਼ਰੀ ਟੂਰਨਾਮੈਂਟ ਵਿੱਚ ਕਰੀਅਰ ਦਾ ਅੰਤਿਮ ਮੈਚ ਖੇਡਿਆ, ਪਰ ਉਹ ਇਸ ਵਿੱਚ ਅਲੈਕਜ਼ੈਂਡਰ ਜ਼ੈਵੇਰੇਵ ਤੋਂ 4-6, 1-6 ਨਾਲ ਹਾਰ ਗਿਆ। ਵਾਵਰਿੰਕਾ ਅਤੇ ਨਿਸ਼ੀਕੋਰੀ ਵੀਰਵਾਰ ਨੂੰ ਤੀਜੇ ਗੇੜ ਵਿੱਚ ਇੱਕ-ਦੂਜੇ ਦੇ ਸਾਹਮਣੇ ਹੋਣਗੇ। ਨਿਸ਼ੀਕੋਰੀ ਨੇ ਬੋਲੀਵੀਆ ਦੇ ਕੁਆਲੀਫਾਇਰ ਹੂਗੋ ਡੇਲਿਨ ਨੂੰ ਦੋ ਘੰਟੇ ਤੋਂ ਵੱਧ ਦੇਰ ਤੱਕ ਚੱਲੇ ਮੁਕਾਬਲੇ ਵਿੱਚ 7-5, 7-5 ਨਾਲ ਮਾਤ ਦਿੱਤੀ, ਜਦਕਿ ਵਾਵਰਿੰਕਾ ਨੇ ਅਰਜਨਟੀਨਾ ਦੇ ਗੁਈਡੋ ਪੇਲਾ ਨੂੰ 6-3, 6-4 ਨਾਲ ਸ਼ਿਕਸਤ ਦਿੱਤੀ। ਜੁਆਨ ਮਾਰਟਿਨ ਡੈਲ ਪੋਤਰੋ ਨੂੰ ਹਾਲਾਂਕਿ ਪਹਿਲੇ ਹੀ ਮੈਚ ਵਿੱਚ ਸਰਬੀਆ ਦੇ ਲਾਸਲੋ ਜ਼ੇਰੇ ਤੋਂ ਹਾਰ ਝੱਲਣੀ ਪਈ।
Sports ਰਾਫੇਲ ਨਡਾਲ ਅਗਲੇ ਗੇੜ ਵਿੱਚ; ਫੈਰਰ ਨੇ ਸੰਨਿਆਸ ਲਿਆ