ਰਾਫਾਲ ਸੌਦੇ ਦੀ ਨਜ਼ਰਸਾਨੀ ਕਰ ਰਹੇ ਪੈਰਿਸ ਸਥਿਤ ਭਾਰਤੀ ਹਵਾਈ ਫ਼ੌਜ ਦੇ ਦਫ਼ਤਰ ’ਚ ਜ਼ਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਨੂੰ ਜਾਸੂਸੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫ਼ੌਜ ਦੇ ਸੂਤਰਾਂ ਮੁਤਾਬਕ ਇਹ ਦਫ਼ਤਰ ਭਾਰਤ ਨੂੰ ਫਰਾਂਸ ਤੋਂ ਮਿਲਣ ਵਾਲੇ 36 ਰਾਫਾਲ ਲੜਾਕੂ ਜਹਾਜ਼ਾਂ ਦੇ ਨਿਰਮਾਣ ਦੀ ਨਿਗਰਾਨੀ ਕਰ ਰਿਹਾ ਹੈ। ਕੁਝ ਅਣਪਛਾਤੇ ਰਾਫਾਲ ਨਾਲ ਜੁੜੀ ਪ੍ਰਾਜੈਕਟ ਮੈਨੇਜਮੈਂਟ ਟੀਮ ਦੇ ਦਫ਼ਤਰ ਵਿਚ ਬਿਨਾਂ ਪ੍ਰਵਾਨਗੀ ਦਾਖ਼ਲ ਹੋਏ ਹਨ। ਪੁਲੀਸ ਜਾਂਚ ਕਰ ਰਹੀ ਹੈ ਕਿ ਕਿਤੇ ਇਸ ਕੋਸ਼ਿਸ਼ ਦਾ ਮਕਸਦ ਜਹਾਜ਼ ਨਾਲ ਸਬੰਧਤ ਖ਼ੁਫੀਆ ਜਾਣਕਾਰੀ ਚੋਰੀ ਕਰਨਾ ਤਾਂ ਨਹੀਂ ਸੀ। ਮੁੱਢਲੀ ਜਾਂਚ ਵਿਚ ਕੋਈ ਡੇਟਾ ਜਾਂ ਹਾਰਡਵੇਅਰ ਚੋਰੀ ਨਾ ਹੋਣਾ ਸਾਹਮਣੇ ਆਇਆ ਹੈ। ਭਾਰਤੀ ਹਵਾਈ ਫ਼ੌਜ ਨੇ ਇਸ ਦੀ ਜਾਣਕਾਰੀ ਰੱਖਿਆ ਮੰਤਰਾਲੇ ਨੂੰ ਦਿੱਤੀ ਹੈ। ਇਹ ਦਫ਼ਤਰ ਦਾਸੋ ਐਵੀਏਸ਼ਨ ਦੇ ਕੰਪਲੈਕਸ ਵਿਚ ਸਥਿਤ ਹੈ ਜੋ ਕਿ ਰਾਫਾਲ ਦਾ ਨਿਰਮਾਣ ਕਰਨ ਵਾਲੀ ਕੰਪਨੀ ਹੈ। ਇਸ ਬਾਰੇ ਹਾਲੇ ਤੱਕ ਰੱਖਿਆ ਮੰਤਰਾਲੇ ਤੇ ਹਵਾਈ ਫ਼ੌਜ ਦਾ ਕੋਈ ਬਿਆਨ ਨਹੀਂ ਆਇਆ। ਪੈਰਿਸ ਵਾਲੀ ਟੀਮ ਵਿਚ ਇਕ ਗਰੁੱਪ ਕੈਪਟਨ ਤੇ ਦੋ ਪਾਇਲਟ ਹਨ। ਕੁਝ ਹਥਿਆਰ ਮਾਹਿਰ ਤੇ ਇੰਜਨੀਅਰ ਵੀ ਹਨ। ਟੀਮ ਦਾਸੋ ਦੇ ਅਧਿਕਾਰੀਆਂ ਨਾਲ ਰਾਬਤਾ ਰੱਖ ਰਹੀ ਹੈ। ਭਾਰਤ ਨੇ ਫਰਾਂਸ ਕੋਲੋਂ 36 ਰਾਫਾਲ ਜੈੱਟ 58,000 ਕਰੋੜ ਰੁਪਏ ਵਿਚ ਲੈਣੇ ਹਨ ਤੇ ਪਹਿਲਾ ਜਹਾਜ਼ ਸਤੰਬਰ ਤੱਕ ਆਉਣ ਦੀ ਸੰਭਾਵਨਾ ਹੈ।
HOME ਰਾਫਾਲ: ਪੈਰਿਸ ਦੇ ਦਫ਼ਤਰ ਵਿੱਚ ਜਬਰੀ ਦਾਖਲ ਹੋਣ ਦੀ ਕੋਸ਼ਿਸ਼