ਨਵੀਂ ਦਿੱਲੀ (ਸਮਾਜ ਵੀਕਲੀ): ਫਰਾਂਸ ਤੋਂ ਖ਼ਰੀਦੇ ਗਏ ਰਾਫਾਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਅੱਜ ਬਾਅਦ ਦੁਪਹਿਰ ਭਾਰਤੀ ਹਵਾਈ ਸੈਨਾ ਦੇ ਅੰਬਾਲਾ ਬੇਸ ’ਤੇ ਸਫ਼ਲਤਾ ਨਾਲ ਉਤਰ ਗਈ। ਪਹਿਲੀ ਖੇਪ ਦੇ ਇਹ ਪੰਜ ਜਹਾਜ਼ ਕਾਰਗਿਲ ਯੁੱਧ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ 17ਵੀਂ ਗੋਲਡਨ ਐਰੋ ਸਕੁਐਡਰਨ ਵਿਚ ਸ਼ਾਮਲ ਹੋਣ ਲਈ ਪਹਿਲਾਂ ਇਕੱਠੇ ਏਅਰਬੇਸ ’ਤੇ ਮੰਡਰਾਏ ਤੇ ਫਿਰ ਇਕ-ਇਕ ਕਰਕੇ ਰਨਵੇਅ ’ਤੇ ਉਤਰੇ।
ਜਹਾਜ਼ਾਂ ਦੇ ਭਾਰਤ ਪੁੱਜਣ ਨਾਲ ਲੱਦਾਖ ਵਿਚ ਚੀਨ ਨਾਲ ਜਾਰੀ ਸਰਹੱਦੀ ਤਣਾਅ ਦੇ ਪੱਖ ਤੋਂ ਭਾਰਤ ਨੂੰ ਰਣਨੀਤਕ ਲਾਹਾ ਮਿਲੇਗਾ। ਦੱਸਣਯੋਗ ਹੈ ਕਿ ਰਾਫਾਲ ਦਾ ਰਿਕਾਰਡ ਬਿਹਤਰੀਨ ਹੈ ਤੇ ਦੁਨੀਆ ਵਿਚ ਇਹ ਆਪਣੇ ਵਰਗ ਦੇ ਸਭ ਤੋਂ ਤਾਕਤਵਰ ਜੈੱਟ ਮੰਨੇ ਜਾਂਦੇ ਹਨ। ਹਵਾ ’ਚ ਇਹ ਖ਼ਤਰਨਾਕ ਹਥਿਆਰ ਲਿਜਾ ਕੇ ਸਟੀਕ ਨਿਸ਼ਾਨਾ ਲਾਉਣ ਦੇ ਸਮਰੱਥ ਹਨ।
ਜ਼ਿਕਰਯੋਗ ਹੈ ਕਿ ਐੱਨਡੀਏ ਸਰਕਾਰ ਨੇ ਸਤੰਬਰ, 2016 ਵਿਚ ਫਰਾਂਸੀਸੀ ਕੰਪਨੀ ‘ਦਾਸੋ’ ਤੋਂ 36 ਜਹਾਜ਼ ਖ਼ਰੀਦਣ ਲਈ 59,000 ਕਰੋੜ ਦਾ ਸੌਦਾ ਕੀਤਾ ਸੀ। ਅਸਮਾਨ ’ਚ ਪੰਜ ਰਾਫਾਲ ਜਹਾਜ਼ਾਂ ਤੋਂ ਇਲਾਵਾ ਦੋ ਸੁਖੋਈ 30-ਐਮਕੇਆਈ ਲੜਾਕੂ ਜਹਾਜ਼ ਵੀ ਸਨ ਜੋ ਨਵੇਂ ਜਹਾਜ਼ਾਂ ਦੀ ਅਗਵਾਈ ਕਰ ਰਹੇ ਸਨ। ਅੰਬਾਲਾ ਏਅਰਬੇਸ ’ਤੇ ਇਨ੍ਹਾਂ ਨਵੇਂ ਜਹਾਜ਼ਾਂ ਦਾ ਸਵਾਗਤ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਕੀਤਾ। ਹਵਾਈ ਸੈਨਾ ਵੱਲੋਂ ਰਾਫਾਲ ਨੂੰ ‘ਵਾਟਰ ਕੈਨਨ ਸੈਲਿਊਟ’ ਦਿੱਤਾ ਗਿਆ।
ਅੰਬਾਲਾ ਪਹੁੰਚਣ ਵਾਲੇ ਪੰਜ ਰਾਫਾਲ ਫਾਈਟਰਾਂ ਵਿਚੋਂ ਦੋ ਡਬਲ ਸੀਟਰ ਅਤੇ ਤਿੰਨ ਸਿੰਗਲ ਸੀਟਰ ਹਨ। ਜਹਾਜ਼ ਯੂਏਈ ਦੇ ਇਕ ਏਅਰਬੇਸ ਤੋਂ ਭਾਰਤੀ ਸਮੇਂ ਅਨੁਸਾਰ 11.00 ਵਜੇ ਉਡੇ ਸਨ ਅਤੇ ਅੰਬਾਲਾ ਏਅਰਬੇਸ ਦੀ ਪਰਿਕਰਮਾ ਕਰਨ ਤੋਂ ਬਾਅਦ ਕਰੀਬ 3.08 ’ਤੇ ਲੈਂਡ ਕਰ ਗਏ। ਜੰਗੀ ਜਹਾਜ਼ਾਂ ਦੀ ਗੂੰਜ ਅੰਬਾਲਾ ਵਾਸੀਆਂ ਨੇ ਸੁਣੀ ਜੋ ਸਵੇਰੇ ਤੋਂ ਹੀ ਇਨ੍ਹਾਂ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਸਨ। ਲੋਕਾਂ ਨੇ ਆਪੋ-ਆਪਣੇ ਢੰਗ ਨਾਲ ਜਸ਼ਨ ਵੀ ਮਨਾਇਆ। ਅੰਬਾਲਾ ਵਿਚ ਸੈਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਸਨ।