ਗੜ੍ਹਸ਼ੰਕਰ : ਗੜ੍ਹਸ਼ੰਕਰ-ਚੰਡੀਗੜ੍ਹ ਰੋਡ ‘ਤੇ ਸਥਿਤ ਪਿੰਡ ਬਗਵਾਈ ਲਾਗੇ ਇਕ ਨਵਜੰਮਿਆ ਬੱਚਾ ਮਿਲਿਆ ਹੈ। ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਬਗਵਾਈਂ ਦੇ ਰਹਿਣ ਵਾਲੇ ਦੀਪਕ (18) ਪੁੱਤਰ ਹੁਕਮਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਡੀਜੇ ਦਾ ਕੰਮ ਕਰਦਾ ਹੈ ਤੇ ਐਤਵਾਰ ਰਾਤ ਲਗਪਗ ਸਾਢੇ ਬਾਰਾਂ ਵਜੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ।
ਜਦੋਂ ਉਹ ਬਗਵਾਈਂ ਬੰਦ ਖੂਹ ਵਾਲੇ ਮੋੜ ਲਾਗੇ ਪੁੱਜਿਆ ਤਾਂ ਉਸ ਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਬਜ਼ਰੀ ਦੇ ਢੇਰ ‘ਤੇ ਕੱਪੜੇ ‘ਚ ਲਪੇਟਿਆ ਇਕ ਨਵਜੰਮਿਆ ਬੱਚਾ (ਲੜਕਾ) ਪਿਆ ਸੀ। ਉਸ ਨੇ ਘਰ ਜਾ ਕੇ ਇਸ ਸਬੰਧੀ ਆਪਣੀ ਮਾਤਾ ਰੀਤਾ ਨੂੰ ਦੱਸਿਆ।
ਉਹ ਦੋਵੇਂ ਬੱਚੇ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲੈ ਗਏ। ਉੱਥੇ ਡਾਕਟਰਾਂ ਨੇ ਇਲਾਜ ਕਰਨ ਉਪਰੰਤ ਬੱਚਾ ਉਨ੍ਹਾਂ ਨੂੰ ਵਾਪਸ ਕਰ ਦਿੱਤਾ। ਫਿਰ ਉਨ੍ਹਾਂ ਨੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ। ਗੜ੍ਹਸ਼ੰਕਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।