ਨਵੀਂ ਦਿੱਲੀ: ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਭਾਰਤ ਦੇ ਅੰਦਰੂਨੀ ਮਸਲਿਆਂ ’ਚ ਕਿਸੇ ਵਿਦੇਸ਼ੀ ਮੁਲਕ ਨੂੰ ਦਖ਼ਲਅੰਦਾਜ਼ੀ ਦਾ ਹੱਕ ਨਹੀਂ ਹੈ ਤੇ ਇਹ ਸੁਨੇਹਾ ਸਪੱਸ਼ਟ ਦਿੱਤਾ ਜਾਣਾ ਚਾਹੀਦਾ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਅਨਿਲ ਦੇਸਾਈ ਵੱਲੋਂ ਨਵੇਂ ਨਾਗਰਿਕਤਾ ਕਾਨੂੰਨ ਸਬੰਧੀ ਯੂਰੋਪੀਅਨ ਸੰਸਦ ਵੱਲੋਂ ਪੇਸ਼ ਕੀਤੇ ਮਤੇ ਦਾ ਜ਼ਿਕਰ ਕਰਨ ਦੇ ਸੰਦਰਭ ’ਚ ਨਾਇਡੂ ਨੇ ਇਹ ਟਿੱਪਣੀ ਕੀਤੀ। ਦੇਸਾਈ ਨੇ ਸੁਝਾਅ ਦਿੱਤਾ ਸੀ ਕਿ ਮਤਾ ਪਾਸ ਕਰਕੇ ਭਾਰਤ ਬਾਹਰਲੇ ਮੁਲਕਾਂ ਦੀ ਦਖ਼ਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਾ ਕਰੇ। ਨਾਇਡੂ ਨੇ ਕਿਹਾ ਕਿ ਜੇ ਭਾਰਤੀ ਸੰਸਦ ‘ਬ੍ਰੈਗਜ਼ਿਟ’ ਬਾਰੇ ਵਿਚਾਰ-ਚਰਚਾ ਕਰੇ ਤਾਂ ਉਨ੍ਹਾਂ ਨੂੰ ਕਿਹੋ ਜਿਹਾ ਲੱਗੇਗਾ।