ਕਾਂਗਰਸੀ ਆਗੂ ਰਾਜ ਬੱਬਰ ਵੱਲੋਂ ਡਾਲਰ ਦੇ ਮੁਕਾਬਲੇ ਰੁਪਏ ਦੇ ਡਿੱਗਦੇ ਪੱਧਰ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਦੀ ਉਮਰ ਨਾਲ ਕੀਤੇ ਜਾਣ ਕਰ ਕੇ ਨਵਾਂ ਵਿਵਾਦ ਛਿੜ ਗਿਆ ਹੈ। ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਵਿਵਾਦਿਤ ਟਿੱਪਣੀ ਸਬੰਧੀ ਮੁਆਫ਼ੀ ਮੰਗਣ ਲਈ ਕਿਹਾ ਹੈ। ਸ੍ਰੀ ਬੱਬਰ ਨੇ ਇਹ ਟਿੱਪਣੀ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਬੀਤੇ ਦਿਨ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤੀ ਸੀ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਕਾਂਗਰਸੀ ਆਗੂ ਦੀਆਂ ਟਿੱਪਣੀਆਂ ਨੂੰ ‘ਘ੍ਰਿਣਾਯੋਗ’ ਕਰਾਰ ਦਿੱਤਾ ਹੈ।
ਉੱਤਰ ਪ੍ਰਦੇਸ਼ ਕਾਂਗਰਸ ਦੇ ਮੁਖੀ ਬੱਬਰ ਨੇ ਕਿਹਾ, ‘(ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ) ਮੋਦੀ ਡਾਲਰ ਦੇ ਮੁਕਾਬਲੇ ਰੁਪਏ ਦੇ ਡਿੱਗਦੇ ਮੁੱਲ ਦੀ ਤੁਲਨਾ ਕਰਦਿਆਂ ਕਹਿੰਦੇ ਸਨ ਕਿ ਰੁਪਿਆ ਡਿੱਗ ਕੇ ਉਸ ਪੱਧਰ ’ਤੇ ਜਾ ਪੁੱਜਾ ਹੈ, ਜਿੱਥੇ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਦੀ ਉਮਰ ਤੇ ਰੁਪਏ ਦਾ ਮੁੱਲ ਲਗਪਗ ਇਕੋ ਜਿਹਾ ਹੈ।’ ਸ੍ਰੀ ਮੋਦੀ ਦੀ ਮਾਤਾ ਹੀਰਾਬਾ ਕਾਫ਼ੀ ਬਜ਼ੁਰਗ ਹਨ। ਉਧਰ ਭਾਜਪਾ ਦੇ ਕੌਮੀ ਬੁਲਾਰੇ ਸਾਂਬਿਤ ਪਾਤਰਾ ਨੇ ਬੱਬਰ ਵੱਲੋਂ ਕੀਤੀ ਟਿੱਪਣੀ ਨੂੰ ਗੈਰਸੰਸਦੀ ਭਾਸ਼ਾ ਦਸਦਿਆਂ ਕਿਸੇ ਵਿਅਕਤੀ ਵਿਸ਼ੇਸ਼ ਦੀ ਮਾਂ ਨੂੰ ਸਿਆਸਤ ਵਿੱਚ ਧੂਹਣ ਦੀ ਨਿਖੇਧੀ ਕੀਤੀ ਹੈ। ਪਾਤਰਾ ਨੇ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਮੰਤਰੀ ਦੀ ਮਾਂ ਪ੍ਰਤੀ ਵਤੀਰਾ ਸ਼ੁਰੂ ਤੋਂ ਨਾਵਾਜਬ ਰਿਹਾ ਹੈ ਤੇ ਅਜਿਹੀ ਭਾਸ਼ਾ ਪ੍ਰਧਾਨ ਮੰਤਰੀ ਖ਼ਿਲਾਫ਼ ਵੀ ਵਰਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੁਆਫ਼ੀ ਮੰਗਦਿਆਂ ਇਸ ਵਿਵਾਦਿਤ ਬਿਆਨ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ।
INDIA ਰਾਜ ਬੱਬਰ ਨੇ ਡਿੱਗਦੇ ਰੁਪਏ ਨੂੰ ਮੋਦੀ ਦੀ ਮਾਂ ਦੀ ਉਮਰ ਨਾਲ...