‘ਰਾਜ ਕਰੇਗਾ ਖਾਲਸਾ’ ਦੇ ਸੰਕਲਪ ਵੱਲ ਸ਼ਲਾਘਾਯੋਗ ਕਦਮ ਸੀ ਖਾਲਸਾ ਕਾਲਜ, ਅਮ੍ਰਿਤਸਰ।

(ਸਮਾਜ ਵੀਕਲੀ)

ਕਹਿੰਦੇ ਅੰਗਰੇਜ਼ਾਂ ਦੀ ਧਰਮ-ਪਰਿਵਤਨ ਨੀਤੀ ਤੋਂ ਪ੍ਰਭਾਵਿਤ ਹੋ ਕੇ ਚਾਰ ਸਿੱਖ ਨੌਜਵਾਨ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ ਈਸਾਈ ਬਣ ਗਏ। ਜਿਨ੍ਹਾਂ ਨੂੰ ਉਸ ਵੇਲੇ ਦੇ ਸੂਝਵਾਨ ਸਿੱਖ ਵਿਦਿਆਰਥੀ ਭਾਈ ਵੀਰ ਸਿੰਘ ਜੀ ਨੇ ਆਪਣੀ ਪ੍ਰੇਰਨਾ ਸਦਕਾ ਵਾਪਿਸ ਸਿੱਖ ਧਰਮ ਵਿੱਚ ਲਿਆਦਾਂ।

ਇਸ ਘਟਨਾ ਨੇ ਹੀ ਭਾਈ ਸਾਹਿਬ ਅਤੇ ਹੋਰ ਵਿਚਾਰਵਾਨ ਸਾਥੀਆਂ ਦੇ ਵਿਚਾਰਾਂ ਵਿੱਚ ਤੇਜੀ ਲਿਆਂਦੀ। ਅੰਤ ਨਤੀਜੇ ਵਜੋਂ 30 ਜੁਲਾਈ 1875 ਨੂੰ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ ਅਤੇ ਕੌਮ ਦਾ ਧਿਆਨ ਆਪਣਾ ਵੱਖਰਾ ਖਾਲਸਾ ਕਾਲਜ ਅਤੇ ਸਕੂਲ ਬਣਾਉਣ ਵੱਲ ਕੇਂਦਰਿਤ ਹੋਇਆ।

ਮੌਜੂਦਾ ਸਮੇਂ ਦਾ ਸੂਰਤ-ਏ-ਹਾਲ (ਧਾਰਮਿਕ ਸੰਸਥਾਵਾਂ ਦਾ ਸਿਖਿਆ ਪ੍ਰਤੀ) ਵੇਖ ਕੇ ਯਕੀਨ ਨਹੀਂ ਆਉਂਦਾ ਪਰ ਇਸ ਸ਼ੁੱਭ ਕਾਰਜ ਲਈ ਉਦੋਂ ਪੰਜਾਬੀ ਕਿਸਾਨਾਂ ਨੇ ਦੋ ਆਨੇ ਫੀ-ਏਕੜ ਸੈੱਸ ਦਿੱਤਾ। ਨਾਭਾ, ਪਟਿਆਲਾ, ਜੀਂਦ, ਫਰੀਦਕੋਟ ਦੇ ਰਾਜਿਆਂ ਅਤੇ ਕਈਂ ਧਨਾਢ ਸਿੱਖਾਂ ਨੇ ਵੱਡਮੁੱਲਾ ਯੋਗਦਾਨ ਪਾਇਆ।

‘ਨੀਤਾਂ ਨੂੰ ਮੁਰਾਦਾਂ’ ਦੇ ਅਖਾਣ ਵਾਂਗ ਖਾਲਸਾ ਕਾਲਜ ਦੀ ਇਮਾਰਤ ਉਸਾਰੀ 1877 ਵਿੱਚ ਸ਼ੁਰੂ ਹੋ ਕੇ 1899 ਵਿੱਚ ਪੂਰਨ ਰੂਪ ਵਿੱਚ ਤਿਆਰ ਹੋ ਗਈ।

ਇੱਥੋਂ ਪੜ੍ਹ ਕੇ ਪ੍ਰਵਾਨ ਚੜ੍ਹੀਆਂ ਪ੍ਰਮੁੱਖ ਸਿੱਖ ਹਸਤੀਆਂ ਵਿੱਚੋਂ ਏਅਰ ਮਾਰਸ਼ਲ ਸ੍ਰ. ਅਰਜਨ ਸਿੰਘ, ਜਨਰਲ ਸ੍ਰ. ਰਜਿੰਦਰ ਸਿੰਘ ਸਪੈਰੋ, ਬ੍ਰਿਗੇਡੀਅਰ ਐੱਨ. ਐੱਸ. ਸੰਧੂ, ਜਨਰਲ ਜਗਜੀਤ ਸਿੰਘ ਅਰੋੜਾ, ਭਾਈ ਬਿਸ਼ਨ ਸਿੰਘ ਸਮੁੰਦਰੀ, ਭਾਈ ਨੌਧ ਸਿੰਘ, ਸ੍ਰ. ਮਹਿੰਦਰ ਸਿੰਘ ਰੰਧਾਵਾ, ਮਾਸਟਰ ਹਰੀ ਸਿੰਘ, ਡਾ:- ਖੇਮ ਸਿੰਘ, ਸ੍ਰ. ਕਰਤਾਰ ਸਿੰਘ ਪਹਿਲਵਾਨ ਅਤੇ ਸ੍ਰ. ਬਿਸ਼ਨ ਸਿੰਘ ਬੇਦੀ ਸਿਰਕੱਢ ਨਾਮ ਹਨ।

ਉਪਰੋਕਤ ਵਿਚਾਰ ਨਾਲ ਸਾਂਝੇ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਕੀ ਸਿੱਖ ਆਗੂ, ਧਨਾਢ ਪ੍ਰਚਾਰਕਾਂ ਅਤੇ ਸੂਝਵਾਨ ਸੰਗਤ ਨੂੰ ਨਹੀਂ ਚਾਹੀਦਾ  ਕਿ ਸਿੱਖ ਵਿਦਿਆਰਥੀਆਂ ਲਈ IAS, IPS, IRS, PCS, NDA, CDS, NIIT ਵਗੈਰਾ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਸਿਖਲਾਈ ਸੰਸਥਾਵਾਂ ਜਾਂ ਅਕੈਡਮੀਆਂ ਖੋਲ੍ਹੀਆਂ ਜਾਣ ਤਾਂ ਕਿ ਵਰਤਮਾਨ ਸਮੇਂ (ਪ੍ਰਸ਼ਾਸਨਿਕ ਢਾਂਚੇ) ਨਾਲ਼ ਮੇਲ ਖਾਂਦਾ ਰਾਜ ਕਰੇਗਾ ਖਾਲਸਾ ਸਹੀ ਅਰਥਾਂ ਵਿੱਚ ਪ੍ਰਵਾਨ ਚੜ੍ਹੇ ਨਾ ਕਿ ਸਮਾਗਮਾਂ ਦੀ ਸਮਾਪਤੀ ਤੇ ਦੁਹਰਾਉਣ ਤੱਕ ਹੀ ਸੀਮਿਤ ਰਹੇ।

ਰੋਮੀ ਘੜਾਮੇਂ ਵਾਲ਼ਾ
98552-81105

Previous articleGlobal Covid-19 caseload tops 93.7 mn: Johns Hopkins
Next articleਬੁੱਕਲ ਦੇ ਸੱਪ !