ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿਚ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ ਹੈ। ਰਾਜੋਆਣਾ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ 1995 ਵਿਚ ਹੋਈ ਹੱਤਿਆ ਦਾ ਦੋਸ਼ੀ ਹੈ। ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਪੰਜਾਬ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ਾਹ ਕੋਲੋਂ ਪੁੱਛਿਆ ਸੀ ਕਿ ਰਾਜੋਆਣਾ ਨੂੰ ਮੁਆਫ਼ੀ ਕਿਸ ਅਧਾਰ ’ਤੇ ਦਿੱਤੀ ਗਈ ਹੈ? ਬਿੱਟੂ ਬੇਅੰਤ ਸਿੰਘ ਦੇ ਪੋਤਰੇ ਹਨ। ਸ਼ਾਹ ਨੇ ਕਿਹਾ ‘ਸੰਸਦ ਮੈਂਬਰ ਮੀਡੀਆ ਰਿਪੋਰਟਾਂ ’ਤੇ ਨਾ ਜਾਣ, ਕੋਈ ਮੁਆਫ਼ੀ ਨਹੀਂ ਦਿੱਤੀ ਗਈ।’ ਸਤੰਬਰ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਰਹੀ ਹੈ। ਉਸ ਵੇਲੇ ਕਿਹਾ ਗਿਆ ਸੀ ਕਿ ਫ਼ੈਸਲਾ ‘ਮਨੁੱਖੀ ਅਧਾਰ’ ਉੱਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਿਆ ਗਿਆ ਹੈ। ਪੰਜਾਬ ਪੁਲੀਸ ਦੇ ਸਾਬਕਾ ਕਾਂਸਟੇਬਲ ਰਾਜੋਆਣਾ ਦੀ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ 1995 ’ਚ ਹੋਏ ਬੰਬ ਧਮਾਕੇ ’ਚ ਸ਼ਮੂਲੀਅਤ ਸੀ। ਇਸ ’ਚ ਬੇਅੰਤ ਸਿੰਘ ਤੇ 16 ਹੋਰ ਹਲਾਕ ਹੋ ਗਏ ਸਨ। ਨਰਿੰਦਰ ਮੋਦੀ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਸਜ਼ਾ ਮੁਆਫ਼ੀ ’ਤੇ ਕਿਹਾ ਸੀ ਕਿ ਸਿੱਖਾਂ ਨੂੰ ਅਤਿਵਾਦ ਦੇ ਦੌਰ ਦੌਰਾਨ ਬਹੁਤ ਸੰਤਾਪ ਝੱਲਣਾ ਪਿਆ ਹੈ ਤੇ ਇਸ ਨਾਲ ‘ਉਨ੍ਹਾਂ ਦੇ ਦੁਖੀ ਮਨਾਂ ਨੂੰ ਸ਼ਾਂਤੀ ਮਿਲੇਗੀ।’ ਗ੍ਰਹਿ ਮੰਤਰਾਲੇ ਨੇ ਰਾਜੋਆਣਾ ਦੇ ਨਾਲ ਅੱਠਹੋਰ ਸਿੱਖ ਕੈਦੀਆਂ ਦੀ ਰਿਹਾਈ ਦਾ ਐਲਾਨ ਵੀ ਕੀਤਾ ਸੀ ਜਿਨ੍ਹਾਂ ਨੂੰ ਅਤਿਵਾਦ ਦੇ ਦੌਰ ਦੌਰਾਨ ਕੀਤੇ ਅਪਰਾਧਾਂ ਲਈ ਸਜ਼ਾ ਹੋਈ ਸੀ। ਦੱਸਣਯੋਗ ਹੈ ਕਿ ਰਾਜੋਆਣਾ ਨੂੰ ਜਗਤਾਰ ਸਿੰਘ ਹਵਾਰਾ ਦੇ ਨਾਲ ਜੁਲਾਈ 2007 ਵਿਚ ਵਿਸ਼ੇਸ਼ ਅਦਾਲਤ ਵੱਲੋਂ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ 31 ਮਾਰਚ, 2012 ਨੂੰ ਫ਼ਾਂਸੀ ਦਿੱਤੀ ਜਾਣੀ ਸੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਪਟੀਸ਼ਨ ਕਾਰਨ ਸਜ਼ਾ ’ਤੇ ਰੋਕ ਲਾ ਦਿੱਤੀ ਗਈ ਸੀ।
HOME ਰਾਜੋਆਣਾ ਦੀ ਸਜ਼ਾ ਮੁਆਫ਼ ਨਹੀਂ ਕੀਤੀ: ਸ਼ਾਹ