ਰਾਜੀਵ ਗਾਂਧੀ ਹੱਤਿਆ ਮਾਮਲੇ ਦੇ ਸੱਤ ਦੋਸ਼ੀਆਂ ਵਿੱਚੋਂ ਇੱਕ ਨਲਿਨੀ ਸ੍ਰੀਹਰਨ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਥੇ ਜੇਲ੍ਹ ਤੋਂ 30 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ। ਉਸ ਨੂੰ ਇਹ ਪੈਰੋਲ ਉਸ ਦੀ ਧੀ ਦੇ ਵਿਆਹ ਕਾਰਨ ਮਿਲੀ ਹੈ। ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਉਸ ਨੂੰ ਪੈਰੋਲ ’ਤੇ ਛੱਡਿਆ ਗਿਆ ਹੈ। ਉਸ ਦੀ ਪੈਰੋਲ ਨਾਲ ਕਈ ਸ਼ਰਤਾਂ ਲਾਈਆਂ ਗਈਆਂ ਹਨ।’’ ਸਾਲ 1991 ਤੋਂ ਜੇਲ੍ਹ ਵਿੱਚ ਬੰਦ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਹ 30 ਦਿਨਾਂ ਦੀ ਪੈਰੋਲ ’ਤੇ ਬਾਹਰ ਆਈ ਹੈ। ਉਹ ਪਹਿਲਾਂ ਵੀ ਪੈਰੋਲ ’ਤੇ ਬਾਹਰ ਆ ਚੁੱਕੀ ਹੈ ਪਰ ਏਨੇ ਸਮੇਂ ਲਈ ਨਹੀਂ। ਉਸ ਦੀ ਪੈਰੋਲ ਦੀਆਂ ਸ਼ਰਤਾਂ ਵਿੱਚ ਮੀਡੀਆ, ਸਿਆਸੀ ਦਲਾਂ ਜਾਂ ਸਿਆਸੀ ਸ਼ਖ਼ਸੀਅਤਾਂ ਨਾਲ ਗੱਲਬਾਤ ਨਾ ਕਰਨਾ ਅਤੇ ਚੰਗਾ ਵਿਹਾਰ ਬਣਾਈ ਰੱਖਣਾ ਸ਼ਾਮਲ ਹੈ। ਉਸ ਦੇ ਵਕੀਲਾਂ ਅਨੁਸਾਰ ਉਹ ਚੇਨੱਈ ਤੋਂ 130 ਕਿਲੋਮੀਟਰ ਦੂਰ ਵੇਲੂਰ ਜ਼ਿਲ੍ਹੇ ਵਿੱਚ ਰਹੇਗੀ। ਇਸ ਮਹੀਨੇ ਦੇ ਸ਼ੁਰੂ ਵਿੱਚ ਮਦਰਾਸ ਹਾਈ ਕੋਰਟ ਨੇ ਉਸ ਦੀ ਪੈਰੋਲ ਮਨਜ਼ੂਰ ਕੀਤੀ ਸੀ। ਨਲਿਨੀ ਪਿਛਲੇ 27 ਵਰ੍ਹਿਆਂ ਤੋਂ ਵੇਲੂਰ ਵਿੱਚ ਮਹਿਲਾਵਾਂ ਲਈ ਬਣੀ ਵਿਸ਼ੇਸ਼ ਜੇਲ੍ਹ ਵਿੱਚ ਬੰਦ ਹੈ। ਉਸ ਨੇ ਆਪਣੀ ਧੀ ਦੇ ਵਿਆਹ ਦੇ ਪ੍ਰਬੰਧ ਕਰਨ ਲਈ ਛੇ ਮਹੀਨਿਆਂ ਦੀ ਛੁੱਟੀ ਮੰਗੀ ਸੀ। ਨਲਿਨੀ ਤੋਂ ਇਲਾਵਾ ਉਸ ਦੇ ਪਤੀ ਮੁਰੂਗਨ ਸਣੇ ਛੇ ਹੋਰ ਦੋਸ਼ੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਨਾਲ ਸਬੰਧਤ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਰਾਜੀਵ ਗਾਂਧੀ ਦੀ 21 ਮਈ 1991 ਨੂੰ ਵੇਲੂਰ ਨੇੜੇ ਸ੍ਰੀਪੇਰਮਬਦੂਰ ਵਿੱਚ ਚੋਣ ਰੈਲੀ ਦੌਰਾਨ ਫ਼ਿਦਾਈਨ ਹਮਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ।
HOME ਰਾਜੀਵ ਹੱਤਿਆ ਕਾਂਡ ਦੀ ਦੋਸ਼ੀ ਨਲਿਨੀ ਪੈਰੋਲ ’ਤੇ ਰਿਹਾਅ