ਰਾਜਸਥਾਨ: ਸਾਰੇ ਮੰਤਰੀਆਂ ਨੇ ਦਿੱਤੇ ਅਸਤੀਫ਼ੇ

ਜੈਪੁਰ (ਸਮਾਜ ਵੀਕਲੀ) : ਕੈਬਨਿਟ ’ਚ ਫੇਰਬਦਲ ਤੋਂ ਪਹਿਲਾਂ ਕਾਂਗਰਸ ਸ਼ਾਸਿਤ ਸੂਬੇ ਰਾਜਸਥਾਨ ’ਚ ਅੱਜ ਸਾਰੇ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ। ਸੂਤਰਾਂ ਮੁਤਾਬਕ ਐਤਵਾਰ ਨੂੰ ਨਵਾਂ ਮੰਤਰੀ ਮੰਡਲ ਹਲਫ਼ ਲੈ ਸਕਦਾ ਹੈ। ਇਸ ਤੋਂ ਪਹਿਲਾਂ ਅੱਜ ਸ਼ਾਮ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਰਿਹਾਇਸ਼ ’ਤੇ ਬੈਠਕ ਹੋਈ ਜਿਸ ’ਚ ਸਾਰੇ ਮੰਤਰੀਆਂ ਨੇ ਅਸਤੀਫ਼ੇ ਦਿੱਤੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਮੀਟਿੰਗ ਦੇ ਸ਼ੁਰੂ ’ਚ ਅਸਤੀਫ਼ੇ ਦੇਣ ਦੀ ਤਜਵੀਜ਼ ਪੇਸ਼ ਕੀਤੀ ਸੀ। ਡੋਟਾਸਰਾ ਨੇ ਦੋ ਹੋਰ ਮੰਤਰੀਆਂ ਦੇ ਨਾਲ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਅਸਤੀਫ਼ੇ ਦੇਣ ਦੀ ਪੇਸ਼ਕਸ਼ ਕੀਤੀ ਸੀ। ਡੋਟਾਸਰਾ, ਹਰੀਸ਼ ਚੌਧਰੀ ਅਤੇ ਰਘੂ ਸ਼ਰਮਾ ਨੇ ਪਾਰਟੀ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਟਰਾਂਸਪੋਰਟ ਮੰਤਰੀ ਰਹੇ ਪ੍ਰਤਾਪ ਸਿੰਘ ਖਚਰੀਆਵਾਸ ਨੇ ਸਾਰੇ ਮੰਤਰੀਆਂ ਵੱਲੋਂ ਅਸਤੀਫ਼ੇ ਦਿੱਤੇ ਜਾਣ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਐਤਵਾਰ ਦੁਪਹਿਰ 2 ਵਜੇ ਪਹੁੰਚਣ ਲਈ ਕਿਹਾ ਗਿਆ ਹੈ।

ਉਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਏਆਈਸੀਸੀ ਜਨਰਲ ਸਕੱਤਰ ਅਜੈ ਮਾਕਨ ਅਤੇ ਪ੍ਰਦੇਸ਼ ਮੁਖੀ ਗੋਵਿੰਦ ਸਿੰਘ ਡੋਟਾਸਰਾ ਅਗਲੇ ਨਿਰਦੇਸ਼ ਦੇਣਗੇ। ਖਚਰੀਆਵਾਸ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਪਾਰਟੀ ਹਾਈਕਮਾਨ ਨੇ ਫੇਰਬਦਲ ਬਾਰੇ ਫ਼ੈਸਲਾ ਲੈਣਾ ਹੈ। ਗਹਿਲੋਤ ਕੈਬਨਿਟ ’ਚ 21 ਮੰਤਰੀ ਸ਼ਾਮਲ ਸਨ ਅਤੇ 9 ਹੋਰ ਮੰਤਰੀਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੱਲੋਂ ਗਹਿਲੋਤ ਖ਼ਿਲਾਫ਼ ਬਾਗ਼ੀ ਤੇਵਰ ਦਿਖਾਏ ਜਾਣ ਮਗਰੋਂ ਕੈਬਨਿਟ ’ਚ ਫੇਰਬਦਲ ਕਰਨਾ ਪੈ ਰਿਹਾ ਹੈ। ਕਈ ਆਜ਼ਾਦ ਵਿਧਾਇਕ ਅਤੇ ਬਸਪਾ ਤੋਂ ਕਾਂਗਰਸ ’ਚ ਆਉਣ ਵਾਲੇ ਆਗੂਆਂ ਦੀ ਵੀ ਮੰਤਰੀ ਬਣਨ ’ਤੇ ਨਜ਼ਰ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਫ਼ਦ ਵੱਲੋਂ ਭਾਈਚਾਰਕ ਸਾਂਝ, ਖੁਸ਼ਹਾਲੀ, ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਅਰਦਾਸ
Next articleਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਵਾਪਸ ਲੈ ਕੇ ਕੋਈ ਅਲਹਿਦਾ ਕੰਮ ਨਹੀਂ ਕੀਤਾ: ਚੰਨੀ