ਰਾਜਸਥਾਨ ਰੌਇਲਜ਼ ਨੇ ਅੱਜ ਇਥੇ ਆਈਪੀਐਲ ਦੇ ਇਕ ਰੋਮਾਂਚਕ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਟੀਮ ਨੇ ਮੇਜ਼ਬਾਨ ਟੀਮ ਵੱਲੋਂ ਜਿੱਤ ਲਈ ਮਿਲੇ 176 ਦੌੜਾਂ ਦੇ ਟੀਚੇ ਨੂੰ 19.2 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਨਾਲ 177 ਦੇ ਸਕੋਰ ਨਾਲ ਪੂਰਾ ਕੀਤਾ। ਰਾਜਸਥਾਨ ਦੀ ਜਿੱਤ ਵਿੱਚ ਰਿਆਨ ਪਰਾਗ (47) ਤੇ ਜੋਫ਼ਰਾ ਆਰਕਰ (ਨਾਬਾਦ 27) ਦਾ ਅਹਿਮ ਯੋਗਦਾਨ ਰਿਹਾ। ਆਰਕਰ ਨੇ 12 ਗੇਂਦਾਂ ਵਿੱਚ 2 ਛੱਕੇ ਤੇ 2 ਚੌਕੇ ਲਾਏ। ਕੋਲਕਾਤਾ ਲਈ ਪਿਯੂਸ਼ ਚਾਵਲਾ ਨੇ ਤਿੰਨ, ਸੁਨੀਲ ਨਰਾਇਣ ਨੇ 2 ਜਦੋਂਕਿ ਪ੍ਰਸਿੱਧ ਕ੍ਰਿਸ਼ਨਾ ਤੇ ਆਂਦਰੇ ਰਸਲ ਨੇ ਇਕ ਇਕ ਵਿਕਟ ਲਈ। ਉਂਜ ਅੱਜ ਦੇ ਮੈਚ ਦੇ ਨਤੀਜੇ ਨਾਲ ਦੋਵਾਂ ਟੀਮਾਂ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਿਆ। ਕੋਲਕਾਤਾ ਤੇ ਰਾਜਸਥਾਨ ਦੀਆਂ ਟੀਮ 11-11 ਮੈਚਾਂ ਵਿੱਚ ਚਾਰ-ਚਾਰ ਜਿੱਤਾਂ ਨਾਲ ਅੰਕ ਸੂਚੀ ਕ੍ਰਮਵਾਰ ਛੇਵੇਂ ਤੇ ਸੱਤਵੇਂ ਸਥਾਨ ’ਤੇ ਹਨ। ਇਸ ਤੋਂ ਪਹਿਲਾਂ ਦਿਨੇਸ਼ ਕਾਰਤਿਕ ਵੱਲੋਂ ਮੁਸ਼ਕਲ ਹਾਲਾਤ ਵਿੱਚ ਖੇਡੀ ਨਾਬਾਦ ਨੀਮ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰੌਇਲਜ਼ ਖ਼ਿਲਾਫ਼ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਛੇ ਵਿਕਟਾਂ ਦੇ ਨੁਕਸਾਨ ਨਾਲ 175 ਦੌੜਾਂ ਬਣਾਈਆਂ। ਕਾਰਤਿਕ ਨੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਖੇਡਦਿਆਂ 50 ਗੇਂਦਾਂ ਵਿੱਚ ਨੌਂ ਛੱਕਿਆਂ ਤੇ ਸੱਤ ਚੌਕਿਆਂ ਦੀ ਬਦੌਲਤ 97 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕਾਰਤਿਕ ਤੋਂ ਇਲਾਵਾ ਕੇਕੇਆਰ ਲਈ ਸਿਰਫ਼ ਨਿਤੀਸ਼ ਰਾਣਾ (21) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ। ਕਾਰਤਿਕ ਦੀ ਪਾਰੀ ਸਦਕਾ ਕੇਕੇਆਰ ਦੀ ਟੀਮ ਨੇ ਆਖਰੀ ਪੰਜ ਓਵਰਾਂ ਵਿੱਚ 75 ਜਦੋਂਕਿ ਆਖਰੀ 10 ਓਵਰਾਂ ਵਿੱਚ 126 ਦੌੜਾਂ ਜੋੜੀਆਂ।
Sports ਰਾਜਸਥਾਨ ਨੇ ਕੋਲਕਾਤਾ ਨਾਈਟ ਰਾਈਡਰਜ਼ ਤਿੰਨ ਵਿਕਟਾਂ ਨਾਲ ਹਰਾਏ