ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਅੱਗੇ, ਤਿਲੰਗਾਨਾ ਵਿੱਚ ਟੀਆਰਐਸ ਦੀ ਵੱਡੀ ਜਿੱਤ,
ਮਿਜ਼ੋਰਮ ’ਚ ਐਮਐੱਨਐਸ ਨੇ ਕਾਂਗਰਸ ਨੂੰ ਸੱਤਾ ਤੋਂ ਕੀਤਾ ਲਾਂਭੇ
ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੈਮੀ ਫਾਈਨਲ ਵਜੋਂ ਪ੍ਰਚਾਰੀਆਂ ਗਈਆਂ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਤੇ ਰੁਝਾਨਾਂ ਵਿੱਚ ਜਿੱਥੇ ਕਾਂਗਰਸ ਨੇ ਜ਼ੋਰਦਾਰ ਵਾਪਸੀ ਕਰਦਿਆਂ ਛੱਤੀਸਗੜ੍ਹ ਵਿੱਚ ਆਪਣੇ ਦਮ ’ਤੇ ਬਹੁਮਤ ਹਾਸਲ ਕਰ ਲਿਆ ਹੈ, ਉਥੇ ਰਾਜਸਥਾਨ ਵਿੱਚ ਕਾਂਗਰਸ ਸੌ ਸੀਟਾਂ ਦੇ ਜਾਦੂਈ ਅੰਕੜੇ ਦੇ ਨੇੜੇ ਪੁੱਜ ਗਈ ਹੈ। ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਅੱਗੇ ਚੱਲ ਰਹੀ ਹੈ। ਸੂਤਰਾਂ ਅਨੁਸਾਰ ਕਾਂਗਰਸ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ। ਰਾਜਭਵਨ ਦੇ ਸੂਤਰਾਂ ਨੇ ਕਿਹਾ ਹੈ ਿਕ ਪੂਰੇ ਨਤੀਜੇ ਆਉਣ ਤੋਂ ਬਾਅਦ ਹੀ ਸਮਾਂ ਦਿੱਤਾ ਜਾਵੇਗਾ। ਤਿਲੰਗਾਨਾ ਵਿੱਚ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਤਿਲੰਗਾਨਾ ਰਾਸ਼ਟਰੀ ਸਮਿਤੀ (ਟੀਆਰਐਸ) ਨੇ ਦੋ ਤਿਹਾਈ ਬਹੁਮਤ ਨਾਲ ਮੁੜ ਸੱਤਾ ਵਿੱਚ ਵਾਪਸੀ ਕੀਤੀ ਹੈ। ਮਿਜ਼ੋਰਮ ਵਿੱਚ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐਸ) ਨੇ ਕਾਂਗਰਸ ਕੋਲੋਂ ਸੱਤਾ ਖੋਹ ਲਈ ਹੈ। ਇਸ ਦੌਰਾਨ ਕਾਂਗਰਸ ਦੇ ਦਿੱਲੀ ਸਥਿਤ ਸਦਰ ਮੁਕਾਮ ’ਤੇ ਪਾਰਟੀ ਵਰਕਰਾਂ ਨੇ ਜਿੱਥੇ ਆਤਿਸ਼ਬਾਜ਼ੀ ਚਲਾ ਕੇ ਜਸ਼ਨ ਮਨਾਏ, ਉਥੇ ਭਾਜਪਾ ਸਦਰ ਮੁਕਾਮ ’ਤੇ ਚੁੱਪ ਪਸਰੀ ਰਹੀ। ਰਾਜਸਥਾਨ ਵਿੱਚ ਤਾਜ਼ਾ ਰੁਝਾਨਾਂ ਮੁਤਾਬਕ ਕਾਂਗਰਸ 200 ਮੈਂਬਰੀ ਵਿਧਾਨ ਸਭਾ ਵਿੱਚ ਸੌ ਦੇ ਜਾਦੂਈ ਅੰਕੜੇ ਵਲ ਵਧਦੀ ਵਿਖਾਈ ਦੇ ਰਹੀ ਹੈ। ਕਾਂਗਰਸ ਨੇ 82 ਸੀਟਾਂ ’ਤੇ ਜਿੱਤ ਦਰਜ ਕਰ ਲਈ ਸੀ ਜਦੋਂਕਿ 17 ਸੀਟਾਂ ’ਤੇ ਪਾਰਟੀ ਅੱਗੇ ਸੀ। ਉਧਰ ਭਾਜਪਾ 71 ਸੀਟਾਂ ’ਤੇ ਫ਼ਤਹਿ ਹਾਸਲ ਕਰਦਿਆਂ 2 ਸੀਟਾਂ ’ਤੇ ਅੱਗੇ ਚੱਲ ਰਹੀ ਸੀ। ਬਸਪਾ ਤੇ ਹੋਰਨਾਂ ਪਾਰਟੀਆਂ ਨੇ 14 ਅਤੇ ਆਜ਼ਾਦ ਉਮੀਦਵਾਰਾਂ ਨੇ 11 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ, ਜੋ ਲੋੜ ਪੈਣ ’ਤੇ ਕਿੰਗਮੇਕਰ ਸਾਬਤ ਹੋ ਸਕਦੇ ਹਨ। ਰਾਜਸਥਾਨ ਵਿਧਾਨ ਸਭਾ ਦੀਆਂ ਦੋ ਸੌ ਸੀਟਾਂ ਹਨ, ਪਰ ਅਲਵਰ ਦੀ ਰਾਮਗੜ੍ਹ ਸੀਟ ਤੋਂ ਬਸਪਾ ਉਮੀਦਵਾਰ ਦੀ ਮੌਤ ਹੋਣ ਕਰਕੇ ਚੋਣ ਮੁਲਤਵੀ ਕਰਨੀ ਪਈ ਸੀ। ਕਾਂਗਰਸ ਦੀ ਸਰਕਾਰ ਬਣਨ ’ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਰਾਜਸਥਾਨ ਕਾਂਗਰਸ ਦੇ ਮੁਖੀ ਸਚਿਨ ਪਾਇਲਟ ਮੁੱਖ ਮੰਤਰੀ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਹੋ ਸਕਦੇ ਹਨ। ਪੰਜ ਰਾਜਾਂ ਵਿੱਚੋਂ ਸਭ ਤੋਂ ਵੱਧ ਹੈਰਾਨ ਕਰਨ ਵਾਲੇ ਨਤੀਜੇ ਕਬਾਇਲੀ ਰਾਜ ਛੱਤੀਸਗੜ੍ਹ ਦੇ ਰਹੇ, ਜਿੱਥੇ ਮੁੱਖ ਮੰਤਰੀ ਰਮਨ ਸਿੰਘ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ 15 ਸਾਲ ਦੇ ਕਾਰਜਕਾਲ ਦਾ ਭੋਗ ਪੈ ਗਿਆ। 90 ਮੈਂਬਰੀ ਛੱਤੀਸਗੜ੍ਹ ਵਿਧਾਨ ਸਭਾ ਲਈ 89 ਸੀਟਾਂ ਲਈ ਉਪਲਬਧ ਰੁਝਾਨਾਂ ਮੁਤਾਬਕ ਕਾਂਗਰਸ 64 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। 18 ਸੀਟਾਂ ਨਾਲ ਭਾਜਪਾ ਦੂਜੇ ਨੰਬਰ ’ਤੇ ਹੈ। ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਜਨਤਾ ਕਾਂਗਰਸ ਛੱਤੀਸਗੜ੍ਹ(ਜੇ) ਪੰਜ ਸੀਟਾਂ ’ਤੇ ਅੱਗੇ ਹੈ। ਇਸ ਦੌਰਾਨ ਰਮਨ ਸਿੰਘ ਨੇ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦਿਆਂ ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ। ਉਧਰ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ਲਈ ਉਪਲਬਧ ਰੁਝਾਨਾਂ ਮੁਤਾਬਕ ਕਾਂਗਰਸ 113 ਸੀਟਾਂ ਨਾਲ ਜਦਕਿ ਭਾਜਪਾ 109 ਸੀਟਾਂ ਨਾਲ ਅੱਗੇ ਸੀ। ਇਥੇ ਦੋਵਾਂ ਕੌਮੀ ਪਾਰਟੀਆਂ ’ਚ ਫਸਵੀਂ ਟੱਕਰ ਵੇਖਣ ਨੂੰ ਮਿਲ ਰਹੀ ਹੈ। ਗਿਣਤੀ ਦੇ ਰੁਝਾਨਾਂ ਦੀ ਮੰਨੀਏ ਤਾਂ ਘੱਟੋ ਘੱਟ ਇਕ ਦਰਜਨ ਸੀਟਾਂ ’ਤੇ ਦੋਵਾਂ ਪਾਰਟੀਆਂ ਵਿਚਾਲੇ ਪੰਜ ਸੌ ਵੋਟਾਂ ਦਾ ਫਰਕ ਹੈ। ਸੱਤਾ ਵਿਰੋਧੀ ਲਹਿਰ ਨਾਲ ਜੂਝ ਰਹੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਨੀ ਸੀਟ ਤੋਂ ਜਿੱਤ ਦਰਜ ਕੀਤੀ ਹੈ।