ਪਟਿਆਲਾ/ਰਾਜਪੁਰਾ (ਸਮਾਜਵੀਕਲੀ) – ਪੰਜਾਬ ਦੇ ਪਹਿਲੇ ‘ਬਫਰ ਜ਼ੋਨ’ ਰਾਜਪੁਰਾ ’ਚੋਂ ਅੱਜ ਇੱਕੋ ਹੀ ਪਰਿਵਾਰ ਦੇ ਛੇ ਹੋਰ ਮੈਂਬਰ ਪਾਜ਼ੇਟਿਵ ਪਾਏ ਗਏ ਹਨ। ਇਸ ਮਗਰੋਂ ਪਟਿਆਲਾ ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 61 ਹੋ ਗਈ ਹੈ। ਇਨ੍ਹਾਂ ’ਚੋਂ 42 ਮਰੀਜ਼ ਰਾਜਪੁਰਾ ਦੇ ਹਨ।
ਜ਼ਿਕਰਯੋਗ ਹੈ ਕਿ ਰਾਜਪੁਰਾ ’ਚ ਸ਼ੁੱਕਰਵਾਰ ਨੂੰ ਵੀ ਕਰੋਨਾ ਦੇ ਛੇ ਮਰੀਜ਼ ਮਿਲੇ ਸਨ। ਇਨ੍ਹਾਂ ਦੇ ਸੰਪਰਕ ’ਚ ਰਹੇ 12 ਜਣਿਆਂ ਦੇ ਕੀਤੇ ਗਏ ਟੈਸਟਾਂ ਦੀ ਰਿਪੋਰਟ ਅੱਜ ਆਈ, ਜਿਨ੍ਹਾਂ ’ਚੋਂ ਛੇ ਜਣੇ ਹੋਰ ਪਾਜ਼ੇਟਿਵ ਪਾਏ ਗਏ। ਰਾਜਪੁਰਾ ਦੇ ਐੱਨਟੀਸੀ ਸਕੂਲ ਇਲਾਕੇ ਨਾਲ ਸਬੰਧਿਤ ਇਨ੍ਹਾਂ ਮਰੀਜ਼ਾਂ ਵਿਚ ਇੱਕ ਬਿਰਧ ਔਰਤ, ਉਸ ਦੇ ਦੋ ਪੁੱਤਰ, ਦੋ ਨੂੰਹਾਂ ਤੇ ਇੱਕ ਪੋਤਾ ਸ਼ਾਮਲ ਹਨ। ਰਿਪੋਰਟ ਆਉਣ ਤੋਂ ਤੁਰੰਤ ਮਗਰੋਂ ਇਨ੍ਹਾਂ ਸਾਰਿਆਂ ਨੂੰ ਪਟਿਆਲਾ ਸਥਿਤ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰ ਲਿਆ ਗਿਆ ਹੈ।
ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਹੁਣ ਨਵੇਂ ਸਾਹਮਣੇ ਆਏ ਇਨ੍ਹਾਂ ਛੇ ਮਰੀਜ਼ਾਂ ਦੇ ਸੰਪਰਕ ’ਚ ਰਹਿਣ ਵਾਲਿਆਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਵੀ ਟੈਸਟ ਕੀਤੇ ਜਾ ਸਕਣ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਸਿਹਤ ਵਿਭਾਗ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ’ਚੋਂ 64 ਵਿਅਕਤੀਆਂ ਦੇ ਸੈਂਪਲ ਲਏ ਹਨ।
ਇਥੇ ਲਗਾਤਾਰ ਵਧ ਰਹੀ ਕਰੋਨਾ ਮਰੀਜ਼ਾਂ ਦੀ ਗਿਣਤੀ ਕਾਰਨ ਰਾਜਪੁਰਾ ਨੂੰ ਸੂਬੇ ਦਾ ਪਹਿਲਾ ‘ਬਫਰ ਜ਼ੋਨ’ ਐਲਾਨਿਆ ਗਿਆ ਹੈ। ਇਸ ਤਹਿਤ ਅਨਾਜ ਮੰਡੀ ਤੇ ਪੈਟਰੋਲ ਪੰਪਾਂ ਤੋਂ ਇਲਾਵਾ ਬਾਕੀ ਸਾਰਾ ਕੁਝ ਬੰਦ ਹੈ। ਜ਼ਰੂਰੀ ਵਸਤਾਂ ਪਹੁੰਚਾਉਣ ਦਾ ਪ੍ਰਬੰਧ ਪ੍ਰਸ਼ਾਸਨ ਨੇ ਆਪਣੇ ਜਿੰਮੇ ਲਿਆ ਹੈ।