ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ’ਤੇ ਘਟੀਆ ਸਿਆਸਤ ਕਰਨ ਦੇ ਦੋਸ਼ ਲਾਉਂਦਿਆਂ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਵੱਲੋਂ ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਤਲਬ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਭਾਵੇਂ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਢਾਹ ਲੱਗਣ ਬਾਰੇ ਭਾਜਪਾ ਦਾ ਕੂੜ ਪ੍ਰਚਾਰ ਖੇਤੀ ਕਾਨੂੰਨਾਂ ਦੇ ਮਸਲੇ ਅਤੇ ਕਿਸਾਨਾਂ ਦੇ ਅੰਦੋਲਨ ਤੋਂ ਧਿਆਨ ਹਟਾਉਣ ਦੇ ਹੱਥਕੰਡੇ ਤੋਂ ਵੱਧ ਕੁਝ ਵੀ ਨਹੀਂ ਪਰ ਫਿਰ ਵੀ ਜੇਕਰ ਰਾਜਪਾਲ ਨੂੰ ਸਥਿਤੀ ਬਾਰੇ ਕਿਸੇ ਤਰ੍ਹਾਂ ਦਾ ਕੋਈ ਸਰੋਕਾਰ ਸੀ ਤਾਂ ਇਹ ਮਸਲਾ ਗ੍ਰਹਿ ਮਾਮਲਿਆਂ ਦਾ ਨਿਗਰਾਨ ਹੋਣ ਦੇ ਨਾਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਕੋਲ ਉਠਾਉਣਾ ਚਾਹੀਦਾ ਸੀ।
ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਰਾਹੀਂ ਬਲਦੀ ਉਤੇ ਤੇਲ ਪਾਉਣ ਲਈ ਸੂਬੇ ਦੀ ਭਾਜਪਾ ਲੀਡਰਸ਼ਿਪ ਦੀ ਵੀ ਉਨ੍ਹਾਂ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਭਾਜਪਾ ਵੱਲੋਂ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੁਝ ਘਟਨਾਵਾਂ ਨੂੰ ਅਮਨ-ਕਾਨੂੰਨ ਦੀ ਸਮੱਸਿਆ ਦੱਸ ਕੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਗਿਣੀ-ਮਿਥੀ ਘਟੀਆ ਸਾਜ਼ਿਸ਼ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ,‘‘ਨੁਕਸਾਨੇ ਗਏ ਟਾਵਰਾਂ ਦੀ ਮੁਰੰਮਤ ਤਾਂ ਕੀਤੀ ਜਾ ਸਕਦੀ ਹੈ ਪਰ ਦਿੱਲੀ ਦੀਆਂ ਸਰਹੱਦਾਂ ’ਤੇ ਹੱਡ ਚੀਰਵੀਂ ਠੰਢ ਵਿੱਚ ਜਾਨਾਂ ਗੁਆ ਚੁੱਕੇ ਕਿਸਾਨ ਵਾਪਸ ਨਹੀਂ ਆ ਸਕਦੇ ਹਨ।’’ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਮੱਥੇ ਉਤੇ ਨਕਸਲੀ ਅਤੇ ਖਾਲਿਸਤਾਨੀ ਵਰਗੇ ਸ਼ਬਦਾਂ ਦਾ ਕਲੰਕ ਲਾਉਣ ਦੀ ਬਜਾਏ ਭਾਜਪਾ ਨੂੰ ਆਪਣੀ ਕੇਂਦਰੀ ਲੀਡਰਸ਼ਿਪ ਉਪਰ ਅੰਨਦਾਤਿਆਂ ਦੀ ਆਵਾਜ਼ ਸੁਣਨ ਅਤੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ।
ਭਾਜਪਾ ਦੇ ਹੱਥਕੰਡਿਆਂ ਅੱਗੇ ਰਾਜਪਾਲ ਦੇ ਝੁਕ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਭਾਜਪਾ ਲੀਡਰ ਦੀ ਸ਼ਿਕਾਇਤ ਉਤੇ ਰਾਜਪਾਲ ਨੇ ਸਿਰਫ਼ ਇਕ ਦਿਨ ਵਿੱਚ ਹੀ ਪ੍ਰਤੀਕਰਮ ਦੇ ਦਿੱਤਾ ਪਰ ਵਿਧਾਨ ਸਭਾ ਵਿੱਚ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪਾਸੇ ਕੀਤੇ ਗੲੇ ਸੂਬਾਈ ਸੋਧ ਬਿੱਲਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜੇ ਜਾਣ ’ਚ ਜਾਣਬੁੱਝ ਕੇ ਦੇਰੀ ਕੀਤੀ ਗਈ ਹੈ।
ਕੈਪਟਨ ਨੇ ਭਾਜਪਾ ਦੀ ਪੰਜਾਬ ਇਕਾਈ ਵੱਲੋਂ ਕਾਂਗਰਸ ’ਤੇ ਲਾਏ ਗਏ ਦੋਸ਼ਾਂ ਨੂੰ ਸ਼ਰਮਨਾਕ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਕ ਪਾਰਟੀ ਜਿਸ ਨੇ ਅਸਲੀਅਤ ਵਿੱਚ ਸੂਬੇ ਦੀ ਹਰੇਕ ਜਮਹੂਰੀ ਸੰਸਥਾ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੋਵੇ, ਉਸ ਵੱਲੋਂ ਕਿਸੇ ਹੋਰ ਨੂੰ ਗੈਰ-ਜਮਹੂਰੀ ਦੱਸਣ ਦਾ ਕੋਈ ਹੱਕ ਨਹੀਂ ਹੈ।