ਰਾਜਨਾਥ ਨੇ ਹੈੱਡਕੁਆਰਟਰ ਤੋਂ ਸ਼ੁਰੂ ਕੀਤੇ ਫ਼ੌਜ ’ਚ ਸੁਧਾਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੈਨਾ ’ਚ ਸੁਧਾਰਾਂ ਦੇ ਪਹਿਲੇ ਪੜਾਅ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ’ਚ ਸੈਨਾ ਦੇ ਹੈੱਡਕੁਆਰਟਰ ’ਤੇ ਤਾਇਨਾਤ 206 ਅਧਿਕਾਰੀਆਂ ਦੇ ਤਬਾਦਲੇ ਵੀ ਸ਼ਾਮਲ ਹਨ। ਉਨ੍ਹਾਂ ਮਨੁੱਖੀ ਹੱਕਾਂ ਦੇ ਮੁੱਦੇ ’ਤੇ ਵੱਖਰਾ ਵਿਜੀਲੈਂਸ ਸੈੱਲ ਅਤੇ ਜਥੇਬੰਦੀ ਬਣਾਉਣ ਦਾ ਐਲਾਨ ਵੀ ਕੀਤਾ ਹੈ। ਪਿਛਲੇ ਸਾਲ ਫ਼ੌਜ ਨੇ ਸੁਧਾਰਾਂ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਸੀ ਤਾਂ ਜੋ ਉਸ ਦੀ ਤਾਕਤ ਅਤੇ ਸਮਰੱਥਾ ਨੂੰ ਵਧਾਇਆ ਜਾ ਸਕੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਸੈਨਾ ਹੈੱਡਕੁਆਰਟਰ ਦੇ ਪੁਨਰਗਠਨ ਸਬੰਧੀ ਕਈ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਹੈ। ਜਿਨ੍ਹਾਂ 206 ਫ਼ੌਜੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ, ਉਨ੍ਹਾਂ ’ਚ ਤਿੰਨ ਮੇਜਰ ਜਨਰਲ, ਅੱਠ ਬ੍ਰਿਗੇਡੀਅਰ, 9 ਕਰਨਲ ਅਤੇ 186 ਲੈਫ਼ਟੀਨੈਂਟ ਕਰਨਲ/ਮੇਜਰ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਵੱਖਰਾ ਵਿਜੀਲੈਂਸ ਸੈੱਲ ਚੀਫ਼ ਆਫ਼ ਆਰਮੀ ਸਟਾਫ਼ ਦੀ ਅਗਵਾਈ ਹੇਠ ਕੰਮ ਕਰੇਗਾ। ਇਸ ਤਹਿਤ ਵਧੀਕ ਡਾਇਰੈਕਟਰ ਜਨਰਲ (ਵਿਜੀਲੈਂਸ) ਸਿੱਧੇ ਉਨ੍ਹਾਂ ਹੇਠ ਤਾਇਨਾਤ ਕੀਤਾ ਜਾਵੇਗਾ। ਵਿਜੀਲੈਂਸ ਸੈੱਲ ’ਚ ਤਿੰਨ ਕਰਨਲ ਪੱਧਰ ਦੇ ਅਧਿਕਾਰੀ ਹੋਣਗੇ ਜੋ ਥਲ, ਹਵਾਈ ਅਤੇ ਜਲ ਸੈਨਾ ’ਚੋਂ ਲਏ ਜਾਣਗੇ। ਮੰਤਰਾਲੇ ਨੇ ਕਿਹਾ ਕਿ ਮਨੁੱਖੀ ਹੱਕਾਂ ਦੇ ਘਾਣ ਦੇ ਮਾਮਲਿਆਂ ’ਚ ਪਾਰਦਰਸ਼ਿਤਾ ਵਧਾਉਣ ਅਤੇ ਜਾਂਚ ਲਈ ਐੱਸਐੱਸਪੀ/ਐੱਸਪੀ ਰੈਂਕ ਦੇ ਪੁਲੀਸ ਅਧਿਕਾਰੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

Previous articleਹੜ੍ਹ ਮਾਰੀਆਂ ਫ਼ਸਲਾਂ ਦਾ ਮੁਆਵਜ਼ਾ ਜਲਦੀ ਦੇਵਾਂਗੇ: ਕਾਂਗੜ
Next articleਸਬ-ਇੰਸਪੈਕਟਰ ਛੇੜਛਾੜ ਦੇ ਦੋਸ਼ ਹੇਠ ਗ੍ਰਿਫ਼ਤਾਰ