ਅਪਰੇਸ਼ਨ ਵਿਜੈ ਦੀ 20ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਕੌਮੀ ਜੰਗੀ ਯਾਦਗਾਰ ਵਿੱਚ ਵਿਜੈ ਜਯੋਤੀ ਜਗਾਈ। ਫ਼ੌਜ ਅਨੁਸਾਰ ਇਹ ਵਿਜੈ ਜਯੋਤੀ ਮੋਟਰਸਾਈਕਲ ਚਾਲਕਾਂ ਦੀ ਇਕ ਟੀਮ ਵੱਲੋਂ 11 ਸ਼ਹਿਰਾਂ ਅਤੇ ਕਸਬਿਆਂ ਵਿੱਚੋਂ ਲੰਘਦੇ ਹੋਏ ਅਖ਼ੀਰ ਵਿੱਚ ਦਰਾਸ ਵਿੱਚ ਸਥਿਤ ਕਾਰਗਿਲ ਜੰਗੀ ਯਾਦਗਾਰ ਵਿੱਚ ਜਗਦੀ ਅਨੰਦ ਜਯੋਤੀ ਵਿੱਚ ਮਿਲਾਈ ਜਾਵੇਗੀ। ਜ਼ਿਕਰਯੋਗ ਹੈ ਕਿ ਕਾਰਗਿਲ ਜੰਗ ਦੌਰਾਨ ਦੇਸ਼ ਲਈ ਆਪਣੀਆਂ ਜਾਨਾਂ ਦੇਣ ਵਾਲੇ ਸ਼ਹੀਦਾਂ ਦੇ ਸਨਮਾਨ ਵਿੱਚ ਕਾਰਗਿਲ ਵਿਜੈ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕੌਮੀ ਜੰਗੀ ਯਾਦਗਾਰ ਵਿੱਚ ਸਥਿਤ ਅਮਰ ਜਵਾਨ ਜਯੋਤੀ ਵਿਖੇ ਫੁੱਲਾਂ ਦੇ ਹਾਰ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਹੱਦਾਂ ਉੱਤੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀਆਂ ਜਾਨਾਂ ਦੇਣ ਵਾਲੇ ਫ਼ੌਜੀ ਜਵਾਨਾਂ ਨੂੰ ਉਹ ਸ਼ਰਧਾਂਜਲੀ ਭੇਟ ਕਰਦੇ ਹਨ। ਜ਼ਿਕਰਯੋਗ ਹੈ ਕਿ ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਮਨਾਉਣ ਲਈ ਦਿੱਲੀ ਅਤੇ ਜੰਮੂ ਕਸ਼ਮੀਰ ਦੇ ਦਰਾਸ ਵਿੱਚ ਫ਼ੌਜ ਵੱਲੋਂ ਕਈ ਪ੍ਰੋਗਰਾਮ ਉਲੀਕੇ ਗਏ ਹਨ। ਇਹ ਜਯੋਤੀ ਲੈ ਕੇ ਜਾਣ ਵਾਲੀ ਟੀਮ ਵੱਖ ਵੱਖ ਸਿੱਖਿਆ ਸੰਸਥਾਵਾਂ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਨਾਲ ਸਿੱਖਿਅਕ ਅਤੇ ਦੇਸ਼ ਭਗਤੀ ਬਾਰੇ ਗੱਲਬਾਤ ਕਰੇਗੀ।
INDIA ਰਾਜਨਾਥ ਨੇ ਕੌਮੀ ਜੰਗੀ ਯਾਦਗਾਰ ’ਤੇ ਵਿਜੈ ਜਯੋਤੀ ਜਗਾਈ