ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਸ਼ਰਮ ਨੇੜੇ ਦਿੱਲੀ ਵਿੱਚ ਸੂਰੀਆ ਹੋਟਲ ਦਾ ਦੌਰਾ ਕੀਤਾ ਤੇ ਇਸ ਆਲੀਸ਼ਾਨ ਹੋਟਲ ਵਿੱਚ ਕੋਵਿਡ-19 ਮਰੀਜ਼ਾਂ ਲਈ ਵੱਖਰੇ ਵਾਰਡ ਵਿੱਚ ਤਬਦੀਲ ਕੀਤੇ ਜਾਣ ਵਾਲੇ ਕਮਰਿਆਂ ਦਾ ਜਾਇਜ਼ਾ ਲਿਆ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਦੌਰਾਨ 120 ਬਿਸਤਰੇ ਦੀ ਸਹੂਲਤ ਸ਼ੁਰੂ ਹੋ ਜਾਵੇਗੀ ਤੇ ਹੌਲੀ-ਹੌਲੀ 250-300 ਬਿਸਤਰੇ ਤੱਕ ਸਹੂਲਤ ਵਧ ਸਕੇਗੀ।
ਦਿੱਲੀ ਵਿੱਚ 30-35 ਹੋਟਲ ਹੋਰ ਮੰਗ ਕੇ 3000-3500 ਬਿਸਤਰੇ ਵਧਾਉਣ ਬਾਰੇ ਵੀ ਉਨ੍ਹਾਂ ਜਾਣਕਾਰੀ ਦਿੱਤੀ। ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਅਰਵਿੰਦ ਕੇਜਰੀਵਾਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨਾਲ ਤਿਆਰੀ ਵੇਖਣ ਲਈ ਸੂਰੀਆ ਹੋਟਲ ਗਏ। ਸੂਰੀਆ ਹੋਟਲ ਕੋਵਿਡ -19 ਦੇ ਮਰੀਜ਼ਾਂ ਨੂੰ 90 ਕਮਰੇ ਸਮਰਪਿਤ ਕਰ ਰਿਹਾ ਹੈ। ਇਹ ਰੋਗੀ ਜਾਂ ਤਾਂ ਹਲਕੇ ਲੱਛਣ ਵਾਲੇ ਜਾਂ ਅਸਿਮੋਟੋਮੈਟਿਕ ਹੋਣਗੇ। ਸਰਕਾਰ ਨੇ ਕਮਰੇ ਦੇ ਚਾਰਜ ਵੀ ਹੋਟਲ ਦੇ ਅਨੁਸਾਰ ਤੈਅ ਕੀਤੇ ਹਨ।
ਇੱਕ ਮਰੀਜ਼ ਨੂੰ ਪ੍ਰਤੀ ਰਾਤ 5000 ਤੋਂ ਵੱਧ ਟੈਕਸ ਵਸੂਲਿਆ ਜਾਵੇਗਾ ਜਿਸ ਵਿੱਚ ਤਿੰਨ ਭੋਜਨ ਅਤੇ ਹੋਟਲ ਦੀਆਂ ਹੋਰ ਸੇਵਾਵਾਂ ਸ਼ਾਮਿਲ ਹੋਣਗੀਆਂ। ਹੋਟਲ ਨੂੰ ਹੁਣ ਹੋਲੀ ਫੈਮਲੀ ਹਸਪਤਾਲ ਨਾਲ ਜੋੜਿਆ ਜਾਵੇਗਾ ਜੋ ਕਿ ਸਿਰਫ 500 ਮੀਟਰ ਦੀ ਦੂਰੀ ’ਤੇ ਹੈ ਅਤੇ ਇਸ ਲਈ ਸਿਰਫ ਹਸਪਤਾਲ ਦੇ ਮਰੀਜ਼ਾਂ ਨੂੰ ਹੋਟਲ ਰੈਫਰ ਕੀਤਾ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਸੂਰੀਆ ਹੋਟਲ ਦਾ ਦੌਰਾ ਕੀਤਾ।
ਹਾਈ ਕੋਰਟ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਹੋਟਲ ਨੂੰ ਹੋਲੀ ਫੈਮਲੀ ਹਸਪਤਾਲ ਨਾਲ ਜੋੜਨ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ 29 ਮਈ ਨੂੰ ਇੱਕ ਆਦੇਸ਼ ਰਾਹੀਂ ਚਾਰ ਤੇ ਪੰਜ ਤਾਰਾ-ਹੋਟਲ ਨੂੰ ਵੱਡੇ ਹਸਪਤਾਲਾਂ ਨਾਲ ਜੋੜਿਆ ਸੀ ਜੋ ਕਿ ਕਰੋਨਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿੱਚ ਸ਼ਾਮਲ ਹਨ।