*ਊਥਾਲ (ਰਾਜਵੀਰ ਸਮਰਾ )(ਸਮਾਜ ਵੀਕਲੀ)– ਪਿਛਲੇ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥਿਆਂ ਦੇ ਮਾਣ ਸਤਿਕਾਰ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਢਾਅ ਲਾਉਣ ਦਾ ਮਸਲਾ ਹੱਲ ਨਾ ਹੋਣ ਕਰਕੇ ਸ਼ੋਸਲ ਮੀਡੀਏ ਦੇ ਜਰੀਏ ਸੰਸਾਰ ਪੱਧਰ ਤੇ ਜਾਹਿਰ ਹੋ ਚੁੱਕਾ ਹੈ ਜਿਸ ਕਰਕੇ ਸਮੁੱਚੇ ਖਾਲਸਾ ਪੰਥ ਅਤੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਬਲਵਿੰਦਰ ਸਿੰਘ ਪੱਟੀ ਜੀ ਨੇ ਸਿੱਖ ਮਿਸ਼ਨਰੀ ਸੁਸਾਇਟੀ, ਸਾਊਥਾਲ ਵਿਖੇ ਰੱਖੀ ਗਈ ਸਮੂੰਹ ਰਾਗੀ ਸਿੰਘ ਸਭਾ ਦੇ ਜੱਥਿਆਂ ਦੀ ਵਿਸ਼ੇਸ਼ ਇਕੱਤਰਤਾ ਵਿੱਚ ਕੀਤਾ।
ਇਸ ਇਕੱਤਰਤਾ ਵਿੱਚ ਇੰਗਲੈਂਡ ਦੇ 25 ਰਾਗੀ ਜੱਥਿਆਂ ਨੇ ਭਾਗ ਲਿਆ। ਭਾਈ ਬਲਵਿੰਦਰ ਸਿੰਘ ਪੱਟੀ ਜੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਜ਼ੂਰੀ ਰਾਗੀ ਜੱਥਿਆਂ ਦਾ ਸੰਸਾਰ ਪੱਧਰ ਤੇ ਬਹੁਤ ਮਾਣ ਸਤਿਕਾਰ ਹੈ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਕੀਰਤਨ ਕਰਨ ਕਰਕੇ ਸੰਗਤਾਂ ਦਿਲੋਂ ਪਿਆਰ ਕਰਦੀਆਂ ਹਨ। ਇਕੱਤਰਤਾ ਵਿੱਚ ਸ਼ਾਮਿਲ ਸਮੂੰਹ ਰਾਗੀ ਜੱਥਿਆਂ ਨੇ ਇਹ ਵਿਚਾਰ ਦਿੱਤੇ ਕਿ ਇਸ ਮਸਲੇ ਨੂੰ ਲੈ ਕੇ ਜਦੋਂ ਰਾਗੀ ਜੱਥੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕੋਲ ਗਏ ਸੀ ਤਾਂ ਉਹਨਾਂ ਨੂੰ ਉਦੋਂ ਹੀ ਦੋਵੇਂ ਧਿਰਾਂ ਨੂੰ ਬੁਲਾ ਕੇ ਨਿਆ ਕਰਨਾ ਚਾਹੀਦਾ ਸੀ ਅਤੇ ਦੋਵਾਂ ਧਿਰਾਂ ਵਿੱਚ ਫਿਰ ਆਪਸੀ ਪਿਆਰ, ਮਾਣ ਸਤਿਕਾਰ ਦਾ ਭਰੋਸਾ ਲੈਣਾ ਚਾਹੀਦਾ ਸੀ।
ਉਹਨਾਂ ਕਿਹਾ ਕਿ ਅਸੀਂ ਸਾਰੇ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਣ ਅਤੇ ਗੁਰੂ ਰਾਮਦਾਸ ਜੀ ਦੇ ਘਰ ਦੇ ਰਾਗੀ, ਪ੍ਰਚਾਰਕਾਂ, ਅਤੇ ਸਿੰਘ ਸਾਹਿਬ ਜੀ ਦੇ ਮਾਣ ਸਤਿਕਾਰ ਲਈ ਇਸ ਮਸਲੇ ਨੂੰ ਹੋਰ ਮੀਡੀਏ ਉੱਪਰ ਨਾ ਜਾਣ ਦਿੱਤਾ ਜਾਵੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਦੋਹਾਂ ਹੀ ਧਿਰਾਂ ਨੂੰ ਸੱਦਾ ਦੇ ਕੇ ਮਸਲੇ ਨੂੰ ਸੁਲਝਾਇਆ ਜਾਵੇ।
ਇਸਦੇ ਨਾਲ ਹੀ ਜੋ ਰਾਗੀ ਸਿੰਘਾਂ ਦੇ ਵਿਰੁੱਧ ਪ੍ਰਚਾਰਕ ਬੋਲ ਰਹੇ ਹਨ ਉਹਨਾਂ ਉੱਤੇ ਵੀ ਸਖਤੀ ਕੀਤੀ ਜਾਵੇ। ਇਸ ਸਮੇਂ ਸਿੱਖ ਮਿਸ਼ਨਰੀ ਸੁਸਾਇਟੀ ਦੇ ਭਾਈ ਬਲਵਿੰਦਰ ਸਿੰਘ ਪੱਟੀ, ਭਾਈ ਜਸਬੀਰ ਸਿੰਘ ਸਾਬਕਾ ਹਜ਼ੂਰੀ ਰਾਗੀ, ਭਾਈ ਜਤਿੰਦਰ ਸਿੰਘ ਚੰਡੀਗੜ, ਭਾਈ ਦਇਆ ਸਿੰਘ ਜਲੰਧਰ ਵਾਲੇ, ਭਾਈ ਰਣਜੀਤ ਸਿੰਘ ਗੰਗਾਨਗਰ, ਭਾਈ ਪ੍ਰੀਤਮਾਨ ਸਿੰਘ ਦਿੱਲੀ ਵਾਲੇ, ਭਾਈ ਹਰਪ੍ਰੀਤ ਸਿੰਘ ਜਲੰਧਰ ਵਾਲੇ, ਭਾਈ ਗੁਰਦੀਪ ਸਿੰਘ ਸ਼ਾਨ, ਭਾਈ ਜਸਵਿੰਦਰ ਸਿੰਘ ਦਿੱਲੀ ਵਾਲੇ, ਭਾਈ ਗੁਰਮੇਲ ਸਿੰਘ ਸਾਊਥਾਲ ਵਾਲੇ, ਭਾਈ ਗੁਰਦਿਆਲ ਸਿੰਘ ਦਿੱਲੀ ਵਾਲੇ, ਭਾਈ ਅਜੀਤ ਸਿੰਘ ਜੀਤ ਦਿੱਲੀ ਵਾਲੇ, ਭਾਈ ਜਸਬੀਰ ਸਿੰਘ ਨਕੋਦਰ ਵਾਲੇ, ਭਾਈ ਮਹਿੰਦਰ ਸਿੰਘ ਕਾਬਲ, ਭਾਈ ਬਲਵਿੰਦਰ ਸਿੰਘ ਸੰਗਰੂਰ, ਭਾਈ ਰਣਜੀਤ ਸਿੰਘ ਮਲੋਟ, ਭਾਈ ਜੋਰਾਵਰ ਸਿੰਘ, ਭਾਈ ਜਤਿੰਦਰ ਸਿੰਘ ਅੰਮ੍ਰਿਤਸਰ ਵਾਲੇ, ਭਾਈ ਕਰਨਜੀਤ ਸਿੰਘ ਅੰਮ੍ਰਿਤਸਰ, ਅਤੇ ਭਾਈ ਰਣਜੀਤ ਸਿੰਘ ਰਾਜਨ ਹਾਜ਼ਿਰ ਸਨ।