ਅੱਜ ਕੱਲ ਦੇਸ਼ ਵਿਚ ਹਰੇਕ ਜਾਤੀ ਰਾਖਵਾਂਕਰਨ ਦੀ ਮੰਗ ਕਰ ਰਹੀ ਹੈ। ਜਿੱਥੇ ਇਕ ਪਾਸੇ ਹਰਿਆਣਾ ਅਤੇ ਰਾਜਸਥਾਨ ਦੇ ਜਾਟ ਅਤੇ ਗੁਜਰਾਤ ਦੇ ਪਟੇਲ ਵੀ ਰਾਖਵਾਂਕਰਨ ਦੇ ਲਈ ਅੰਦੋਲਨ ਚਲਾ ਰਹੇ ਹਨ ਉੱਥੇ ਦੂਜੇ ਪਾਸੇ ਬਹੁਤ ਸਾਰੇ ਲੋਕ ਦਲਿਤ ਜਾਤੀਆਂ ਨੂੰ ਦਿੱਤੇ ਗਏ ਰਾਖਵੇਂਕਰਨ ਦੀ ਵਿਰੋਧਤਾ ਵੀ ਕਰ ਰਹੇ ਹਨ।
ਇਹ ਲੋਕ ਚਾਹੇ ਕਿਸੇ ਵੀ ਤਬਕੇ ਦੇ ਹੋਣ, ਇਹਨਾਂ ਨੂੰ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਦਲਿਤਾਂ ਨੂੰ ਜਿਹੜਾ ਰਾਖਵਾਂਕਰਨ ਮਿਲਿਆ ਹੈ ਇਹ ਕੋਈ ਭੀਖ ਵਿੱਚ ਦਿੱਤਾ ਗਿਆ ਦਾਨ ਜਾਂ ਅਹਿਸਾਨ ਨਹੀ ਹੈ।
ਦਲਿਤਾਂ ਨੂੰ ਰਾਖਵਾਂਕਰਨ 20 ਸਤੰਬਰ 1932 ਨੂੰ ਪੂਨਾ ਦੀ ਯਰਵਦਾ ਜੇਲ ਵਿਚ ਮਹਾਤਮਾ ਗਾਂਧੀ ਅਤੇ ਡਾਕਟਰ ਅੰਬੇਡਕਰ ਦੇ ਵਿਚਾਲੇ ਹੋਏ ਸਮਝੌਤੇ ਦੇ ਆਧਾਰ ‘ਤੇ ਮਿਲਿਆ ਹੈ।ਇਸ ਨੂੰ “ਪੂਨਾ ਪੈਕਟ” ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਹਦੇ ਵਿਚ ਸ਼ਰਤ ਵੀ ਸੀ ਕਿ ਭਾਰਤ ਦੇ ਸਾਰੇ ਸ਼ੂਦਰ-ਅਛੂਤਾਂ ਨੂੰ ਸਵਰਣ ਹਿੰਦੂਆਂ ਦੇ ਬਰਾਬਰ ਲਿਆਉਣਾ ਹੋਵੇਗਾ।
ਰਾਖਵੇਂਕਰਨ ਨੂੰ ਖਤਮ ਕਰਾਉਣ ਦੀ ਗੱਲ ਕਰਨ ਵਾਲੇ ਅਤੇ ਇਸ ਨੂੰ ਗਲਤ ਦੱਸਣ ਵਾਲੇ ਕੀ ਅਛੂਤਾਂ ਨੂੰ ਹਿੰਦੂ ਸਮਾਜ ਵਿਚ ਸਵਰਣ ਹਿੰਦੂਆਂ ਦੇ ਬਰਾਬਰ ਜਗ੍ਹਾ ਮਿਲ ਗਈ ਹੈ?ਸਾਰੇ ਹਿੰਦੂ ਇਕੋ-ਜਿਹੇ ਹੋ ਗਏ ਹਨ? ਕੀ ਸ਼ੂਦਰ-ਅਛੂਤਾਂ ਦੇ ਨਾਲ ਊਚ-ਨੀਚ ਅਤੇ ਜਾਤਪਾਤ ਦਾ ਫਰਕ ਖਤਮ ਹੋ ਗਿਆ ਹੈ? ਇਹ ਸਿਰਫ ਕਿਤਾਬਾਂ ਦੀਆਂ ਸੁਰਖੀਆਂ ਬਣ ਕੇ ਰਹਿ ਗਈਆਂ ਹਨ।
ਕੀ ਦਲਿਤਾਂ ਨੂੰ ਮੰਦਰਾਂ ਵਿਚ ਵੜਣ ਦਿੱਤਾ ਜਾਦਾ ਹੈ?ਅੱਜ ਵੀ ਦਲਿਤਾਂ ਨੂੰ ਮੰਦਰ ਵਿਚ ਵੜਣ ਨਹੀ ਦਿੱਤਾ ਜਾਂਦਾ। ਦਲਿਤਾਂ ਦੀਆਂ ਬਾਰਾਤਾਂ ਵਿਚ ਲਾੜੇ ਵਿਆਦੜਾਂ ਨੂੰ ਘੋੜੀ ‘ਤੇ ਨਹੀ ਬੈਠਣ ਦਿੱਤਾ ਜਾਂਦਾ।ਪਿੰਡਾਂ ਵਿਚ ਅੱਜ ਵੀ ਉਹਨਾਂ ਨਾਲ ਜਾਤੀ ਦੇ ਆਧਾਰ ਤੇ ਵਿਤਕਰਾ ਕੀਤਾ ਜਾਂਦਾ ਹੈ। ਦੇਸ਼ ਵਿਚ ਕਿਤੇ ਵੀ ਰਾਖਵੇਂਕਰਨ ਨੂੰ ਰੋਸਟਰ ਦੇ ਅਨੁਸਾਰ ਇਮਾਨਦਾਰੀ ਨਾਲ ਪੂਰਾ ਨਹੀ ਕੀਤਾ ਗਿਆ ਹੈ।ਕਾਬਲ ਉਮੀਦਵਾਰ ਨਹੀਂ ਮਿਲਿਆ ਦਾ ਝੂਠੇ ਬਹਾਨੇ ਬਣਾ ਕੇ ਜਾਂ ਜਾਣਬੁੱਝ ਕੇ ਰਾਖਵੇਂ ਆਹੁਦੇ ਨਹੀ ਭਰੇ ਜਾਂਦੇ ਹਨ। ਉਨਾਂ ‘ਤੇ ਤਾਂ ਸਵਰਣਾਂ ਦਾ ਕਬਜ਼ਾ ਹੈ। ਨੇਤਾ ਜਾਂ ਮੰਤਰੀ ਹਿੰਦੂ ਸਮਾਜ ਵਿਚ ਜਨਮ ਤੋਂ ਤੇ ਜਾਤੀ ਦੇ ਭੇਦ ਨੂੰ ਮਿਟਾਉਣ ਦੀ ਕੋਸ਼ਿਸ਼ ਨਹੀ ਕਰਦੇ ਹਨ।ਸਾਰੇ ਹੀ ਵੋਟਾਂ ਦੇ ਲਈ ਜਾਤੀਵਾਦ ਨੂੰ ਹੋਰ ਵਧਾ ਰਹੇ ਹਨ।ਜਦੋਂ ਵੋਟਾਂ ਨੇੜੇ ਆਉਦੀਆਂ ਹਨ ਤਾਂ ਇਹਨਾਂ ਲੀਡਰਾਂ ਨੂੰ ਘੱਟ ਗਿਣਤ ਦੇ ਲੋਕ, ਸੂਦਰ ਅਤੇ ਆਛੂਤ ਦਿਸਣੇ ਸ਼ੁਰੂ ਹੋ ਜਾਦੇ ਹਨ, ਉਨਾਂ ਦੀ ਥੋੜਾ ਭਰਮਾ ਕੇ ਥੋੜੀ ਦੇਰ ਚਾਪ-ਲੂਸੀ ਕਰਕੇ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਜਦੋਂ ਇਹ ਲੀਡਰ ਵੋਟਾਂ ਵਿਚ ਜਿੱਤ ਜਾਂਦੇ ਹਨ ਤਾਂ ਇਹ ਲੋਕ ਇਹਨਾਂ ਨੂੰ ਉਹ ਲੋਕ ਸੂਦਰ ਤੇ ਆਛੂਤ ਦਿੱਸਣ ਲੱਗ ਜਾਦੇ ਹਨ।ਫਿਰ ਉਨਾਂ ਦੇ ਨੇੜੇ ਤਾਂ ਕੀ ਉਹਨਾਂ ਦੀਆਂ ਬਸਤੀ ਵਿਚ ਵੀ ਜਾ ਕੇ ਨਹੀ ਖੜਣਗੇ।
ਰਾਸ਼ਟਰਵਾਦੀ ਹੋਣ ਦਾ ਹਾਮੀ ਭਰਨ ਵਾਲੀ ਸਾਮਾਜਿਕ ਸੰਸਥਾ ਦਾ ਮਖੌਟਾ ਲਗਾਈ ਕਈ ਗੁੱਟ ਹਿੰਦੂ ਏਕਤਾ ਦੀ ਗੱਲ ਤਾਂ ਬਹੁਤ ਕਰਦੇ ਹਨ, ਪਰ ਹਿੰਦੂ ਸਮਾਜ ਵਿਚ ਜਨਮ ਤੋਂ ਹੀ ਤੈਅ ਜਾਤੀ ਦੇ ਭੇਦ ਨੂੰ ਮਿਟਾਉਣ ਦੇ ਲਈ ਅੰਦੋਲਨ ਨਹੀ ਚਲਾਇਆ ਗਿਆ, ਉਲਟਾ ਉਨਾਂ ‘ਤੇ ਮੁਕੱਦਮੇ ਚਲਵਾਏ ਗਏ, ਜੋ ਇਸ ਭੇਦਭਾਵ ਨੂੰ ਗ੍ਰੰਥਾਂ ਦੀ ਦੇਣ ਮੰਨਦੇ ਹਨ।
ਹਿੰਦੂ ਸਮਾਜ ਵਿਚ ਏਕਤਾ ਅਤੇ ਸਮਾਨਤਾ ਦੀ ਗੱਲ ਕਰਨ ਵਾਲੇ ਨੇਤਾ, ਮੰਤਰੀ, ਧਰਮਾਚਾਰੀਆ ਅਤੇ ਧਰਮ ਦੇ ਠੇਕੇਦਾਰ ਬਣੇ ਬੈਠੇ ਲੋਕ ਕੀ ਦੱਸਣਗੇ ਕਿ ਹਿੰਦੂ ਸਮਾਜ ਵਿਚ ਜਨਮ ਤੋਂ ਤੈਅ ਜਾਤੀ ਊਚ-ਨੀਚ ਅਤੇ ਜਾਤ-ਪਾਤ ਦੇ ਭੇਦ-ਭਾਵ ਦੇ ਰਹਿੰਦਿਆਂ ਹਿੰਦੂ ਸਮਾਜ ਵਿਚ ਏਕਤਾ ਅਤੇ ਸਮਾਨਤਾ ਕਿਵੇਂ ਆ ਸਕਦੀ ਹੈ?ਇਸ ਦੇ ਲਈ ਤਾਂ ਹਿੰਦੂ ਸਮਾਜ ਤੋਂ ਊਚ-ਨੀਚ ਅਤੇ ਜਾਤ-ਪਾਤ ਦੇ ਭੇਦ ਨੂੰ ਮਿਟਾਉਣਾ ਹੀ ਪਵੇਗਾ, ਤਦੇ ਹੀ ਸਮਾਜ ਵਿਚ ਇਕ ਦੂਸਰੇ ਦੇ ਲਈ ਭਾਈਚਾਰਾ ਪੈਦਾ ਹੋਵੇਗਾ।
ਜੇਕਰ ਉਹ ਸਾਧੂ-ਸੰਤ ਜੋ ਵੱਡੇ ਵੱਡੇ ਮੰਦਰਾਂ ਅਤੇ ਤੀਰਥਾਂ ਵਿਚ ਅਜਗਰ ਦੇ ਵਾਂਗ ਪਏ-ਪਏ ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਨੂੰ ਘੁੱਣ ਵਾਂਗ ਚੱਟ ਰਹੇ ਹਨ। ਇਹਨਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਵਿਚ ਘੁੰਮ-ਘੁੰਮ ਕੇ ਲੋਕਾਂ ਨੂੰ ਊਚ-ਨੀਚ ਅਤੇ ਜਾਤ-ਪਾਤ ਦੇ ਭੇਦ ਨੂੰ ਭੁਲਾ ਕੇ ਆਪਸ ਵਿਚ ਭਾਈਚਾਰਾ ਵਧਾਉਣ, ਤਾਂ ਲੋਕਾਂ ‘ਤੇ ਚੰਗਾ ਅਸਰ ਪਏਗਾ।
ਸਾਧੂ-ਸੰਤ ਹਿੰਦੂ ਸਮਾਜ ਵਿਚ ਜਾਤ-ਪਾਤ ਅਤੇ ਊਚ-ਨੀਚ ਨੂੰ ਵਧਾਉਣ ਦਾ ਹੀ ਕੰਮ ਕਰਦੇ ਹਨ ਅਤੇ ਇੰਨਾਂ ਤੋਂ ਹਿੰਦੂ ਸਮਾਜ ਵਿਚ ਏਕਤਾ ਲਿਆਉਣ ਵਿਚ ਸਾਥ ਦੇਣ ਦੀ ਉਮੀਦ ਨਹੀ ਕਰ ਸਕਦੇ। ਹਿੰਦੂ ਸਮਾਜ ਤੋਂ ਊਚ-ਨੀਚ,ਜਾਤ-ਪਾਤ ਦਾ ਭੇਦਭਾਵ ਜੇਕਰ ਮਿਟ ਜਾਂਦਾ ਤਾਂ ਬ੍ਰਾਹਮਣਾਂ ਦੀ ਹਜ਼ਾਰਾਂ ਸਾਲਾਂ ਤੋਂ ਸਭ ਦੇ ਉਪਰ ਮੜੀ ਗਈ ਸ੍ਰੇਸਠਾ ਖਤਮ ਹੋ ਜਾਏਗੀ, ਜਿਸ ਨੂੰ ਰੂੜੀਵਾਦ ਕੱਟੜ ਬ੍ਰਾਹਮਣ ਕਦੀ ਨਹੀ ਚਾਹੁੰਣਗੇ।ਇੰਨਾਂ ਸਾਰਿਆਂ ਦੀ ਜਰੂਰਤ ਤਾਂ ਸਮਾਜ ਵਿਚ ਸਾਰਿਆਂ ਤੋਂ ਉੱਪਰ ਬਣੇ ਰਹਿਣ ਦੀ ਹੈ।
ਇਹ ਗੱਲ ਵੀ ਸੱਚ ਹੈ ਕਿ ਸਮਾਜ ਨੂੰ ਸੁਧਾਰਨ ਦੀ ਸ਼ੁਰੂਆਤ ਕੁਝ ਬ੍ਰਾਹਮਣਾਂ ਨੇ ਕੀਤੀ ਹੈ। ਸਾਰੇ ਬ੍ਰਾਹਮਣ ਵੀ ਗੰਦੀ ਸੋਚ ਦੇ ਨਹੀ ਹਨ। ਪਰ ਝੂਠੀ ਬਿਆਨਬਾਜ਼ੀ, ਝੂਠੇ ਉਪਦੇਸ਼ ਦੇ ਦੇ ਕੇ ਅਤੇ ਟਕਾਊ ਰਾਜਨੀਤੀ ਕਰਨ ਨਾਲ ਜਾਤੀ ਪ੍ਰਥਾ ਖਤਮ ਨਹੀ ਹੋਵੇਗੀ। ਇਸ ਦੇ ਲਈ ਸਮਾਜ ਨੂੰ ਸਮਝਣਾ ਪਏਗਾ, ਸੋਚਣਾ ਪਏਗਾ।ਇਸ ਦੇ ਲਈ ਪੜ੍ਹੇ-ਲਿਖੇ ਉੱਚੀ ਜਾਤੀ ਦੇ ਲੋਕ ਹੀ ਪਿੰਡ ਪਿੰਡ ਘੁੰਮ ਕੇ ਇਹੋ ਜਿਹੇ ਲੋਕਾਂ ਨੂੰ ਸਮਝਾ-ਬੁਝਾ ਕੇ ਜਾਤ-ਪਾਤ ਦੇ ਕੋਹੜ ਨੂੰ, ਭੇਦ-ਭਾਵ ਨੂੰ ਮਿਟਾ ਸਕਦੇ ਹਨ।
ਪਿੱਛੇ ਜਿਹੇ ਕੋਟਾ ਵਿਚ ਖਾਨਪੁਰ ਦੇ ਕੋਲ ਇਕ ਪਿੰਡ ਵਿਚ ਇਕ ਦਲਿਤ ਪਰਿਵਾਰ (ਮੇਧਵਾਲ)ਦੇ ਲੋਕ ਆਪਣੀ ਪੂਜਾ ਦੀ ਰਸਮ ਪੂਰੀ ਕਰਨ ਦੇ ਲਈ ਮੰਦਰ ਵਿਚ ਦਰਸ਼ਨ ਕਰਨ ਆਏ, ਤਾਂ ਸਵਰਣਾਂ ਨੇ ਉਨਾਂ ਨੂੰ ਮੰਦਰ ਵਿਚ ਦਰਸ਼ਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਮੰਦਰ ਦੇ ਨੇੜੇ ਵੀ ਖੜਣ ਨਹੀ ਦਿੱਤਾ ਗਿਆ ਅਤੇ ਉਲਟਾ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਕਹੇ ਗਏ।ਪੁਲਿਸ ਨੂੰ ਖਬਰ ਕੀਤੀ ਗਈ, ਜਦੋਂ ਪੁਲਸ ਨੂੰ ਇਹ ਖਬਰ ਮਿਲੀ, ਤਾਂ ਪੁਲਿਸ ਆਪਣਾ ਲਾਮ-ਲਸ਼ਕਰ ਲੈ ਕੇ ਉੱਥੇ ਪਹੁੰਚ ਗਈ ਅਤੇ ਮੰਦਰ ਦਾ ਜੰਦਰਾ ਖੁੱਲਵਾ ਕੇ ਮੇਧਵਾਲ ਸਮਾਜ ਦੇ ਲੋਕਾਂ ਨੂੰ ਦਰਸ਼ਨ ਕਰਾਏ ਗਏ।
ਇਹ ਖਬਰ ਤਾਂ ਬਹੁਤ ਬਾਰ ਸੁਣ ਚੁੱਕੇ ਹਾਂ ਕਿ ਨੀਚੀ ਜਾਤ ਦੇ ਲੋਕਾਂ ਨੂੰ ਮੰਦਰਾਂ ਵਿਚ ਪ੍ਰਵੇਸ਼ ਨਹੀ ਹੋਣ ਦਿੱਤਾ ਜਾਂਦਾ, ਜਦ ਪਤਾ ਹੈ ਕਿ ਨੀਚ ਜਾਤੀ ਦੇ ਲੋਕਾਂ ਨਾਲ ਮੰਦਰਾਂ ਵਿਚ ਉਣ ਜਾਤੀ ਦੇ ਲੋਕ ਦੁਰਵਿਵਹਾਰ ਕਰਦੇ ਹਨ ਤਾਂ ਇਹ ਜਾਤੀਆਂ ਦੇ ਲੋਕ ਉਨਾਂ ਮੰਦਰਾਂ ਵਿਚ ਜਾਂਦੇ ਹੀ ਕਿਉ ਹਨ, ਜਿੱਥੇ ਜਾਤੀਵਾਦ ਦੀ ਜਹਿਰੀਲੀ ਵੇਲ ਨੂੰ ਖਾਦ ਪਾਣੀ ਦਿੱਤਾ ਜਾਂਦਾ ਹੈ?ਆਜਾਦੀ ਤੋਂ ਪਹਿਲਾਂ ਦਲਿਤਾਂ ਨੂੰ ਰਾਜਨਿਤਕ ਸੱਤਾ ਦੀ ਭਾਗੀਦਾਰੀ ਤੋਂ ਦੂਰ ਰੱਖਿਆ ਗਿਆ ਸੀ, ‘ਕਮਿਊਨਲ ਅਵਾਰਡ’ ਤਹਿਤ ਹਿੰਦੂਆਂ ਨੂੰ ਵੱਖ-ਵੱਖ ਵੋਟਾਂ ਦਾ ਹੱਕ ਮਿਲਿਆ ਸੀ ਜਿਸ ਦੇ ਖਿਲਾਫ ਮਹਾਤਮਾ ਗਾਂਧੀ ਨੇ ਮਰਨ ਵਰਤ ਵੀ ਰੱਖਿਆ ਸੀ।
ਇਸ ਪੂਨਾ ਐਕਟ ਦੇ ਮੁਤਾਬਿਕ, ਦਲਿਤਾਂ ਨੂੰ ਆਪਣੇ-ਆਪਣੇ ਵੋਟਾਂ ਦਾ ਹੱਕ ਛੱਡਣਾ ਸੀ ਅਤੇ ਉਸ ਦੇ ਬਦਲੇ ਵਿਚ ਉਚ ਰਾਜ ਦੀ ਵਿਧਾਨ ਸਭਾਵਾਂ ਅਤੇ ਕੇਂਦਰ ਦੀ ਲੋਕ ਸਭਾ ਵਿਚ ਸਰਕਾਰੀ ਨੌਕਰੀਆਂ, ਆਬਾਦੀ ਦੇ ਅਨੁਸਾਰ ਹੀ ਰਾਖਵਾਂਕਰਨ ਮਿਲਿਆ ਸੀ ਅਤੇ ਹਿੰਦੂਆਂ ਦੇ ਨਾਲ ਮਿਲ ਕੇ ਰਹਿਣ ਦੇ ਲਈ ਹਿੰਦੂ ਸਮਾਜ ਵਿਚ ਬਰਾਬਰੀ ਦੇਣ ਦੀ ਸ਼ਰਤ ਸੀ।
ਹਿੰਦੂ ਸਮਾਜ ਦਲਿਤਾਂ-ਅਛੂਤਾਂ ਨੂੰ ਪਹਿਲਾਂ ਬਰਾਬਰੀ ਦਾ ਦਰਜਾ ਤਾਂ ਦੇਵੇ, ਤਦ ਹੀ ਰਾਖਵਾਂਕਰਨ ਖਤਮ ਕੀਤਾ ਜਾ ਸਕਦਾ ਹੈ। ਹਿੰਦੂ ਸਮਾਜ ਵਿਚ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਦਿੱਤੇ ਬਿੰਨਾਂ ਰਾਖਵਾਂਕਰਨ ਖਤਮ ਕਰਨਾ ‘ਪੂਨਾ ਐਕਟ ਨੂੰ ਤੋੜਨਾ ਹੋਵੇਗਾ। ਜੇਕਰ ਪੂਨਾ ਐਕਟ ਟੁੱਟਦਾ ਹੈ ਤਾਂ ਸਾਰੀਆਂ ਜਾਤੀਆਂ ਹਿੰਦੂ ਸਮਾਜ ਤੋਂ ਅੱਡ ਹੋ ਸਕਦੀਆਂ ਹਨ, ਅਤੇ ਉਦੋਂ ਉਹ ਦੋ ਵੋਟਾਂ ਦਾ ਅਧਿਕਾਰ ਸੱਤਾ ਦੀ ਭਾਗੀਦਾਰੀ ਦੇ ਲਈ ਮਿਲਿਆ ਸੀ, ਵਾਪਸ ਮੰਗ ਲੈਣਗੀਆਂ।
ਦਲਿਤ ਜਾਤੀਆਂ ਹਿੰਦੂ ਹੀ ਨਹੀ ਮੰਨੀਆਂ ਜਾਣਗੀਆਂ ਉਨਾਂ ਦਾ ਹਿੰਦੂ ਜਾਤੀ ਤੋਂ ਆਪਣਾ ਇਕ ਵੱਖਰਾ ਤੱਬਕਾ ਹੋਵੇਗਾ। ਸਿੱਖ ਅਤੇ ਮੁਸਲਮਾਨਾਂ ਵਾਂਗ ਉਨਾਂ ਦਾਂ ਵੀ ਇਕ ਵੱਖਰਾ ਘੱਟ ਗਿਣਤੀ ਵਾਲਾ ਤਬਕਾ ਹੋ ਜਾਏਗਾ, ਤਦ ਇਸ ਦਾ ਨਤੀਜਾ ਕੀ ਹੋਵੇਗਾ? ਇਸ ਨੂੰ ਕੱਟੜ ਰੂੜੀਵਾਦੀ ਸੋਚ ਵਾਲੇ ਲੋਕ ਜਾਣ ਲੈਣ, ਨਾ ਜਾਣਦੇ ਹਨ ਤਾਂ ਜਾਨ ਜਾਣ।
ਅੱਜ ਹਿੰਦੂ ਧਰਮ ਦਾ ਵਿਸ਼ਾਲ ਭਵਨ ਦਲਿਤ ਜਾਤੀਆਂ ਦੀ ਹੀ ਨੀਂਹ ‘ਤੇ ਖੜਾ ਹੈ, ਜਿਸ ਨੂੰ ਖੇਰੂ ਹੋਣ ਵਿਚ ਜਿਆਦਾ ਸਮ੍ਹਾਂ ਨਹੀ ਲੱਗੇਗਾ ਕਿਉਕਿ ਹੁਣ ਛੂਤ-ਛਾਤ ਅਤੇ ਦੂਸਰੀਆਂ ਦਲਿਤ ਜਾਤੀਆਂ ਪੂਰੀ ਤਰ੍ਹਾਂ ਨਾਲ ਜਾਗ ਚੁੱਕੀਆਂ ਹਨ ਅਤੇ ਕੱਟੜ ਲੋਕਾਂ ਦੀਆਂ ਨੀਤੀਆਂ ਨੂੰ ਸਮਝ ਗਈਆਂ ਹਨ।
ਪੇਸ਼ਕਸ਼:- ਅਮਰਜੀਤ ਚੰਦਰ ਲੁਧਿਆਣਾ – 9417600014