ਰਾਂਚੀ : ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਬੀਟੈੱਕ ਦੀ ਵਿਦਿਆਰਥਣ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ਨਿਚਰਵਾਰ ਨੂੰ ਦੋਸ਼ੀ ਰਾਹੁਲ ਰਾਜ ਉਰਫ ਰਾਕੀ ਰਾਜ ਉਰਫ ਅੰਕਿਤ ਉਰਫ ਰਾਜ ਸ਼੍ਰੀਵਾਸਤਵ ਉਰਫ ਆਰਿਅਨ (25) ਨੂੰ ਫਾਂਸੀ ਦੀ ਸਜ਼ਾ ਸੁਣਾਈ। 1101 ਦਿਨ ਬਾਅਦ ਰਾਂਚੀ ਦੀ ਇਸ ਨਿਰਭੈਆ ਨੂੰ ਇਨਸਾਫ਼ ਮਿਲਿਆ ਹੈ।
ਦੋਸ਼ੀ ਰਾਹੁਲ ਰਾਜ ਮੂਲ ਤੌਰ ‘ਤੇ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਅਪਰਾਧਿਕ ਸੁਭਾਅ ਵਾਲਾ ਹੈ।
ਸੀਬੀਆਈ ਦੇ ਵਿਸ਼ੇਸ਼ ਜੱਜ ਏਕੇ ਮਿਸ਼ਰਾ ਨੇ ਫ਼ੈਸਲੇ ‘ਚ ਘਟਨਾ ਨੂੰ ਰੇਅਰੈਸਟ ਆਫ ਰੇਅਰ ਕਰਾਰ ਦਿੱਤਾ। ਕਿਹਾ ਕਿ ਇਹ ਅਪਰਾਧੀ ਲਈ ਸਮਾਜ ਲਈ ਜ਼ਹਿਰ ਹੈ। ਸੁਧਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਫਾਂਸੀ ਤੋਂ ਘੱਟ ਸਜ਼ਾ ਪੀੜਤਾ ਨਾਲ ਬੇਇਨਸਾਫ਼ੀ ਹੋਵੇਗੀ। ਅਦਾਲਤ ਨੇ ਕਿਹਾ ਕਿ ਦੋਸ਼ੀ ਪੇਸ਼ੇਵਰ ਅਪਰਾਧੀ ਹੈ ਤੇ ਯੋਜਨਾਬੱਧ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਹੈ। ਫ਼ੈਸਲਾ ਸੁਣਾਉਣ ਤੋਂ ਬਾਅਦ ਰਾਹੁਲ ਰਾਜ ਨੂੰ ਜੇਲ੍ਹ ਭੇਜ ਦਿੱਤਾ ਗਿਆ। ਕੋਰਟ ‘ਚ ਮੌਜੂਦ ਮ੍ਰਿਤਕਾ ਦੇ ਪਿਤਾ ਘਟਨਾ ਨੂੰ ਯਾਦ ਕਰ ਕੇ ਰੋਣ ਲੱਗੇ। ਕਿਹਾ ਕਿ ਫਾਂਸੀ ਦੀ ਸਜ਼ਾ ਵੀ ਅਪਰਾਧੀ ਲਈ ਘੱਟ ਹੈ ਪਰ ਸੰਤੋਸ਼ ਹੈ ਕਿ ਅਦਾਲਤ ਨੇ ਇਨਸਾਫ਼ ਕੀਤਾ। ਇਸ ਨਾਲ ਸਮਾਜ ਨੂੰ ਸੁਨੇਹਾ ਮਿਲੇਗਾ।
15 ਦਸੰਬਰ, 2016 ਦੀ ਅੱਧੀ ਰਾਤ ਨੂੰ ਹੈਵਾਨੀਅਤ ਨੂੰ ਦਿੱਤਾ ਸੀ ਅੰਜਾਮ
ਕਿਸੇ ਅਣਹੋਣੀ ਤੋਂ ਬੇਪਰਵਾਹ ਪੀੜਤਾ ਬੂਟੀ ਬਸਤੀ ਸਥਿਤ ਆਪਣੇ ਘਰ ‘ਚ ਸੁੱਤੀ ਪਈ ਸੀ। ਅੱਧੀ ਰਾਤ ਨੂੰ ਦੋਸ਼ੀ ਉਸ ਦੇ ਘਰ ਵੜਿਆ। ਉਸ ਨਾਲ ਜਬਰ ਜਨਾਹ ਕੀਤਾ ਤੇ ਤਾਰ ਨਾਲ ਗਲ਼ਾ ਦਬਾ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਦੇ ਸਰੀਰ ਤੇ ਬਿਸਤਰੇ ‘ਤੇ ਤੇਲ ਛਿੜਕ ਕੇ ਅੱਗ ਲੱਗਾ ਦਿੱਤੀ। ਪੀੜਤਾ ਦੇ ਪਰਿਵਾਰਕ ਮੈਂਬਰ ਪਿੰਡ ਗਏ ਹੋਏ ਸਨ। ਸਵੇਰੇ ਉਨ੍ਹਾਂ ਨੇ ਲੜਕੀ ਨਾਲ ਗੱਲ ਕਰਨੀ ਚਾਹੀ ਤਾਂ ਉਸ ਦਾ ਮੋਬਾਈਲ ਫੋਨ ਬੰਦ ਸੀ। ਕਿਰਾਏਦਾਰ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਘਰ ‘ਚ ਧੂੰਆਂ ਹੀ ਧੂੰਆਂ ਸੀ। ਪੀੜਤਾ ਦਾ ਸਰੀਰ ਸੜ ਰਿਹਾ ਸੀ।
ਸੀਬੀਆਈ ਨੇ ਉਠਾਇਆ ਪਰਦਾ
ਤਿੰਨ ਸਾਲ ਤਕ ਪੁਲਿਸ ਤੇ ਉਸ ਤੋਂ ਬਾਅਦ ਸੀਆਈਡੀ ਕੇਸ ਦੀ ਛਾਣਬੀਣ ਕਰਦੀ ਰਹੀ ਪਰ ਕਾਤਲ ਤਕ ਨਹੀਂ ਪਹੁੰਚ ਸਕੀ। ਮਾਰਚ 2018 ‘ਚ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਸਿਰਫ ਦੋ-ਤਿੰਨ ਮਹੀਨਿਆਂ ‘ਚ ਸੀਬੀਆਈ ਕਾਤਲ ਤਕ ਪਹੁੰਚ ਗਈ। ਸੀਬੀਆਈ ਦੇ ਇੰਸਪੈਕਟਰ ਪਰਵੇਜ ਆਲਮ ਨੇ ਹੱਤਿਆਕਾਂਡ ਤੋਂ ਪਰਦਾ ਚੁੱਕਿਆ। ਰਾਹੁਲ ਰਾਜ ਨਾਲੰਦਾ ਜ਼ਿਲ੍ਹੇ ਦੇ ਏਕੰਗਰਸਰਾਏ ਦੇ ਧੁਰਗਾਓਂ ਦਾ ਰਹਿਣ ਵਾਲਾ ਹੈ। ਉਹ ਵੱਖ-ਵੱਖ ਮਾਮਲਿਆਂ ‘ਚ ਲਖਨਊ ਦੀ ਜ਼ਿਲ੍ਹੇ ਜੇਲ੍ਹ ‘ਚ ਬੰਦ ਸੀ। ਸੀਬੀਆਈ ਲੰਘੀ 22 ਜੂਨ ਤੋਂ ਉਸ ਨੂੰ ਲਖਨਊ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ। ਏਜੰਸੀ ਨੇ ਰਿਕਾਰਡ 16 ਦਿਨਾਂ ‘ਚ 30 ਲੋਕਾਂ ਦੀ ਗਵਾਹੀ ਪੂਰੀ ਕੀਤੀ।
ਕਾਤਿਲ ਨੂੰ ਆਈਪੀਸੀ ਦੀ ਧਾਰਾ 302, 376, 499, 201 ‘ਚ ਦੋਸ਼ੀ ਠਹਿਰਾਇਆ ਗਿਆ। ਚਾਰਾਂ ਮਾਮਲਿਆਂ ‘ਚ ਵੱਖ-ਵੱਖ ਸਜ਼ਾ ਸੁਣਾਈ ਗਈ ਹੈ। ਨਾਲ ਹੀ, ਚਾਰਾਂ ਮਾਮਲਿਆਂ ‘ਚ ਪੰਜ-ਪੰਜ ਹਜ਼ਾਰ ਰੁਪਏ (ਕੁਲ 20 ਹਜ਼ਾਰ ਰੁਪਏ) ਦਾ ਜੁਰਮਾਨਾ ਵੀ ਕੀਤਾ ਗਿਆ ਹੈ।