ਨਵੀਂ ਦਿੱਲੀ: ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਇਕ ਦਿਨ ਮਗਰੋਂ ਰਸੋਈ ਗੈਸ ਸਿਲੰਡਰ (ਐੱਲਪੀਜੀ) ਦਾ ਮੁੱਲ 144.50 ਰੁਪਏ ਵਧਾ ਦਿੱਤਾ ਗਿਆ ਹੈ। ਈਂਧਣ ਦੀ ਕੀਮਤ ਵਿਚ ਆਲਮੀ ਪੱਧਰ ਉਤੇ ਤੇਜ਼ੀ ਆਉਣ ਕਾਰਨ ਇਹ ਫ਼ੈਸਲਾ ਲਿਆ ਗਿਆ। ਉਂਜ ਸਰਕਾਰ ਨੇ ਰਸੋਈ ਗੈਸ ਉਤੇ ਮਿਲਣ ਵਾਲੀ ਸਬਸਿਡੀ ਵਧਾ ਕੇ ਕਰੀਬ ਦੁੱਗਣੀ ਕਰ ਦਿੱਤੀ ਹੈ। ਇਸ ਨਾਲ ਸਬਸਿਡੀ ਵਾਲੇ ਸਿਲੰਡਰ ਦੇ ਖਪਤਕਾਰਾਂ ਉਤੇ ਵਾਧੂ ਭਾਰ ਨਹੀਂ ਪਵੇਗਾ। ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਨੇ ਐੱਲਪੀਜੀ ਦੀ ਕੀਮਤ ਵਿਚ ਵਾਧੇ ਦੀ ਨਿਖੇਧੀ ਕੀਤੀ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਨੋਟਫਿਕੇਸ਼ਨ ਚ ਕਿਹਾ ਗਿਆ ਹੈ ਕਿ ਐੱਲਪੀਜੀ ਸਿਲੰਡਰ ਦੀ ਕੀਮਤ ਪਹਿਲਾਂ ਦੇ 714 ਰੁਪਏ ਤੋਂ ਵਧਾ ਕੇ 858.50 ਰੁਪਏ ਕਰ ਦਿੱਤੀ ਗਈ ਹੈ। ਇਹ ਜਨਵਰੀ 2014 ਤੋਂ ਬਾਅਦ ਰਸੋਈ ਗੈਸ ਦੀ ਕੀਮਤ ਵਿਚ ਹੋਇਆ ਸਭ ਤੋਂ ਵੱਡਾ ਵਾਧਾ ਹੈ। ਉਸ ਸਮੇਂ ਐੱਲਪੀਜੀ ਦੀ ਕੀਮਤ 220 ਰੁਪਏ ਪ੍ਰਤੀ ਸਿਲੰਡਰ ਵਧ ਕੇ 1241 ਰੁਪਏ ਹੋ ਗਈ ਸੀ। ਸਰਕਾਰ ਨੇ ਐੱਲਪੀਜੀ ਸਿਲੰਡਰ ਉਤੇ ਮਿਲਣ ਵਾਲੀ ਸਬਸਿਡੀ 153.86 ਰੁਪਏ ਤੋਂ ਵਧਾ ਕੇ 291.48 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ 174.86 ਰੁਪਏ ਤੋਂ ਵਧਾ ਕੇ 312.48 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ। ਸਬਸਿਡੀ ਤੋਂ ਬਾਅਦ ਆਮ ਖਪਤਕਾਰਾਂ ਨੂੰ ਸਿਲੰਡਰ ਦੀ ਕੀਮਤ 567.02 ਰੁਪਏ ਅਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 546.02 ਰੁਪਏ ਅਦਾ ਕਰਨੇ ਪੈਣਗੇ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਜੇਬ ਉਤੇ ਕਰੰਟ ਲਗਾ ਦਿੱਤਾ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਇਹ ਗਰੀਬਾਂ ਖ਼ਿਲਾਫ਼ ਮਾਰੂ ਫ਼ੈਸਲਾ ਹੈ।