ਰਸਮੀਂ ਤੇ ਯਾਂਤਰਿਕ ਬਣਨ ਦੀ ਬਜਾਏ ਮਾਵਾਂ ਨੂੰ ਹਰ ਪਲ ਪਿਆਰ ਤੇ ਸਤਿਕਾਰ ਦਿਓ

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

ਮਾਂ ਦਿਵਸ ‘ਤੇ ਵਿਸ਼ੇਸ਼ , ਭਾਗ -2

(ਸਮਾਜ ਵੀਕਲੀ)

ਦਿਨ ਤਾਂ ਸਾਰੇ ਹੀ ਲਗਭਗ ਇੱਕੋ ਜਿਹੇ ਹੁੰਦੇ ਹਨ, ਫਰਕ ਸਿਰਫ ਸਾਡੇ ਮਨ ਦੀ ਪਲ ਪਲ ਬਦਲਦੀ ਤਾਸੀਰ ਦਾ ਹੁੰਦਾ ਹੈ । ਸਵੇਰ, ਦੁਪਹਿਰ, ਸ਼ਾਮ ਤੇ ਰਾਤ ਦਾ ਚਕਰੀ ਵਰਤਾਰਾ ਹਮੇਸ਼ਾ ਚੱਲਦਾ ਰਿਹਾ ਹੈ ਤੇ ਚੱਲਦਾ ਰਹੇਗਾ । ਇਸੇ ਤਰਾਂ ਮਨੁੱਖੀ ਸੁਭਾਅ ਹੈ ਜੋ ਕਦੀ ਤੋਲਾ ਤੇ ਕਦੀ ਮਾਸਾ ਹੁੰਦਾ ਰਹੇਗਾ । ਕਿਸੇ ਨਾਲ ਪ੍ਰੇਮ ਸਾਂਝਾ ਤੇ ਕਿਸੇ ਨਾਲ ਗੁੱਸਾ ਗਿਲਾ ਹੋਣਾ, ਇਹ ਸਭ ਆਮ ਵਰਤਾਰਾ ਹੈ, ਜੋ ਪਰੰਪਰਾ ਤੋਂ ਚੱਲਦਾ ਰਿਹਾ ਹੈ ਤੇ ਚੱਲਦਾ ਰਹੇਗਾ ।

ਰਿਸ਼ਤੇ ਬਣਦੇ ਵੀ ਰਹਿਣਗੇ ਤੇ ਟੁੱਟਦੇ ਵੀ, ਪਰ ਕੁੱਜ ਰਿਸ਼ਤੇ ਅਜਿਹੇ ਹੁੰਦੇ ਹਨ, ਜਿਹਨਾਂ ਦਾ ਦੇਣਾ ਅਸੀਂ ਸੱਤ ਜਨਮਾਂ ਤੱਕ ਵੀ ਨਹੀਂ ਦੇ ਸਕਦੇ । ਅਜਿਹੇ ਰਿਸ਼ਤਿਆਂ ਵਿੱਚੋਂ ਮਾਂ ਤੇ ਪਿਓ ਦਾ ਰਿਸ਼ਤਾ ਸਭ ਤੋਂ ਉੱਤੇ ਹੁੰਦਾ ਹੈ । ਉਸ ਦੀ ਵਜ੍ਹਾ ਇਹ ਹੈ ਕਿ ਉਕਤ ਰਿਸ਼ਤਿਆਂ ਤੋਂ ਬਿਨਾ ਬਾਕੀ ਸਭ ਰਿਸ਼ਤੇ ਕਮਾਉਣੇ ਜਾਂ ਨਿਭਾਉਣੇ ਪੈਂਦੇ ਹਨ, ਜਿਹਨਾ ਵਿੱਚ ਕਿਸੇ ਰਿਸ਼ਤੇ ਨਾਲ ਬਣਾ ਕੇ ਰੱਖਣੀ ਪੈਂਦੀ ਹੈ ਤੇ ਕਿਸੇ ਰਿਸ਼ਤੇ ਨਾਲ ਬਣੇ ਰਹਿਣਾ ਸਾਡੀ ਆਪਣੀ ਕੋਈ ਮਜਬੂਰੀ ਹੁੰਦੀ ਹੈ । ਪਰ ਮਾਂ ਤੇ ਪਿਓ ਦਾ ਰਿਸ਼ਤਾ ਇਕ ਅਜਿਹਾ ਰਿਸ਼ਤਾ ਹੁੰਦਾ ਹੈ, ਜੋ ਕਿਸੇ ਵੀ ਤਰਾਂ ਦੀਆ ਸ਼ਰਤਾਂ ਤੋਂ ਬੇਲਾਗ ਹੁੰਦਾ ਹੈ ਜਾਂ ਇੰਜ ਕਹਿ ਲਓ ਕਿ ਦੁਨੀਆ ਦੇ ਬਹੁਤੇ ਰਿਸ਼ਤੇ ਕਿਸੇ ਨ ਕਿਸੇ ਲੋੜ ਜਾ ਗਰਜ ਦੀ ਪੂਰਤੀ ਕਾਰਨ ਬਣਦੇ ਹਨ ਜਦ ਕਿ ਮਾਂ ਤੇ ਪਿਓ ਦਾ ਰਿਸ਼ਤਾ ਬੇਗਰਹਜ ਹੁੰਦਾ ਹੈ । ਸਿਆਣੇ ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਸਕਦੇ ਹਨ ਪਰ ਮਾਪੇ ਕੁਮਾਪੇ ਨਹੀਂ । ਇਸ ਕਹਾਵਤ ਦੇ ਅਰਥ ਬਹੁਤ ਵਿਸ਼ਾਲ ਹਨ ।

ਜਦੋਂ ਕਿਸੇ ‘ਤੇ ਭੀੜ ਪੈਂਦੀ ਹੈ ਤਾਂ ਇਸ ਦੁਨੀਆ ਦਾ ਦਸਤੂਰ ਹੈ ਕਿ ਸਭ ਦੂਰ ਹੋ ਜਾਂਦੇ ਹਨ, ਔਖੇ ਵੇਲੇ ਜੇਕਰ ਕੋਈ ਨਾਲ ਖੜਦਾ ਤਾਂ ਉਕਤ ਦੋ ਰਿਸ਼ਤੇ ਹੀ ਅਜਿਹੇ ਹੁੰਦੇ ਹਨ, ਜੋ ਬਾਂਹ ਵੀ ਫੜਦੇ ਹਨ, ਸਹਾਰਾ ਵੀ ਦੇਂਦੇ ਹਨ, ਘੁੱਟਕੇ ਕਾਲਜੇ ਨਾਲ ਵੀ ਲਾਉਂਦੇ ਹਨ, ਗੋਦੀ ਦਾ ਨਿੱਘ ਦੇਂਦੇ ਹੋਏ, ਸਿਰ ਪਲੋਸ ਕੇ ਧਰਵਾਸਾ ਦੇਂਦੇ ਹੋਏ ਬਿਨਾ ਕਿਸੇ ਸ਼ਰਤ ਤੋਂ ਵੱਡੇ ਤੋਂ ਵੱਡਾ ਸਹਾਰਾ ਦੇਂਦੇ ਹਨ । ਇੱਥੋਂ ਤੱਕ ਕਈ ਵਾਰ ਪੁੱਤ ਦੇ ਕਪੁੱਤ ਬਣੇ ਹੋਣ ਦੇ ਬਾਵਜੂਦ ਵੀ ਸਭ ਕੁੱਜ ਭੁੱਲ ਕੇ ਉਸ ਦੀਆ ਸੱਤੇ ਖ਼ੈਰਾਂ ਮੰਗਦੇ ਹਨ, ਉਸ ਦੇ ਭਲੇ ਵਾਸਤੇ ਅਰਦਾਸਾਂ ਤੇ ਅਰਜੋਈਆਂ ਕਰਦੇ ਹਨ । ਜੇਕਰ ਕੋਈ ਦੂਜਾ, ਧੀਆਂ ਪੁੱਤਰਾਂ ਦੀ ਨਿੰਦਾ ਕਰਦਾ ਹੈ ਤਾਂ ਮਾਪੇ ਉਸ ਨੂੰ ਗਲਿਓਂ ਫੜਨ ਤੱਕ ਜਾਂਦੇ ਹਨ, ਪਰ ਆਪਣੀ ਔਲਾਦ ਮਾੜੀ ਹੋਣ ਦੇ ਬਾਵਜੂਦ ਵੀ ਉਸ ਦੇ ਵਿਰੁੱਧ ਇਕ ਲਫ਼ਜ਼ ਤੱਕ ਵੀ ਸੁਣਨਾ ਪਸੰਦ ਨਹੀਂ ਕਰਦੇ ।

ਮਾਂ ਤੇ ਪਿਓ ਦੇ ਸੁਭਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ । ਇਕ ਵਿੱਚ ਕਰਤਾ ਨੇ ਮਮਤਾ ਕੁੱਟ ਕੁੱਟ ਕੇ ਭਰੀ ਹੁੰਦੀ ਹੈ ਤੇ ਦੂਜੇ ਵਿੱਚ ਜ਼ਿੰਦਗੀ ਦੀਆ ਔਕੜਾਂ ਦਾ ਟਾਕਰਾ ਕਰਨ ਵਾਸਤੇ ਫ਼ੌਲਾਦੀ ਜੁੱਸਾ ਤੇ ਜੇਰਾ ਦੋਵੇਂ ਹੀ ਅੰਤਾਂ ਦੇ ਭਰੇ ਹੁੰਦੇ ਹਨ । ਦੋਵਾਂ ਦੇ ਸੁਭਾ ਦੇ ਇਸ ਸਮਤੋਲ ਨਾਲ ਪਰਿਵਾਰਕ ਤੇ ਸਮਾਜਿਕ ਰਿਸ਼ਤੇ ਵੀ ਨਿਭਦੇ ਹਨ ਤੇ ਜ਼ਿੰਦਗੀ ਦੀ ਗੱਡੀ ਵੀ ਰਵਾਂ-ਰਵੀਂ ਆਪਣੇ ਤੋਰੇ ਸਹਿਜ ਰੂਪ ਵਿੱਚ ਚਲਦੀ ਰਹਿੰਦੀ ਹੈ । ਦੋਵੇਂ ਰਿਸ਼ਤੇ ਆਪੋ ਆਪਣੇ ਫਰਜ਼ਾਂ ਨੂੰ ਪੂਰੀ ਜ਼ੁੰਮੇਵਾਰੀ ਨਾਲ ਨਿਭਾਉਂਦੇ ਹੋਏ ਪਰੰਪਰਾ ਦੀਆ ਪਾਈ ਲੀਹਾ ਦੇ ਪਦ ਚਿੱਨਾਂ ‘ਤੇ ਚਲਦੇ ਹੋਏ ਆਪਣੇ ਸਮਾਜਕ ਕਾਰ ਵਿਹਾਰ ਕਰਦੇ ਹੋਏ ਅਗੇ ਦਰ ਅਗੇਰੇ ਵਧਦੇ ਰਹਿੰਦੇ ਹਨ ।

ਅਜ ਦਾ ਦਿਨ ਮਾਂ ਦਿਵਸ ਵਜੋ ਮਨਾਇਆ ਜਾਂਦਾ ਹੈ । ਇਸ ਤਰਾਂ ਕਿਓਂ ਕੀਤਾ ਜਾਂਦਾ ਹੈ, ਇਸ ਬਾਰੇ ਨਾ ਹੀ ਮੈਨੂੰ ਕੋਈ ਪੱਕੀ ਪੀਡੀ ਜਾਣਕਾਰੀ ਹੈ ਤੇ ਨਾ ਹੀ ਮੈ ਇਸ ਦੀ ਲੋੜ ਸਮਝਦਾ ਹਾਂ ਕਿਉਕਿ ਮੇਰੇ ਵਾਸਤੇ ਤਾਂ ਹਰ ਦਿਨ ਹੀ ਮਾਂ ਦਿਵਸ ਹੈ । ਮੈਨੂੰ 9 ਮਹੀਨੇ ਪੇਟ ਚ ਰੱਖਕੇ ਆਪ ਪੀੜਾਂ ਸਹਿ ਕੇ ਜਨਮ ਦੇਣ ਵਾਲੀ ਮਾਂ ਜਿਸ ਨੇ ਬਾਦ ਚ ਬੋਲੀ ਤੇ ਸੰਸਕਾਰ ਦੇਣ ਦੇ ਨਾਲ ਹੀ ਮੇਰੀ ਹਰ ਲੋੜ ਦਾ ਖਿਆਲ ਰੱਖਿਆ …… ਮੈਨੂੰ ਸੁੱਕੇ ਥਾਂ ਪਾ ਕੇ ਆਪ ਗਿੱਲੀ ਜਗਾ ਸੁੱਤੀ ……ਦਸ ਵਾਰਾਂ ਸਾਲ ਮੇਰੀ ਗੰਦਗੀ ਸਾਫ ਕੀਤੀ, ਅੱਜ ਬੇਸ਼ੱਕ ਮੇਰੀ ਉਸ ਪਿਆਰੀ ਮਾਂ ਨੁੰ ਇਸ ਸੰਸਾਰ ਤੋ ਵਿਦਾ ਹੋਇਆਂ 9 ਸਾਲਾਂ ਤੋ ਉਤੇ ਦਾ ਅਰਸਾ ਹੋ ਗਿਆ ਹੈ …… ਸਰੀਰਕ ਤੋਰ ‘ਤੇ ਬੇਸ਼ਕ ਉਹ ਮੇਰੀਆਂ ਅੱਖਾਂ ਸਾਹਮਣੇ ਨਹੀ ਪਰ ਮਾਨਸਿਕ ਤੌਰ ‘ਤੇ ਅਜ ਵੀ ਉਹ ਮੇਰੀ ਰਾਹਨੁਮਾਈ ਕਰਦੀ ਹੈ, ਔਖੇ ਵੇਲੇ ਉਸ ਦੀਆ ਮੱਤਾਂ ਮੈਨੁੰ ਅਜ ਵੀ ਵੱਡਾ ਸਹਾਰਾ ਵੀ ਦੇਂਦੀਆ ਤੇ ਰਸਤਾ ਵੀ …… ਸੁੱਤੇ ਪਏ ਨੂੰ ਉਹ ਸੁਪਨਿਆ ਚ ਆ ਕੇ ਲੋਰੀ ਦਿੰਦੀ ਹੈ , ਮੈ ਅਜ ਵੀ ਇਕੱਲੇ ਬੈਠਕੇ ਆਪਣੀ ਮਾਂ ਨਾਲ ਗੱਲਾਂ ਕਰਕੇ ਜਿਥੇ ਆਪਣਾ ਅੰਦਰਲਾ ਦੁੱਖ ਸੁੱਖ ਉਸ ਨਾਲ ਸਾਂਝਾ ਕਰ ਲੈਂਦਾ ਹਾਂ …… ਉਹ ਅਜ ਵੀ ਉਹ ਮੇਰਾ ਮੱਥਾ ਚੁੰਮਦੀ ਹੈ …… ਅਜ ਵੀ ਮੈਨੂੰ ਉਸਦੀ ਗੋਦੀ ਦੇ ਨਿੱਘ ਵਰਗਾ ਅਹਿਸਾਸ ਮਹਿਸੂਸ ਹੁੰਦਾ ਹੈ ਤੇ ਉਹ ਮੇਰਾ ਸਿਰ ਪਲੋਸਦੀ ਹੋਈ ਹੌਂਸਲਾ ਦੇਂਦੀ ਨਜਰ ਆਉਦੀ ਹੈ …… ਅਜ ਵੀ ਕਿਸੇ ਦੁੱਖ ਮੁਸੀਬਤ ਵੇਲੇ ਮੈਨੂੰ ਸਭ ਤੋ ਪਹਿਲਾਂ ਮੇਰੀ ਮਾਂ ਦੀ ਯਾਦ ਹੀ ਆਉਂਦੀ ਹੈ ।

ਏਹੀ ਉਹ ਕਾਰਨ ਹੈ ਜੋ ਮੈਨੁੰ ਇਹ ਸੋਚਣ ਵਾਸਕੇ ਮਜਬੂਰ ਕਰਦੇ ਹਨ ਕਿ ਜਦ ਮਾਂ ਹਰ ਵਕਤ ਸਾਡੇ ਨਾਲ ਹੈ ਤਾਂ ਸਾਲ ਚ ਇਕ ਖਾਸ ਦਿਨ ਉਸ ਵਾਸਤੇ ਕਿਓ ਮੁਕਰਰ ਕੀਤਾ ਜਾਂਦਾ ਹੈ …… ਹਰ ਦਿਨ ਤੇ ਹਰ ਪਲ ਮਾਂ ਦੇ ਨਾਲ ਕਿਓ ਨਹੀਂ ! ਜਿਹਨਾ ਦੀਆ ਮਾਵਾ ਇਸ ਵੇਲੇ ਉਹਨਾਂ ਦੇ ਨਾਲ ਹਨ, ਉਹ ਬਹੁਤ ਭਾਗਾਂ ਵਾਲੇ ਹਨ ਤੇ ਉਹਨਾਂ ਨੂੰ ਆਪਣੀਆ ਮਾਵਾਂ ਦਾ ਪਿਆਰ ਪਲ ਪਲ ਮਾਨਣਾ ਚਾਹੀਦਾ ਹੈ ਬਜਾਏ ਇਸ ਦੇ ਕਿ ਸਾਲ ਵਿਚ ਕੋਈ ਛੋਟਾ ਮੋਟਾ ਤੋਹਫਾ ਦੇ ਰਸਮੀ ਜਿਹੇ ਬਣਕੇ ਖਹਿੜਾ ਛੁਡਾਇਆ ਜਾਵੇ ।

ਮੈ ਇਸ ਦਿਨ ‘ਤੇ ਇਹ ਵੀ ਸੋਚਦਾ ਹਾਂ ਕਿ ਅਸੀ ਸਿਰਫ ਇਕ ਹੀ ਮਾਂ ਦਾ ਸਾਲ ਵਿਚ ਇਕ ਦਿਨ ਕਿਓ ਮਨਾਉਂਦੇ ਹਾਂ ਜਦ ਕਿ ਸੰਸਾਰ ਦੇ ਹਰ ਜੀਵ ਦੀਆਂ ਤਾਂ ਅਸਲ ਵਿਚ ਤਿੰਨ ਮਾਵਾਂ ਹੁੰਦੀਆ ਹਨ – ਪਹਿਲੀ ਮਾਤਾ ਧਰਤੀ, ਦੂਜੀ ਜਗਤ ਜਣਨੀ ਤੇ ਤੀਜੀ ਮਾਤਾ ਬੋਲੀ ਦੇ ਰੂਪ ਵਿਚ । ਇਹ ਤਿੰਨੇ ਮਾਤਾਵਾਂ ਹਰ ਪਰਾਣੀ ਵਾਸਤੇ ਇਕੋ ਜਿਹੀ ਮਹੱਤਾ ਰੱਖਦੀਆਂ ਹਨ ਤੇ ਇਹਨਾਂ ਤਿੰਨਾਂ ਦੇ ਬਿਨਾਂ ਸਾਡਾ ਇਕ ਪਲ ਦਾ ਵੀ ਗੁਜਾਰਾ ਨਹੀਂ, ਪਰ ਫੇਰ ਵੀ ਅਸੀਂ ਸਾਲ ਚ ਸਿਰਫ ਇਕ ਮਾਤਾ ਨੂੰ ਹੀ ਬੁੱਧੂ ਬਣਾਉਣ ਦਾ ਅਡੰਬਰ ਰਚਦੇ ਹਾਂ, ਅਜਿਹਾ ਕਿਓਂ, ਕੀ ਕਦੇ ਸੋਚਿਆ ਕਿ ਅਜਿਹਾ ਕਰਕੇ ਅਸੀ ਕਿਸ ਦਿਸ਼ਾ ਵੱਲ ਵਧ ਰਹੇ ਹਾਂ । ਅਜ ਕਰੋਨਾ ਵਾਇਰਸ ਵਰਗੀ ਬੀਮਾਰੀ ਕਿਓਂ ਫੈਲੀ ਹੈ ? ਜੇਕਰ ਤੁਸੀਂ ਮੈਥੋ ਪੁੱਛੋ ਤਾਂ ਮੇਰਾ ਜਵਾਬ ਏਹੀ ਹੋਵੇਗਾ ਕਿ ਨਹੀਂ ਅਸੀ ਬਿਲਕੁਲ ਵੀ ਨਹੀ ਸੋਚਿਆ, ਅਸੀਂ ਸਭ ਕੁੱਜ ਬਿਨਾ ਸੋਚੇ ਸਮਝੇ ਇਕ ਰਸਮੀ ਭੇਡਚਾਲ ਵਜੋਂ ਹੀ ਕਰੀ ਜਾ ਰਹੇ ਹਾਂ, ਕਿਉਕਿ ਅਸੀ ਆਪਣੀ ਜਿੰਦਗੀ ਦਾ ਮਸ਼ੀਨੀਕਰਨ ਕਰ ਲਿਆ ਹੈ , ਸਾਨੂੰ ਰਿਸ਼ਤਿਆ ਦੀ ਬਜਾਏ ਰਸਮਵਾਦ ਪਸੰਦ ਹੈ, ਅਸੀ ਪਦਾਰਥ ਦੀ ਚਮਕ ਵਿਚ ਅੰਨੇ ਹੋਏ ਲੋਕ ਹਾਂ, ਸਾਡੇ ਵਾਸਤੇ ਰਿਸ਼ਤੇ ਤਾਂ ਦੂਰ ਬੰਦੇ ਦੀ ਕਦਰ ਸਿਰਫ ਉਸ ਦੀ ਜੇਬ ਵਿਚਲੀ ਪੂੰਜੀ ਦੇ ਭਾਰ ਮੁਤਾਬਿਕ ਹੀ ਰਹਿ ਗਈ, ਅਸੀ ਸਵਾਰਥੀ ਤੇ ਖੁਦਗਰਜ ਹੋ ਗਏ ਹਾਂ ਜਾਂ ਫੇਰ ਅਸੀ ਆਪਣੇ ਆਪ ਨੂੰ ਬਾਕੀਆ ਨਾਲੋ ਵੱਧ ਸਮਝਦਾਰ ਹੋਣ ਦਾ ਭਰਮ ਪਾਲ ਕੇ ਜੀਊਣ ਦੇ ਆਦੀ ਹੋ ਦਿਖਾਵਾ ਕਰਨ ਵਿਚ ਵਧੇਰੇ ਗਲਤਾਨ ਹੁੰਦੇ ਜਾ ਰਹੇ ਹਾਂ ।

ਹੋ ਸਕਦਾ ਹੈ ਕਿ ਮੈ ਬਹੁਤ ਕੌੜਾ ਲਿਖ ਗਿਆ ਹੋਵਾਂ, ਜੋ ਬਹੁਤਿਆ ਨੂੰ ਚੰਗਾ ਨਾ ਲੱਗੇ, ਪਰ ਸੱਚ ਹਮੇਸ਼ਾ ਇਸੇ ਸੁਆਦ ਦਾ ਹੁੰਦਾ ਹੈ, ਜੇਕਰ ਜਰਾ ਗਹੁ ਨਾਲ ਸੋਚੋਗੇ ਤਾਂ ਅਸਲੀਅਤ ਆਪਣੇ ਆਪ ਸ਼ਾਖਸ਼ਾਤ ਸਾਹਮਣੇ ਆ ਖੜੀ ਹੋਵੇਗੀ, ਤੁਸੀਂ ਵੀ ਮੇਰੇ ਵਾਂਗ ਆਪਣੇ ਆਪ ਨੂੰ ਹੀ ਸਵਾਲ ਕਰਨ ਲੱਗੋਗੇ ਤੇ ਤੁਹਾਡੇ ਅੰਦਰਲਾ ਸੱਚ ਵੀ ਚੀਖ ਚੀਖ ਕੇ ਬੋਲੇਗਾ ਕਿ ਮਾਂ ਪਿਓ ਵਰਗੇ ਰਿਸ਼ਤਿਆਂ ਦਾ ਸਤਿਕਾਰ, ਸਾਲ ਇਕ ਦਿਨ ਮਿੱਥ ਕੇ ਅਡੰਬਰ ਰਚਣ ਨਾਲ ਨਹੀ ਸਗੋ ਉਹਨਾ ਦਾ ਦੇਣਾ ਤਾਂ ਅਸੀ ਸੱਤ ਜਨਮ ਵੀ ਨਹੀ ਦੇ ਸਕਦੇ, ਪਰ ਕੁਜ ਭਾਰ ਹਲਕਾ ਕਰਨ ਵਾਸਤੇ ਹਰ ਪਲ ਉਹਨਾ ਦਾ ਸਤਿਕਾਰ ਕਰੀਏ । ਤਿੰਨਾ ਹੀ ਮਾਵਾਂ ਦੀ ਗੋਦੀ ਦਾ ਨਿੱਘ ਤੇ ਪਿਓ ਦੀ ਜੱਫੀ ਤੋ ਮਿਲਣ ਵਾਲੇ ਅਕਿਹ ਉਤਸ਼ਾਹ ਤੇ ਅਹਿਸਾਸ ਨੂੰ ਮਾਨਣ ਵਾਸਤੇ, ਉਹਨਾ ਦੀ ਸੇਵਾ ਕਰੀਏ ਤੇ ਉਹਨਾ ਦੀ ਅਸ਼ੀਰਵਾਦ ਲੈ ਕੇ ਜੀਵਨ ਸਫਲ ਕਰੀਏ । ਯਾਂਤਰਿਕ ਤੇ ਰਸਮੀ ਨਾ ਬਣੀਏ ਤੇ ਨਾ ਹੀ ਵਡੇਰਿਆਂ ਵਾਸਤੇ ਇਕ ਦਿਨ ਰਾਖਵਾਂ ਕਰਨ ਵਰਗੀਆਂ ਫ਼ਜ਼ੂਲ ਦੀਆ ਰਸਮੀ ਰਿਵਾਇਤਾਂ ਪਾਈਏ ਤਾਂ ਸਾਡੇ ਅਤੇ ਸਾਡੇ ਸਮਾਜ ਵਾਸਤੇ ਸਭ ਤੋਂ ਚੰਗਾ ਰੁਝਾਨ ਹੋਵੇਗਾ । ਹਮੇਸ਼ਾ ਯਾਦ ਰੱਖੀਏ ਕਿ ਪਿਆਰ ਤੇ ਸਤਿਕਾਰ ਦਿਲਾਂ ਚ ਹੁੰਦਾ ਹੈ ਨਾ ਚੀਜ਼ਾਂ ਜਾਂ ਵਸਤਾਂ ਦੇ ਤੋਹਫ਼ਿਆਂ ਦੇ ਵਟਾਂਦਰੇ ਚ, ਹਾਂ, ਇਹ ਕਈ ਢੁਕਵੇਂ ਮੌਕਿਆਂ ਉੱਤੇ ਪਿਆਰ ਤੇ ਸਤਿਕਾਰ ਦੇ ਇਜ਼ਹਾਰ ਦਾ ਸਾਧਨ ਜ਼ਰੂਰ ਬਣ ਸਕਦੇ ਸਨ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

Previous articleकोरोना काल में, मौत के शिकार होते जर्नलिस्ट….
Next articleअयोध्या में महिलाओं के आश्रम पर बिहारी महंत और बिहारी पुलिसिया दबदबे की नजर