ਨਿਸ਼ਾਨੇ ’ਤੇ ਰਹੀ ਮੋਦੀ ਸਰਕਾਰ; ਕਾਂਗਰਸ ਤੇ ਹੋਰਨਾਂ ਸਿਆਸੀ ਧਿਰਾਂ ਵੱਲੋਂ ਵੀ ਸ਼ਮੂਲੀਅਤ; ਨਵਾਂਸ਼ਹਿਰ ’ਚ ਟਕਰਾਅ
* ਨੀਲੇ ਝੰਡੇ ਚੁੱਕੀ ਨੌਜਵਾਨ ਮੋਦੀ ਸਰਕਾਰ ਵਿਰੁੱਧ ਨਾਅਰੇ ਮਾਰਦੇ ਰਹੇ
* 21 ਅਗਸਤ ਨੂੰ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਣ ਦਾ ਸੱਦਾ
* ਹਜ਼ਾਰਾਂ ਰੇਲਵੇ ਯਾਤਰੀ ਤੇ ਬੱਸ ਮੁਸਾਫ਼ਰ ਹੋਏ ਖੁਆਰ
* ਬੰਦ ਦੌਰਾਨ ਐਂਬੂਲੈਂਸਾਂ ਨੂੰ ਰਾਹ ਮਿਲਿਆ
* ਫ਼ੌਜੀ ਕਾਫ਼ਲੇ ਦੀਆਂ ਗੱਡੀਆਂ ਨੂੰ ਵੀ ਰਾਹ ਦਿੱਤਾ ਗਿਆ
ਸ੍ਰੀ ਗੁਰੂ ਰਵਿਦਾਸ ਦਾ ਦਿੱਲੀ ਦੇ ਤੁਗਲਕਾਬਾਦ ’ਚ ਮੰਦਰ ਤੋੜੇ ਜਾਣ ਵਿਰੁੱਧ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ। ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਬੰਦ ਸ਼ਾਂਤੀਪੂਰਨ ਰਿਹਾ। ਬੰਦ ਦੌਰਾਨ ਕੌਮੀ ਮਾਰਗ, ਰਾਜ ਮਾਰਗ ਤੇ ਇੱਥੋਂ ਤੱਕ ਕਿ ਸੰਪਰਕ ਸੜਕਾਂ ਨੂੰ ਵੀ ਥਾਂ-ਥਾਂ ਤੋਂ ਬੈਰੀਕੇਡ ਲਾ ਕੇ ਰੋਕਿਆ ਗਿਆ ਸੀ। ਦਲਿਤ ਭਾਈਚਾਰੇ ’ਚ ਭਾਰੀ ਰੋਹ ਦੇਖਣ ਨੂੰ ਮਿਲਿਆ। ਦੋਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਕੀਤੇ ਗਏ ਰੋਸ ਪ੍ਰਦਰਸ਼ਨਾਂ ’ਚ ਲੋਕਾਂ ਦਾ ਗੁੱਸਾ ਕੇਂਦਰ ਦੀ ਮੋਦੀ ਸਰਕਾਰ ਵੱਲ ਹੀ ਸੇਧਿਤ ਸੀ। ਰੋਸ ਧਰਨਿਆਂ ਵਿਚ ਸੱਦਾ ਦਿੱਤਾ ਗਿਆ ਕਿ 21 ਅਗਸਤ ਨੂੰ ਨਵੀਂ ਦਿੱਲੀ ’ਚ ਜੰਤਰ-ਮੰਤਰ ਵਿਚ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿਚ ਵੀ ਦਲਿਤ ਭਾਈਚਾਰਾ ਵਧ-ਚੜ੍ਹ ਕੇ ਸ਼ਾਮਲ ਹੋਵੇ। ਬੰਦ ਦਾ ਅਸਰ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਤੇ ਗੁਰਦਾਸਪੁਰ, ਬਰਨਾਲਾ, ਫ਼ਿਰੋਜ਼ਪੁਰ, ਬਠਿੰਡਾ, ਮੋਗਾ ਤੇ ਫ਼ਾਜ਼ਿਲਕਾ ਵਿਚ ਵੀ ਦੇਖਣ ਨੂੰ ਮਿਲਿਆ। ਗੁਆਂਢੀ ਸੂਬੇ ਹਰਿਆਣਾ ਦੇ ਪਾਣੀਪਤ ਤੇ ਕਰਨਾਲ ਜ਼ਿਲ੍ਹਿਆਂ ਵਿਚ ਵੀ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤੇ। ਪੰਜਾਬ ਬੰਦ ਦੌਰਾਨ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਸਭਾ ਸੁਸਾਇਟੀਆਂ, ਡਾ. ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾ ਸੁਸਾਇਟੀ ਸਮੇਤ ਸਿੱਖ ਜਥੇਬੰਦੀਆਂ ਨੇ ਵੀ ਦਲਿਤ ਭਾਈਚਾਰੇ ਦਾ ਡੱਟ ਕੇ ਸਾਥ ਦਿੱਤਾ।ਬੰਦ ਦੌਰਾਨ ਕੌਮੀ ਮਾਰਗ-1 ਨੂੰ ਜਾਮ ਕਰਨ ਲਈ ਰਾਮਾ ਮੰਡੀ ਚੌਕ, ਚੁਗਿੱਟੀ ਚੌਕ, ਲੰਮਾ ਪਿੰਡ ਚੌਕ, ਪਠਾਨਕੋਟ ਚੌਕ ਅਤੇ ਹੋਰ ਥਾਵਾਂ ’ਤੇ ਰੋਕਾਂ ਲਾਈਆਂ ਗਈਆਂ ਸਨ। ਇਸ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਠੱਪ ਹੋ ਗਈ। ਪ੍ਰਦਰਸ਼ਨ ਕਰਨ ਵਾਲਿਆਂ ਨੇ ਸੜਕਾਂ ’ਤੇ ਹੀ ਟੈਂਟ ਗੱਡੇ ਹੋਏ ਸਨ। ਇਸੇ ਤਰ੍ਹਾਂ ਨਕੋਦਰ ਚੌਕ, ਰਵਿਦਾਸ ਚੌਕ, ਵਡਾਲਾ ਚੌਕ ਤੋਂ ਲੈ ਕੇ ਲਾਂਬੜਾ ਤੱਕ ਹਰ 200 ਮੀਟਰ ’ਤੇ ਧਰਨਾ ਲੱਗਾ ਹੋਇਆ ਸੀ। ਦਲਿਤ ਜਥੇਬੰਦੀਆਂ ਨੇ ਇਸ ਮੌਕੇ ਪੁਤਲੇ ਵੀ ਫੂਕੇ ਤੇ ਸੜਕਾਂ ਉੱਤੇ ਟਾਇਰਾਂ ਨੂੰ ਅੱਗ ਲਾ ਦਿੱਤੀ। ਹੁਸ਼ਿਆਰਪੁਰ ਵਿਚ ਨੌਜਵਾਨਾਂ ਨੇ ਜਬਰੀ ਦੁਕਾਨਾਂ ਬੰਦ ਕਰਵਾਈਆਂ। ਸ਼ਹੀਦ ਭਗਤ ਸਿੰਘ ਨਗਰ ਵਿਚ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਕਰਨ ’ਤੇ ਸਥਿਤੀ ਤਣਾਅਪੂਰਨ ਬਣ ਗਈ ਤੇ ਦੁਕਾਨਦਾਰਾਂ ਨੇ ਪ੍ਰਦਰਸ਼ਨ ਵੀ ਕੀਤਾ। ਸੂਬੇ ਦੀ ਸੱਤਾਧਾਰੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਰੋਸ ਪ੍ਰਦਰਸ਼ਨਾਂ ਵਿਚ ਪੂਰੀ ਸ਼ਮੂਲੀਅਤ ਕੀਤੀ। ਦੂਜੀਆਂ ਰਾਜਸੀ ਧਿਰਾਂ ਬਸਪਾ, ‘ਆਪ’, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਵੀ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਸ਼ਮੂਲੀਅਤ ਕੀਤੀ। ਦਲਿਤ ਭਾਈਚਾਰੇ ਨਾਲ ਸਬੰਧਤ ਸੰਤ ਸਮਾਜ ਦੇ ਆਗੂ ਵੀ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਆਪਣੀ ਹਾਜ਼ਰੀ ਭਰਦੇ ਰਹੇ। ਵਡਾਲਾ ਚੌਕ ਵਿਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੂ ਰਵਿਦਾਸ ਜੀ ਦੇ ਢਾਹੇ ਗਏ ਮੰਦਰ ਨੂੰ ਮੁੜ ਬਣਾਉਣ ਲਈ ਅਤੇ ਸੁਪਰੀਮ ਕੋਰਟ ਵਿਚ ਕਾਨੂੰਨੀ ਚਾਰਾਜੋਈ ਕਰਨ ਲਈ ਪੂਰਾ ਜ਼ੋਰ ਲਾਉਣਗੇ। ਇਸੇ ਤਰ੍ਹਾਂ ਰਵਿਦਾਸ ਚੌਕ ਵਿਚ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੇਠ ਸੱਤਪਾਲ ਮੱਲ, ਭਾਜਪਾ ਦੇ ਰੌਬਿਨ ਸਾਂਪਲਾ, ਮਕਸੂਦਾਂ ਤੇ ਲੰਮਾਂ ਪਿੰਡ ਚੌਕ ਵਿਚ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ, ਚੁਗਿੱਟੀ ਚੌਕ ਵਿਚ ਵਿਧਾਇਕ ਰਜਿੰਦਰ ਬੇਰੀ ਤੇ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਬਸਪਾ ਦੇ ਆਗੂ ਬਲਵਿੰਦਰ ਕੁਮਾਰ ਨੇ ਵਡਾਲਾ ਚੌਂਕ, ਬੂਟਾ ਮੰਡੀ, ਭਾਰਗੋ ਕੈਂਪ, ਭੋਗਪੁਰ, ਕਰਤਾਰਪੁਰ, ਅਲਾਵਲਪੁਰ ਤੇ ਹੋਰ ਥਾਵਾਂ ’ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿਚ ਸ਼ਮੂਲੀਅਤ ਕੀਤੀ। ਬਸਪਾ ਨੇ ਮੰਦਰ ਢਾਹੁਣ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿੱਥੇ ਸਿੱਧੇ ਤੌਰ ’ਤੇ ਦੋਸ਼ੀ ਦੱਸਿਆ, ਉੱਥੇ ਭਾਜਪਾ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਰਾਬਰ ਦਾ ਹੀ ਦੋਸ਼ੀ ਦੱਸਿਆ। ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ ਵਿਚ ਧਰਨੇ ’ਚ ਸ਼ਮੂਲੀਅਤ ਕੀਤੀ।