ਰਵਿਦਾਸੀਆ ਕੌਮ ਲਈ ਸੰਤ ਰਾਮਾ ਨੰਦ ਜੀ ਦੀ ਸ਼ਹਾਦਤ

ਸੰਤ ਰਾਮਾ ਨੰਦ ਜੀ

 

– ਪ੍ਰਿੰਸੀਪਲ ਪਰਮਜੀਤ ਜੱਸਲ
+91-98721-80653

ਇਤਿਹਾਸ ਵਿਆਨਾ ਦਾ ਕਦੇ ਵੀ ਭੁਲਣਾ ਨਹੀਂ,
ਲਿਖ ਕੇ ਖੂਨ ਨਾਲ ਕਰ ਗਏ ਤਿਆਰ ਲੋਕੋ।
ਕਦੇ ਗੋਲੀਆਂ ਨਾਲ ਨਹੀਂ ਬੰਦ ਹੋਣਾ,
ਕਾਂਸ਼ੀ ਵਾਲੇ ਦਾ ਸੱਚਾ ਪ੍ਰਚਾਰ ਲੋਕੋ।
(ਬੰਗੜ ਰਾਏਪੁਰੀ)

25 ਮਈ 2009 ਕੌਮ ਲਈ ਸਭ ਤੋਂ ਦਰਦਨਾਕ ਦਿਨ ਸੀ, ਜਿਸ ਨੂੰ ਇਤਿਹਾਸ ਕਦੇ ਵੀ ਨਹੀਂ ਭੁਲਾ ਸਕਦਾ। ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਤੇ ਉਹਨਾਂ ਦੇ ਸੱਚੇ-ਸੁੱਚੇ ਮਹਾਨ ਵਿਦਵਾਨ ਸੰਤ ਰਾਮਾਨੰਦ ਜੀ, ਆਸਟਰੀਆਂ ਦੀ ਧਰਤੀ, ਰਾਜਧਾਨੀ ਵਿਆਨਾ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਗੁਰੂ ਜੀ ਦੀ ਵਿਚਾਰਧਾਰਾ ਨਾਲ, ਸੰਗਤਾਂ ਨੂੰ ਜੋੜ ਰਹੇ ਸਨ। ਵਿਆਨਾ ਦੇ ਗੁਰੂ ਘਰ ‘ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਰਸਭਿੰਨਾ ਕੀਰਤਨ ਕੀਤਾ ਜਾ ਰਿਹਾ ਸੀ। ਗੁਰੂ ਜੀ ਦੀਆਂ ਨਾਮਲੇਵਾ ਸੰਗਤਾਂ ਗੁਰੂ ਘਰ ਵਿਚ ਬੜੇ ਪਿਆਰ ਅਤੇ ਸਤਿਕਾਰ ਨਾਲ ਮਹਾਰਾਜ (ਮਹਾਂਪੁਰਸ਼ਾਂ) ਪਾਸੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਰਵਣ ਕਰ ਰਹੀਆ ਸਨ। ਅਚਾਨਕ 24 ਮਈ 2009 ਸ਼ਾਮ ਵੇਲੇ ਮਾਨਵ ਵਿਰੋਧੀਆਂ ਨੇ ਸੰਤਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ। ਗੋਲੀਆ ਸੰਤਾਂ ਤੇ ਚਲਾਈਆਂ ਗਈਆਂ।ਦੋਵੇ ਸੰਤ ਗੋਲੀਆਂ ਲੱਗਣ ਕਰਕੇ ਸਖਤ ਜ਼ਖਮੀ ਹੋ ਗਏ। ਸੰਤਾਂ ਨੂੰ ਤੁਰੰਤ ਹਸਪਤਾਲ ਲਿਜਾ ਕੇ ਇਲਾਜ ਸ਼ੁਰੂ ਕੀਤਾ ਗਿਆ। ਸੰਤ ਰਾਮਾ ਨੰਦ ਜੀ ਦਾ ਅਪ੍ਰੇਸ਼ਨ ਵੀ ਕੀਤਾ ਗਿਆ। 25 ਮਈ 2009 ਨੂੰ ਸਵੇਰ ਵੇਲੇ ਸੰਤ ਰਾਮਾ ਨੰਦ ਜੀ ਦੀ ਸ਼ਹੀਦੀ (ਸ਼ਹਾਦਤ) ਦਾ ਜ਼ਾਮ ਪੀ ਗਏ। ਇਸ ਅਣਹੋਣੀ ਘਟਨਾ ਨੇ ਸਾਡੇ ਤੋਂ ਸਾਡਾ ਸੂਰਜ ਖੋ ਲਿਆ।

ਸੰਤ ਰਾਮਾ ਨੰਦ ਜੀ ਦੀ ਸ਼ਹਾਦਤ ਨੇ ਸੁੱਤੀ ਹੋਈ ਰਵਿਦਾਸੀਆਂ ਕੌਮ ਦੀ ਅਣਖ ਜਗਾ ਦਿੱਤੀ। ਫਿਰ ਕੀ ਸੀ? ਇਹ ਖਬਰ ਅੱਗ ਵਾਂਗ ਪੂਰੇ ਵਿਸ਼ਵ ਵਿੱਚ ਫੈਲ ਗਈ। ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਰੋਸ ਵਜੋਂ ਸੜਕਾਂ ਤੇ ਉਤਰ ਆਈਆ ਸਭ ਕੁਝ ਮਿੰਟਾਂ ਵਿੱਚ ਜ਼ਾਮ ਹੋ ਗਿਆ।ਰੇਲਾਂ, ਬੱਸਾਂ ਅਤੇ ਆਵਾਜਾਈ ਦੇ ਸਾਰੇ ਸਾਧਨ ਬੰਦ ਹੋ ਗਏ। ਸੰਗਤਾਂ ਦੀ ਮੰਗ ਤੇ ਸੰਤ ਰਾਮਾ ਨੰਦ ਜੀ ਦਾ ਪਾਰਥਿਕ ਸਰੀਰ ਹਵਾਈ ਜ਼ਹਾਜ਼ ਰਾਹੀਂ ਪੂਰੇ ਸਤਕਾਰ ਤੇ ਸਨਮਾਨ ਨਾਲ 4 ਜੂਨ 2009 ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਲਿਆਦਾਂ ਗਿਆ। ਸਰਕਾਰੀ ਸਨਮਾਨਾਂ ਨਾਲ ਸੰਤ ਰਾਮਾ ਨੰਦ ਜੀ ਦਾ ਸੰਸਕਾਰ ਕੀਤਾ ਗਿਆ। ਅਗਨੀ ਦੇਣ ਦੀ ਰਸਮ ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਬੜੇ ਦੁੱਖਦਾਈ ਮਨ ਨਾਲ ਨਿਭਾਈ। ਇਸ ਸਮੇ ਸਮਾਜਿਕ ਰਾਜਨਿਤਿਕ ਪਾਰਟੀਆਂ ਦੇ ਆਗੂਆਂ ਸਮੇਤ ਆਇਰਨ ਲੇਡੀ ਭੈਣ ਕੁਮਾਰੀ ਮਾਇਆਵਤੀ ਵਿਸ਼ੇਸ ਤੌਰ ਤੇ ਪਹੁੰਚੇ।

ਸੰਤ ਰਾਮਾ ਨੰਦ ਜੀ ਦੀ ਸ਼ਹਾਦਤ ਤੋਂ ਬਾਅਦ 30 ਜਨਵਰੀ 2010 ਨੂੰ ਰਵਿਦਾਸੀਆਂ ਧਰਮ ਦਾ ਅੇਲਾਨ ਸੀਰ ਗੋਵਰਧਨਪੁਰ, ਬਨਾਰਸ, ਸਤਿਗੁਰ ਰਵਿਦਾਸ ਮਹਾਰਾਜ ਜੀ ਜਨਮ ਸਥਲ ਭੂਮੀ ਤੋਂ ਸੰਤਾਂ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਹੋਇਆ। ਇੱਥੇ “ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ” ਦਾ ਅਗਾਜ਼ ਲੱਖਾਂ ਦੀ ਗਿਣਤੀ ਵਿੱਚ ਹੋਇਆ। ਅੱਜ ਵਿਦੇਸ਼ਾਂ ਵਿੱਚ ਵੀ ਰਵਿਦਾਸੀਆ ਧਰਮ ਰਜਿਸਟਰਡ ਹੋ ਚੁੱਕਾ ਹੈ ਸਤਿਗੁਰਾਂ ਦੀ ਅਮ੍ਰਿਤਬਾਣੀ ਨੂੰ ਮਾਣ ਸਨਮਾਨ ਵੀ ਮਿਲਿਆਂ ਹੈ। ਮਹਾਂਪੁਰਸ਼ਾਂ ਨੇ ਖਾਸ ਕਰ ਸੰਤ ਸੁਰਿੰਦਰ ਦਾਸ ਬਾਵਾ ਜੀ ਵੱਲੋਂ ਜਗਤਗੁਰੂ ਰਵਿਦਾਸ ਮ੍ਰਿਤਬਾਣੀ
(ਸਟੀਕ) ਭਾਰਤ ਦੀਆਂ ਲਗਭਗ 2-4 ਭਾਸ਼ਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਭਾਸ਼ਾਵਾ ‘ਚ ਅਨੁਵਾਦ ਕਰਕੇ ਛਪਵਾ ਕੇ ਵੰਡੀਆ ਜਾ ਰਹੀਆ ਹਨ। ਜਗਤਗੁਰੂ ਰਵਿਦਾਸ ਜੀ ਦੇ ਰਵਿਦਾਸੀਆਂ ਧਰਮ ਦੇ ਨਿਯਮਾਂ ਤੇ ਆਰਤੀਆਂ ਨੂੰ ਲੱਖਾਂ ਦੀ ਗਿਣਤੀ ਵਿੱਚ ਛਪਾ ਕੇ ਵੰਡਿਆਂ ਗਿਆ ਹੈ ਤੇ ਵੰਡਿਆਂ ਜਾ ਰਿਹਾ ਹੈ। ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਇਟਲੀ, ਜਰਮਨੀ, ਯੂ.ਕੇ, ਅਮਰੀਕਾ, ਫਰਾਂਸ਼, ਪੁਰਤਗਾਲ ਆਦਿ ‘ਚ ਵਡੀ ਗਈ ਹੈ।

ਸੰਤ ਰਾਮਾ ਨੰਦ ਜੀ ਡੇਰਾ ਸੱਚਖੰਡ ਬੱਲਾਂ ਦੇ ਸੰਪਰਕ ਵਿੱਚ 1973 ਦੇ ਲਗਭਗ ਆਏ। ਸੰਤਾਂ ਦਾ ਪਰਿਵਾਰ ਬੱਲਾਂ ਤੋਂ 1910 ‘ਚ ਰਾਮਦਾਸਪੁਰ ਅਲਾਵਲਪੁਰ ਚਲਾ ਗਿਆ ਸੀ। ਸੰਤਾਂ ਦਾ ਜਨਮ 2 ਫਰਵਰੀ 1952 ‘ਚ ਸਤਿਕਾਰਯੋਗ ਪਿਤਾ ਸ਼੍ਰੀਮਾਨ ਮਹਿੰਗਾਰਾਮ ਜੀ ਦੇ ਗ੍ਰਹਿ, ਸਤਿਕਾਰਯੋਗ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ ਹੋਇਆ। ਬਚਪਨ ਦਾ ਸੁਭਾਅ ਸਾਧੂ ਸੰਤਾਂ ਵਾਲਾ, ਚੁੱਪ-ਚੁੱਪ ਰਹਿਣ ਵਾਲਾ ਸੀ। ਆਪ ਜੀ ਦਾ ਪਰਿਵੲਰ ਸੰਤ ਸਰਵਣ ਦਾਸ ਜੀ ਦਾ ਸੇਵਕ ਸੀ। ਸੁਭਾਅਕ ਹੈ ਕਿ ਮਾਪਿਆ ਦਾ ਪ੍ਰਭਾਵ ਵੀ ਸੰਤਾਂ ਤੇ ਪਿਆ ਤੇ ਮਹਪੁਰਸ਼ਾਂ ਨੇ ਸੰਤ ਹਰੀ ਦਾਸ ਪਾਸੋੰ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਆਪ ਸੰਗਤਾਂ ਦੀ ਸੇਵਾ ‘ਚ ਹਮੇਸ਼ਾ ਤੱਤਪਰ ਰਹਿੰਦੇ। ਦੋਆਬਾ ਕਾਲਜ ਜਲੰਧਰ ਤੋਂ ਆਪ ਨੇ ਬੀ.ਏ. ਦੀ ਡਿਗਰੀ ਹਾਸਲ ਕੀਤੀ। ਸੰਤ ਗਰੀਬ ਦਾਸ ਜੀ ਨੇ ਆਪ ਜੀ ਨੂੰ ਭੇਖ ਧਾਰਨ ਕਰਵਾਇਆ। ਸੰਤ ਗਰੀਬ ਦਾਸ ਜੀ ਨਾਲ ਆਪ ਜੀ ਨੂੰ ਵਿਦੇਸ਼ਾਂ ‘ਚ ਸੰਗਤਾਂ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਮੌਕਾ ਮਿਲਿਆ। ਆਪ ਜੀ ਕੀਰਤਨ ਦੇ ਧਨੀ ਸਨ ਆਪ ਜੀ ਦੀ ਰਸਨਾ ‘ਚ ਇੰਨੀ ਮਿਠਾਸ ਸੀ, ਸੰਗਤਾਂ ਆਪ ਤੇ ਮੰਤਰ ਮੁਗਧ ਹੋ ਜਾਂਦੀਆਂ।

ਵਿਦੇਸ਼ਾਂ ‘ਚ ਸੰਤ ਰਾਮਾ ਨੰਦ ਜੀ ਨੂੰ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵੱਲੋ ਸੰਨ 2000 ਮਿਲੇਨੀਅਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 28 ਮਾਰਚ 2007 ਨੂੰ ਯੂ.ਕੇ. ‘ਚ ਜਗਤਗੁਰੂ ਰਵਿਦਾਸ ਜੀ ਦੇ 630ਵੇਂ ਪ੍ਰਕਾਸ਼ ਉਤਸਵ ਤੇ ਬਰਤਾਨੀਆਂ ਦੇ “ਹਾਊਸ ਆਫ਼ ਕਾਮਨਜ਼” ‘ਚ ਅੰਗਰੇਜ਼ੀ ‘ਚ ਭਾਸ਼ਣ ਦਿੱਤਾ। ਇਹ ਦਲਿਤ ਸਮਾਜ ਦੇ ਇਤਿਹਾਸ ‘ਚ ਅਜਿਹਾ ਪਹਿਲਾ ਮੌਕਾ ਸੀ, ਜੋ ਸੰਤ ਰਾਮਾਨੰਦ ਜੀ ਨੇ ਭਾਸ਼ਣ ਦੇ ਕੇ ਨਵਾਂ ਇਤਿਹਾਸ ਸਿਰਜਿਆਂ ਸੀ।

ਦਲਿਤ ਸਾਹਿਤ ਅਕਾਦਮੀ ਵੱਲੋਂ 10 ਅਕਤੂਬਰ 2003 ਨੂੰ ਦਿੱਲੀ ‘ਚ ਆਪ ਜੀ ਨੂੰ ਡਾ. ਅੰਬੇਡਕਰ ਨੈਸ਼ਨਲ ਐਵਾਰਡ ਅਤੇ ਸੰਤ ਗੁਰੂ ਰਵਿਦਾਸ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਪ ਜੀ ਨੇ ਡੇਰਾ ਸੱਚਖੰਡ ਬੱਲਾਂ “ਦਲਿਤ ਚਿੰਤਨ ਸੈਮੀਨਾਰ” ਕਰਵਾਇਆ। ਜਿਸ ਵਿੱਚ 250 ਤੋਂ ਵੱਧ ਬੁੱਧ ਜੀਵੀ ਵਿਦਵਾਨਾਂ ਨੇ ਹਿੱਸਾ ਲਿਆ। ਉਹਨਾਂ ਦਾ ਸਨਮਾਨ ਕੀਤਾ। ਆਪ ਜੀ ਨੇ ਡੇਰੇ ‘ਚ ਸ਼੍ਰੀ ਗੁਰੂ ਰਵਿਦਾਸ ਸੰਗੀਤ ਅਕੈਡਮੀ ਖੋਲ੍ਹ ਕੇ ਸੈਕੜੇ ਗੀਤਕਾਰ, ਗਾਇਕਾਂ ਨੂੰ ਪ੍ਰਮੋਟ ਕੀਤਾ।

ਆਪ ਬਹੁਤ ਮੇਹਨਤੀ ਤੇ ਸਿਰੜੀ ਸਨ। ਡੇਰੇ ‘ਚ ਅਨੇਕਾਂ ਪ੍ਰੋਜੈਕਟਾਂ ‘ਚ ਆਪ ਜੀ ਦਾ ਉੱਘਾ ਯੋਗਦਾਨ ਰਿਹਾ ਹੈ, ਜਿਸ ਨੂੰ ਕਦੇ ਵੀ ਝੁਠਲਾਇਆ ਨਹੀਂ ਜਾ ਸਕਦਾ। ਜਿਵੇਂ ਸੰਤ ਸਰਵਣ ਦਾਸ ਮੈਮੋਰੀਅਲ ਅੱਖਾਂ ਦਾ ਹਸਪਤਾਲ ਬੱਲਾਂ, ਸੰਤ ਸਰਵਣ ਦਾਸ ਮਾਡਲ ਸਕੂਲ ਫਗਵਾੜਾ, ਸਤਿਗੁਰੂ ਰਵਿਦਾਸ ਸਤਿਸੰਗ ਭਵਨ, ਸੰਤ ਸਰਵਣ ਦਾਸ ਹਸਪਤਾਲ , ਅੱਡਾ ਕਠਾਰ, ਸ਼੍ਰੀ ਗੁਰੂ ਰਵਿਦਾਸ ਮੰਦਰ ਸਿਰਸਗੜ(ਹਰਿਆਣਾ), ਸਤਿਗੁਰੂ ਸੁਵਾਮੀ ਸਰਵਣ ਦਾਸ ਜੀ (ਗਿੱਲ ਪੱਟੀ ਬਠਿਡਾ) ਅਤੇ ਸ਼੍ਰੀ ਗੁਰੂ ਰਵਿਦਾਸ ਮੰਦਰ ਕਾਤਰਜਪੂਨਾ (ਮਹਾਂਰਾਸ਼ਟਰ) ਆਦਿ।

ਆਪ ਮਹਾਨ ਵਿਦਵਾਨ ਸਨ, ਡੇਰੇ ਵਲੋਂ “ਬੇਗਮਪੁਰਾ ਸ਼ਹਿਰ” ਹਫਤਾਵਰੀ ਪੱਤ੍ਰਿਕਾ ਦੇ ਆਪ ਮੁੱਖ ਸੰਪਾਦਕ ਵੀ ਰਹੇ। ਇਹ ਅਖ਼ਬਾਰ 1991 ਤੋਂ ਚਲ ਰਿਹਾ ਹੈ। ਡੀ.ਡੀ. ਪੰਜਾਬੀ ਤੋਂ ਸਵੇਰੇ ਮੰਗਲਵਾਰ, ਬੁੱਧਵਾਰ ਤੋਂ ਅਜਿਹਾ ਪ੍ਰੋਗਰਾਮ “ਸਤਿਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੇ ਬਾਣੀ” ਨਾਲ ਸੰਬੰਧਿਤ ਚਲਾਇਆ ਜਾਂਦਾ ਸੀ ਉਹਨਾਂ ਵਿੱਚ ਸੰਤ ਰਾਮ ਰਾਮਾਨੰਦ ਜੀ ਇੱਕ-ਇੱਕ ਸ਼ਬਦ ਦੀ ਵਿਆਖਿਆਂ ਕਰਦੇ ਸਨ। ਡੇਰੇ ‘ਚ ਹਰ ਮੁੱਖ ਸਮਾਗਮਾਂ ‘ਚ ਸੰਤ ਰਾਮਨੰਦ ਜੀ ਦਾ ਉੱਘਾ ਯੋਗਦਾਨ ਰਹਿੰਦਾ ਸੀ। ਸੰਤਾਂ ਨੇ ਬੁੱਧੀਜੀਵੀ ਲੇਖਕਾਂ ਗਾਇਕਾਂ, ਗੀਤਕਾਰਾਂ ਨੂੰ ਡੇਰੇ ਵਿੱਚ ਬੁਲਾ ਕੇ ਗੋਲਡ ਮੈਂਡਲਾਂ ਨਾਲ ਸਨਮਾਨਿਤ ਕੀਤਾ ਗਿਆ।

ਮਾਨਵ ਵਿਰੋਧੀਆਂ ਨੇ ਸੰਤ ਰਾਮਾਨੰਦ ਜੀ ਨੂੰ ਕਤਲ ਕਰਕੇ ਸਤਿਗੁਰੂ ਰਵਿਦਾਸ ਜੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਬੰਦ ਕਰਨਾ ਚਾਹਿਆ ਕਿ ਇਹ ਸਮਾਜ ਦੇ ਲੋਕ ਸਤਿਗੁਰਾਂ ਦੇ ਲੜ੍ਹ ਲੱਗ ਕੇ ਹੋਰ ਅੱਗੇ ਵੱਧ ਜਾਣਗੇ। ਦੁਸਰੇ ਲਫ਼ਜਾ ‘ਚ ਅਸੀਂ ਕਹਿ ਸਕਦੇ ਹਾਂ ਕਿ ਇਹ ਰਵਿਦਾਸੀਆਂ ਕੌਮ ਦੀ ਅਵਾਜ਼ ਨੂੰ ਸਦੀਆਂ ਲਈ ਬੰਦ ਕਰਨਾ ਚਾਹੁੰਦੇ ਸਨ । ਪਰ ਹੋਇਆ ਉਲਟ। ਇਹ ਸਾਨੂੰ ਗ਼ੁਲਾਮੀ ਵਲ ਲਿਜਾਉਣ ਦੀਆਂ ਕੌਝੀਆਂ ਚਾਲਾਂ ਚਲ ਰਹੇ ਹਨ। ਬਾਬਾ ਸਾਜਿਬ ਡਾ. ਅੰਬੇਡਕਰ ਜੀ ਨੇ ਕਿਹਾ ਸੀ  “ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਉਹ ਆਪੇ ਬਗਾਵਤ ਕਰ ਦੇਵੇਗਾ।” ਅਜਿਹਾ ਹੀ ਕੀਤਾ ਗਿਆ ਸੀ। ਪਰ ਹੁਣ ਕੌਮ ਗੁਲਾਮ ਨਹੀਂ ਰਹਿ ਸਕਦੀ। ਜਿਥੇ ਗੁਰੂ ਰਵਿਦਾਸ ਅੱਗੇ ਚਾਰੇ ਵਰਣਾ ਦੇ ਲੋਕ ਝੁਕੇ ਹੋਣ। ਸਤਿਗੁਰਾਂ ਦਾ ਦਲੇਰੀ ਭਰਿਆ ਅਹਿਸਾਸ ਸਾਡੇ ਦਿਲਾਂ ਨੂੰ ਹਮੇਸ਼ਾ ਟੁੰਬਦਾ ਰਹੇਗਾ। ਅਸੀਂ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਵਾਲਾ ਸਮਾਜ ਚਾਹੁੰਦੇ ਹਾਂ। ਜੋ ਗੁਰੂ ਦੀ ਸੋਚ ਸੀ।

ਸੰਤ ਰਾਮਾਨੰਦ ਜੀ ਦੇ ਉੱਤਮ ਯਤਨਾਂ ਨਾਲ ਸਤਿਗੁਰੂ ਰਵਿਦਾਸ ਜਨਮ ਸਥਾਨ ਸੀਰ ਗੋਵਰਧਨਪੁਰ ਬਨਾਰਸ ’ਚ ਯਾਤਰੀਆਂ ਲਈ ਨਿਵਾਸ ਘਰ, ਲੰਗਰ ਹਾਲ ਆਦਿ ਬਣਾਏ ਗਏ। ਮੰਦਰ ਦੀ ਉਸਾਰੀ ਵੀ ਕਰਵਾਈ। ਮੰਦਰ ਤੇ ਸੋਨੇ ਕਲਸ਼ ਚੜਾਉਣ ਲਈ ਮਾਨਯੋਗ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਕਰ ਕਮਲਾਂ ਨਾਲ ਸੰਤਾਂ ਦੀ ਹਾਜਰੀ ‘ਚ ਚੜਾਏ
ਗਏ। ਸੰਤ ਰਾਮਾਨੰਦ ਹਮੇਸ਼ਾ ਗੁਣਗਾਨ ਕਰਿਆ ਕਰਦੇ ਕਹਿੰਦੇ ਸਨ ਕਿ  “ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਰਚਾਉਣਾ ਹੈ ਗਰੂ ਰਵਿਦਾਸ ਜੀ ਦੇ ਮੰਦਰ ਨੂੰ ਸੋਨੇ ਵਿੱਚ ਮੜਾਉਣਾ ਹੈ।”  ਇਹ ਉਹਨਾਂ ਦਾ ਸੁਪਨਾ ਸੀ ਜੋ ਅਧੂਰਾ ਰਹਿ ਗਿਆ ਆਓ ਆਪਾਂ ਰਲ ਮਿਲ ਕੇ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ, ਇੱਕ ਮਿੱਕ ਹੋਈਏ ਤੇ ਪੂਰਾ ਕਰ ਦਿਖਾਈਏ।

ਸੋਨੇ ਦੀ ਪਾਲਕੀ ਵੀ ਮਾਨਵ ਵਿਰੋਧੀਆਂ ਦੀ ਹਿੱਕ ‘ਚ ਰੜਕਦੀ ਸੀ। ਜਿਸ ਕਰਕੇ ਉਹਨਾਂ ਨੂੰ ਬਹੁਤ ਜੈਲਸੀ ਹੁੰਦੀ ਹੋਵੇਗੀ। ‘ਸੋਨੇ ਦੀ ਪਾਲਕੀ’ ਸੰਤ ਰਾਮਾਨੰਦ ਜੀ ਹਦੀਆਬਾਦ ਫਗਵਾੜੇ ਤੋਂ ਡੇਰਾ ਸੱਚ ਖੰਡ ਬੱਲਾਂ ਸ਼ੋਭਾ ਯਾਤਰਾ ਦੇ ਰੂਪ ‘ਚ ਖ਼ੁਸ਼ੀ ਖ਼ੁਸ਼ੀ ਲੈ ਕੇ ਆਏ ਸਨ।ਦੂਸਰੀ “ਸੋਨੇ ਦੀ ਪਾਲਕੀ” ਬਨਾਰਸ ਮੰਦਰ ਲੈ ਕੇ ਗਏ ਸਨ ਇਹ ਵੀ ਇੱਕ ਸ਼ਹਾਦਤ ਦਾ ਕਾਰਣ ਰਿਹਾ ਹੋਵੇਗਾ।

ਹਰ ਸਾਲ ਬਨਾਰਸ ਨੂੰ ਜਲੰਧਰ ਤੋਂ “ਬੇਗਮਪੁਰਾਂ ਐਕਸਪ੍ਰੈਸ” ਲੈ ਕੇ ਸੰਗਤਾਂ ਨੂੰ ਹਜ਼ਾਰਾ ਦੀ ਗਿਣਤੀ ਚ ਸੰਗਤਾਂ ਨੂੰ ਲਿਜਾਣਾ ਵੀ ਵਿਰੋਧੀਆਂ ਨੂੰ ਚੰਗਾ ਨਹੀਂ ਲੱਗਦਾ ਹੋਣਾ। ਦੂਸਰਾ ਬਨਾਰਸ ਦੀ ਧਰਤੀ ਤੇ ਲੰਕਾਂ ਚੌਰਾਹੇ ’ਚ ਹਿੰਦੂ ਯੂਨੀਵਰਸਟੀ ਸਾਹਮਣੇ “ਸਤਿਗੁਰੂ ਰਵਿਦਾਸ ਗੇਟ ਦੀ ਉਸਾਰੀ ਕਰਵਾ ਕੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਕੇ.ਆਰ.ਨਰਾਇਨਣ ਜੀ ਕੋਲੋ ਉਦਘਾਟਨ
ਕਰਾਉਣਾ, ਉਹਨਾਂ ਨਾਲ ਸਾਹਿਬ ਕਾਂਸ਼ੀ ਰਾਮ ਜੀ ਦਾ ਹੋਣਾ।”

ਅੱਜ ਵੀ ਸਾਡੇ ਰਹਿਬਰਾਂ ਦੇ ਨਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ, ਤੰਬਾਕੂ ਦੀ ਡੱਬੀ ‘ਤੇ ਬਾਬਾ 120 ਮਾਰਕਾ ਲਾ ਕੇ, ਉੱਤਰ ਪ੍ਰਦੇਸ਼ ਦੀ ਕੰਪਨੀ ਆਪਣਾ ਵਿਉਪਾਰ ਕਰ ਰਹੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਡੱਬੀ ਤੇ ਲਗਾਈ ਹੈ। ਜੋ ਨਿੰਦਨਯੋਗ ਹੈ। ਪ੍ਰੋ. ਦਿੱਤ ਸਿੰਘ ਦਾ ਅਪਮਾਨ ਹੋਇਆ, ਉਹਨਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ। ਪਦਮ ਸ੍ਰੀ ਐਵਾਰਡ ਵਾਲੇ ਭਾਈ ਨਿਰਮਲ ਸਿੰਘ ‘ਖਾਲਸਾ’ ਜੀ ਨੂੰ ਸ਼ਮਸ਼ਾਨ ਘਾਟ ਵਿੱਚ ਵੀ ਯੋਗ ਸਥਾਨ ਨਹੀਂ ਦਿੱਤਾ ਗਿਆ, ਕਿਉਂਕਿ ਉਹ ਮਜਬੀ ਸਿੱਖ ਸਨ। ਇਹ ਸਭ ਸਮੇਂ ਦੇ ਹਾਕਮਾਂ ਨੇ ਕੀਤਾ। ਸਾਨੂੰ ਸੁਚੇਤ ਹੋਣਾ ਪੈਣਾ, ਇੱਕ ਮੁੱਠ ਹੋਵੋ ਤਾਂ ਕਿ ਵਿਰੋਧੀਆਂ ਦਾ ਮੁਕਾਬਲਾ ਕਰ ਸਕੀਏ ਤੇ ਆਪਣੇ ਮਹਾਂਪੁਰਸ਼ਾ ਨੂੰ ਬਣਦਾ ਸਨਮਾਨ ਦਿਵਾ ਸਕੀਏ।

ਇੱਕ ਲਿਖਾਰੀ ਬੰਗੜ ਰਾਏ ਪੁਰੀ ਦੇ ਸ਼ਬਦਾਂ ‘ਚ

“ਰਾਮਾਨੰਦ ਜੀ ਨਾਮ ਮਸ਼ਹੂਰ ਕਰ ਗਏ,
ਪੀਤਾ ਜਾਮ ਸ਼ਹਾਦਤ ਦਾ ਸ਼ੇਰ ਬਣ ਕੇ,
ਲੱਗੀਆਂ ਗੋਲੀਆਂ ਸੀਨੇ ਦੇ ਵਿੱਚ ਭਾਵੇ,
ਫਿਰ ਵੀ ਲਾਏ ਜੈਕਾਰੇ ਦਲੇਰ ਬਣ ਕੇ।”

ਉਪਰੋਕਤ ਵਿਚਾਰ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੱਚਦੇ ਹਾਂ ਕਿ ਸਾਨੂੰ ਆਪਣਾ ਰਹਿਬਰਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿੰਦ ਜਾਨ ਇੱਕ ਕਰਨੀ ਚਾਹੀਦੀ ਹੈ। ਕਿਉਂਕਿ ਉਹਨਾਂ ਸਮਾਨਤਾ, ਸੁਤੰਤਰਤਾ, ਭਾਈਚਾਰਾ, ਨਿਆ ਦੀ ਸੋਚ ਤੇ ਪਹਿਰਾ ਦਿੱਤਾ। ਆਓ ਸੰਤ ਰਾਮਾਂੰਦ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਵੇ ਸਮਾਜ ਦੇ ਹਿੱਤ ‘ਚ ਕਾਰਜ ਕਰੀਏ। ਗਰੀਬਾਂ ਦੀ ਮਦਦ ਲਈ ਅੱਗੇ ਆਈਏ। ਆਪਣੇ ਬੱਚਿਆ ਨੂੰ ਵਿੱਦਿਆ ਦਾ ਦਾਨ ਦਈਏ, ਨਸ਼ਿਆ ਨੂੰ ਹਮੇਸ਼ਾ ਲਈ ਤਿਆਗ ਦਈਏ ਤੇ
ਇੱਕ ਸਾਫ਼ ਸੁਥਰਾ, ਅਣਖ ਭਰਿਆ ਜੀਵਨ ਬਤੀਤ ਕਰੀਏ। ਅਜਿਹਾ ਹੀ ਸੁਪਨਾ ਸੰਤ ਰਾਮਾਨੰਦ ਜੀ ਦਾ ਸੀ।

Previous articleਬੈਪਟਿਸਟ ਸੰਸਥਾ ਨੇ ਆਰ.ਸੀ.ਐਫ ਹਸਪਤਾਲ ਦੇ ਸਫਾਈ ਸੇਵਕਾਂ ਨੂੰ ਕੇਸੀਆਂ ਅਤੇ ਮਾਸਕ ਵੰਡੇ
Next article” ਵੱਡਾ ਪੁੰਨ “