ਰਵਾਇਤੀ ਖੇਤੀ ਦੇ ਨਾਲ ਮੱਛੀ ਪਾਲਣ ਕਰ ਕੇ ਨਡਾਲੇ ਦਾ ਦਿਲਬਾਗ ਸਿੰਘ ਕਰ ਰਿਹਾ ਹੈ ਚੰਗੀ ਕਮਾਈ

ਫੋਟੋ ਕੈਪਸ਼ਨ : ਨਡਾਲਾ ਦਾ ਕਿਸਾਨ ਦਿਲਬਾਗ ਸਿੰਘ ਰਵਾਇਤੀ ਖੇਤੀ ਦੇ ਨਾਲ ਮੱਛੀ ਪਾਲਣ ਬਾਰੇ ਜਾਣਕਾਰੀ ਦਿੰਦੇ ਹੋਏ ।

ਇੱਕ ਸਾਲ ਵਿੱਚ ਹੋ ਜਾਂਦੀ ਹੈ ਡੇਢ ਤੋਂ 2 ਲੱਖ ਦੀ ਨਿਰੋਲ ਬੱਚਤ  

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ): ਕਣਕ ਝੋਨੇ ਦੀ ਰਵਾਇਤੀ ਖੇਤੀ ਦੇ ਨਾਲ ਨਾਲ ਮਾਡਲ ਟਾਊਨ ਨਡਾਲਾ ਦਾ ਕਿਸਾਨ ਦਿਲਬਾਗ ਸਿੰਘ 8 ਏਕੜ ਵਿੱਚ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਨਾਲ ਖੇਤੀ ਕਰਦਾ ਹੈ । ਉਸ ਨੇ ਪਿਛਲੇ 3-4 ਸਾਲਾਂ ਤੋਂ ਕਣਕ ਦੇ ਨਾੜ ਅਤੇ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਆਪਣੇ ਘਰ ਵਿੱਚ ਪਏ ਸੰਦਾਂ ਦੇ ਨਾਲ ਹੀ ਉਸ ਨੂੰ ਖੇਤਾਂ ਵਿਚ ਦਬਾਉਂਦਾ ਹੈ ।ਖੇਤੀ ਦੇ ਨਾਲ ਨਾਲ ਉਹ ਮੱਛੀ ਪਾਲਣ ਦਾ ਵੀ ਸਹਾਇਕ ਧੰਦਾ ਕਰ ਰਿਹਾ ਹੈ ।ਪਿਛਲੇ 12-13 ਸਾਲ ਤੋਂ ਉਹ ਇਸ ਧੰਦੇ ਦੀ ਨਾਲ ਜੁੜਿਆ ਹੈ ।ਉਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਤੋਂ ਤਿੰਨ ਵਾਰ 3-3 ਦਿਨਾਂ ਦੀ ਟ੍ਰੇਨਿੰਗ ਸਾਲ  1996-2003 ਅਤੇ 2018 ਵਿੱਚ ਮੱਛੀ ਪਾਲਣ ਦੀ ਟ੍ਰੇਨਿੰਗ ਲਈ ਹੈ ।

4 ਏਕੜ ਦੇ ਮੱਛੀ ਫਾਰਮ ਵਿਚ ਉਸ ਵੱਲੋਂ  ਮੁਰਾਖ਼ ,ਕਤਲਾ ,ਕਾਮਨ ਕਾਰਪ ,ਰਾਹੂ,ਗਰਾਸ ਕਾਰਪ ਸਿਲਵਰ ਕਾਰਪ ਆਦਿ ਕਿਸਮਾਂ ਰੱਖੀਆਂ ਜਾਂਦੀਆਂ ਹਨ । ਜਿਸ ਜਗ੍ਹਾ ਤੇ ਮੱਛੀ ਫਾਰਮ ਬਣਾਇਆ ਹੈ ਉਹ ਪੰਚਾਇਤੀ ਜ਼ਮੀਨ ਹੈ ਅਤੇ ਪੰਚਾਇਤ ਨੂੰ ਸਾਲਾਨਾ ਠੇਕਾ 8 ਤੋਂ 10 ਹਜ਼ਾਰ ਰੁਪਏ ਦਿੱਤਾ ਜਾਂਦਾ ਹੈ । ਮੱਛੀ ਦੀਆਂ ਕਿਸਮਾਂ ਤਕਰੀਬਨ 9 ਮਹੀਨੇ ਤੋਂ ਲੈ ਕੇ ਇਕ ਸਾਲ ਤਕ ਵੇਚਣਯੋਗ ਹੋ ਜਾਂਦੀਆਂ ਹਨ ।ਮੱਛੀ ਦੇ ਵਪਾਰੀ ਖੁਦ ਫਾਰਮ ਤੇ ਪਹੁੰਚ ਕੇ ਮੱਛੀ ਲੈ ਜਾਂਦੇ ਹਨ ।ਦਿਲਬਾਗ ਸਿੰਘ ਨੇ ਖੇਤੀਬਾੜੀ ਵਿਭਾਗ ਨਡਾਲਾ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੱਛੀ ਲੁਧਿਆਣਾ ਦੇ ਵਪਾਰੀਆਂ ਵੱਲੋਂ ਖਰੀਦੀ ਜਾਂਦੀ ਹੈ ।

ਉਹ ਕਿਸਾਨ ਦੇ ਨਾਲ ਸਾਰੀ ਮੱਛੀ ਫਾਰਮ ਦਾ ਠੇਕਾ ਕਰ ਲੈਂਦੇ ਹਨ ਜਾਂ ਫਿਰ ਪ੍ਰਤਿ ਕਿੱਲੋ ਦੇ ਹਿਸਾਬ ਨਾਲ ਮੱਛੀ ਵੇਚੀ ਜਾਂਦੀ ਹੈ । ਮੱਛੀ ਦਾ ਪੂੰਗ ਮੱਛੀ ਪਾਲਣ ਵਿਭਾਗ ਕਪੂਰਥਲਾ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ।100 ਰੁਪਏ ਦਾ 1000 ਮੱਛੀ ਪੂੰਗ ਅਤੇ 4 ਏਕੜ ਵਿੱਚ ਤਕਰੀਬਨ 70 ਹਜ਼ਾਰ ਮੱਛੀ ਪੂੰਗ ਪੈ ਜਾਂਦਾ ਹੈ । ਦਿਲਬਾਗ ਸਿੰਘ ਬਹੁਤ ਹੀ ਅਗਾਂਹਵਧੂ ਸੋਚ ਦਾ ਮਾਲਕ ਹੈ ਅਤੇ ਉਸ ਨੇ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਕੋਲੋਂ ਸਾਲ 2014 ਵਿੱਚ 3  ਮਹੀਨੇ ਦੀ ਸੂਰ ਪਾਲਣ ਦੀ  ਟ੍ਰੇਨਿੰਗ ਲਈ ਹੈ ਅਤੇ ਸੂਰਾਂ ਦਾ ਇੱਕ ਜੋੜਾ ਵੀ ਰੱਖਿਆ ਹੈ । ਖੇਤੀ ਅਤੇ ਮੱਛੀ ਪਾਲਣ ਦੇ ਧੰਦੇ ਵਿੱਚ ਉਸ ਦੇ ਪੁੱਤਰ ਲਵਪ੍ਰੀਤ ਸਿੰਘ ਅਤੇ ਪਵਨਦੀਪ ਸਿੰਘ ਉਸ ਦੀ ਮਦਦ ਕਰਵਾਉਂਦੇ ਹਨ ।ਦਿਲਬਾਗ ਸਿੰਘ ਅਤੇ ਉਸ ਦੇ ਪਰਿਵਾਰ ਨੇ ਖੇਤੀਬਾਡ਼ੀ ਵਿਭਾਗ ਨਡਾਲਾ ਦੀ ਟੀਮ ਵਿੱਚ ਸ਼ਾਮਿਲ ਇੰਦਰਜੋਤ ਸਿੰਘ , ਯਾਦਵਿੰਦਰ ਸਿੰਘ ਅਤੇ ਗੁਰਦੇਵ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ।

Previous articleਢਿੱਲਵਾਂ ਮੇਨ ਬਜਾਰ ਵਿੱਚ ਸਥਿਤ ਕਪੜੇ ਦੇ ਸ਼ੋਅਰੂਮ ਵਿੱਚ ਅੱਗ ਲੱਗੀ
Next articleਦੂਹਰੀ ਵਧਾਈ