ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

ਲੁਧਿਆਣਾ- ਪਿਛਲੇ ਕੁਝ ਦਿਨਾਂ ਤੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਚੱਲ ਰਹੇ ਵਿਵਾਦ ਮਗਰੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪਿਛਲੇ ਤਿੰਨ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਿੱਟੂੂ ਦੇ ਹੱਕ ਵਿਚ ਸੋਸ਼ਲ ਮੀਡੀਆ ’ਤੇ ਬੋਲਣ ਵਾਲੇ ਕਾਂਗਰਸ ਆਗੂ ਗੁਰਸਿਮਰਨ ਮੰਡ ਦੇ ਫੋਨ ’ਤੇ ਉਨ੍ਹਾਂ ਨੂੰ ਧਮਕੀਆਂ ਆ ਰਹੀਆਂ ਹਨ। ਮੰਡ ਨੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦੇਣ ਦੇ ਨਾਲ ਧਮਕੀਆਂ ਦੀ ਰਿਕਾਰਡਿੰਗ ਵੀ ਸੌਂਪੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੇਅੰਤ ਸਿੰਘ ਪਰਿਵਾਰ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਦੇ ਪੋਤੇ ਰਵਨੀਤ ਸਿੰਘ ਬਿੱਟੂ ਅਤੇ ਜਥੇਦਾਰ ਵਿਚਕਾਰ ਬਿਆਨਬਾਜ਼ੀ ਹੋ ਰਹੀ ਹੈ। ਸ੍ਰੀ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਬਾਈਲ ਫੋਨ ’ਤੇ ਵਿਦੇਸ਼ਾਂ ਤੋਂ ਫੋਨ ਆ ਰਹੇ ਹਨ ਅਤੇ ਵਿਅਕਤੀ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੀ ਨਹੀਂ ਜਿਹੜਾ ਕੋਈ ਵੀ ਉਨ੍ਹਾਂ ਦੇ ਪੱਖ ਦੀ ਗੱਲ ਕਰਦਾ ਹੈ ਤਾਂ ਉਸ ਦੇ ਫੋਨ ’ਤੇ ਵੀ ਅਜਿਹੀ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸ ਤੋਂ ਪਹਿਲਾਂ ਜੁਲਾਈ 2018 ਵਿਚ ਵੀ ਖਾਲਿਸਤਾਨ ਅਤੇ ਰੈਫਰੈਂਡਮ 2020 ਦੇ ਖ਼ਿਲਾਫ਼ ਬਿਆਨ ਦੇਣ ਦੇ ਮਾਮਲੇ ਵਿਚ ਬਿੱਟੂ ਦੀ ਕੈਨੇਡਾ ਵਿੱਚ ਬੈਠੇ ਅਤਿਵਾਦੀ ਗਰੋਹ ਸੁਪਾਰੀ ਦੇਣ ਦੀ ਯੋਜਨਾ ਬਣਾ ਰਹੇ ਹਨ ਜਿਸ ਸਬੰਧੀ ਇੱਕ ਕਾਲ ਰਾਹੀਂ ਖ਼ੁਫ਼ੀਆ ਬਿਊਰੋ ਨੂੰ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਸੀ।

Previous articleBombay HC Justice Dharmadhikari quits
Next articleNo special celebrations for N.Korean late leader’s bday