ਹਾਕੀ ਇੰਡੀਆ ਨੇ ਭੁਵਨੇਸ਼ਵਰ ਵਿੱਚ ਛੇ ਜੂਨ ਤੋਂ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਸੀਰੀਜ਼ ਫਾਈਨਲਜ਼ ਲਈ ਅੱਜ ਭਾਰਤੀ ਟੀਮ ਐਲਾਨੀ ਹੈ। ਅਨੁਭਵੀ ਸਟਰਾਈਕਰ ਰਮਨਦੀਪ ਸਿੰਘ ਦੀ ਸੱਟ ਠੀਕ ਹੋਣ ਮਗਰੋਂ ਟੀਮ ਵਿੱਚ ਵਾਪਸੀ ਹੋਈ ਹੈ, ਜਦਕਿ ਟੀਮ ਦੀ ਕਮਾਨ ਮਿੱਡਫੀਲਡਰ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। ਭਾਰਤ ਨੂੰ ਟੂਰਨਾਮੈਂਟ ਵਿੱਚ ਰੂਸ, ਪੋਲੈਂਡ ਅਤੇ ਉਜ਼ਬੇਕਿਸਤਾਨ ਨਾਲ ਪੂਲ ‘ਏ’ ਵਿੱਚ ਰੱਖਿਆ ਗਿਆ ਹੈ, ਜਦਕਿ 18ਵੀਆਂ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਜਾਪਾਨ, ਮੈਕਸਿਕੋ, ਅਮਰੀਕਾ ਅਤੇ ਦੱਖਣੀ ਅਫਰੀਕਾ ਪੂਲ ‘ਬੀ’ ਵਿੱਚ ਹਨ। ਗੋਡੇ ਦੀ ਸੱਟ ਠੀਕ ਹੋਣ ਮਗਰੋਂ ਰਮਨਦੀਪ ਸਿੰਘ ਦੀ ਟੀਮ ਵਿੱਚ ਵਾਪਸੀ ਹੋਈ ਹੈ, ਜੋ ਆਖ਼ਰੀ ਵਾਰ ਬੀਤੇ ਸਾਲ ਬਰੈਡਾ ਵਿੱਚ ਚੈਂਪੀਅਨਜ਼ ਟਰਾਫ਼ੀ ਖੇਡਿਆ ਸੀ। ਅਨੁਭਵੀ ਸਟਰਾਈਕਰ ਐਸਵੀ ਸੁਨੀਲ ਦੀ ਗ਼ੈਰ-ਮੌਜੂਦਗੀ ਵਿੱਚ ਮਨਦੀਪ ਸਿੰਘ, ਸਿਮਰਨਜੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਫਾਰਵਰਡ ਦੀ ਜ਼ਿੰਮੇਵਾਰੀ ਸੰਭਾਲਣਗੇ। ਬੀਰੇਂਦਰ ਲਾਕੜਾ ਭਾਰਤੀ ਟੀਮ ਦਾ ਉਪ ਕਪਤਾਨ ਹੋਵੇਗਾ। ਟੀਮ ’ਚ ਗੋਲਕੀਪਰ ਦੀ ਭੂਮਿਕਾ ਪੀਆਰ ਸ੍ਰੀਜੇਸ਼ ਅਤੇ ਨੌਜਵਾਨ ਕ੍ਰਿਸ਼ਨਨ ਬੀ ਪਾਠਕ ਨਿਭਾਉਣਗੇ। ਡਿਫੈਂਸ ਦੀ ਜ਼ਿੰਮੇਵਾਰੀ ਲਾਕੜਾ ਦੇ ਨਾਲ ਹਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਵਰੁਣ ਕੁਮਾਰ, ਅਮਿਤ ਰੋਹਿਦਾਸ ਅਤੇ ਗੁਰਿੰਦਰ ਸਿੰਘ ’ਤੇ ਰਹੇਗੀ। ਮਨਪ੍ਰੀਤ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ ਅਤੇ ਨੀਲਕਾਂਤਾ ਮਿੱਡਫੀਲਡ ਵਿੱਚ ਹੋਣਗੇ। ਭਾਰਤ ਨੇ ਛੇ ਜੂਨ ਨੂੰ ਰੂਸ ਖ਼ਿਲਾਫ਼ ਪਹਿਲਾ ਮੈਚ ਖੇਡਣਾ ਹੈ। ਭਾਰਤ ਦਾ ਟੀਚਾ ਚੋਟੀ ’ਤੇ ਰਹਿ ਕੇ ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਥਾਂ ਬਣਾਉਣ ਦਾ ਹੋਵੇਗਾ। ਨਵੇਂ ਕੋਚ ਗ੍ਰਾਹਮ ਰੀਡ ਨਾਲ ਭਾਰਤੀ ਹਾਕੀ ਟੀਮ ਦਾ ਇਹ ਪਹਿਲਾ ਟੂਰਨਾਮੈਂਟ ਹੈ।
Sports ਰਮਨਦੀਪ ਦੀ ਭਾਰਤੀ ਹਾਕੀ ਟੀਮ ’ਚ ਵਾਪਸੀ