ਭਾਰਤੀ ਟੈਸਟ ਟੀਮ ਦਾ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਸੋਮਵਾਰ ਤੋਂ ਬੰਗਾਲ ਖ਼ਿਲਾਫ਼ ਖੇਡੇ ਜਾਣ ਵਾਲੇ ਰਣਜੀ ਟਰਾਫ਼ੀ ਫਾਈਨਲ ਵਿੱਚ ਆਪਣੀ ਘਰੇਲੂ ਟੀਮ ਸੌਰਾਸ਼ਟਰ ਲਈ ਮੈਦਾਨ ਵਿੱਚ ਉਤਰੇਗਾ। ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐੱਸਸੀਏ) ਨੇ ਅੱਜ ਕਿਹਾ ਕਿ ਇੱਥੇ ਐੱਸਸੀਏ ਮੈਦਾਨ ਵਿੱਚ ਖੇਡੇ ਜਾਣ ਵਾਲੇ ਫਾਈਨਲ ਮੁਕਾਬਲੇ ਵਿੱਚ ਪੁਜਾਰਾ ਟੀਮ ਦਾ ਹਿੱਸਾ ਹੋਵੇਗਾ। ਪੁਜਾਰਾ ਸੀਨੀਅਰ ਭਾਰਤੀ ਕ੍ਰਿਕਟ ਟੀਮ ਲਈ 77 ਟੈਸਟ ਖੇਡ ਚੁੱਕਿਆ ਹੈ। ਉਹ ਹਾਲਾਂਕਿ ਨਿਊਜ਼ੀਲੈਂਡ ਦੌਰੇ ਦੌਰਾਨ ਆਪਣੀ ਮਕਬੂਲੀਅਤ ਮੁਤਾਬਕ ਬੱਲੇਬਾਜ਼ੀ ਕਰਨ ਵਿੱਚ ਅਸਫਲ ਰਿਹਾ। ਉਸ ਨੇ ਦੌਰੇ ’ਤੇ ਚਾਰ ਪਾਰੀਆਂ ਵਿੱਚ ਸਿਰਫ਼ 100 (11, 11, 54, 24) ਦੌੜਾਂ ਬਣਾਈਆਂ। ਐੱਸਸੀਏ ਚਾਹੁੰਦਾ ਸੀ ਕਿ ਹਰਫ਼ਨਮੌਲਾ ਰਵਿੰਦਰ ਜਡੇਜਾ ਵੀ ਟੀਮ ਦਾ ਹਿੱਸਾ ਬਣੇ, ਪਰ ਬੀਸੀਸੀਆਈ ਨੇ ‘ਕੌਮੀ ਟੀਮ’ ਦੀ ਅਹਿਮ ਜ਼ਿੰਮੇਵਾਰੀ ਦਾ ਹਵਾਲਾ ਦੇ ਕੇ ਉਸ ਦੀ ਅਪੀਲ ਰੱਦ ਕਰ ਦਿੱਤੀ। ਜਡੇਜਾ ਨੂੰ 12 ਮਾਰਚ ਤੋਂ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ਵਿੱਚ ਮੌਕਾ ਮਿਲ ਸਕਦਾ ਹੈ।