ਰਣਜੀ: ਪੰਜਾਬ ਨੂੰ ਹਰਾ ਕੇ ਬੰਗਾਲ ਕੁਆਰਟਰ ਫਾਈਨਲ ’ਚ

ਬੰਗਾਲ ਅਤੇ ਕਰਨਾਟਕ ਨੇ ਕ੍ਰਮਵਾਰ ਪੰਜਾਬ ਅਤੇ ਬੜੌਦਾ ਖ਼ਿਲਾਫ਼ ਮੈਚ ਦੇ ਤੀਜੇ ਦਿਨ ਅੱਜ ਜਿੱਤ ਦਰਜ ਕਰਕੇ ਰਣਜੀ ਟਰਾਫ਼ੀ ਇਲੀਟ ਗਰੁੱਪ ‘ਏ’ ਰਾਹੀਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ। ਇਸ ਨਤੀਜੇ ਨਾਲ ਦਿੱਲੀ ਦੀ ਟੀਮ ਟੂਰਨਾਮੈਂਟ ਦੇ ਨਾਕਆਊਟ ਗੇੜ ’ਚ ਥਾਂ ਬਣਾਉਣ ਦੀ ਦੌੜ ’ਚੋਂ ਬਾਹਰ ਹੋ ਗਈ। ਗਰੁੱਪ ‘ਏ’ ਅਤੇ ‘ਬੀ’ ਦੇ ਕ੍ਰਾਸ ਪੂਲ ’ਚੋਂ ਪੰਜ ਟੀਮਾਂ ਨੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਾ ਹੈ, ਜਿਸ ਵਿੱਚੋਂ ਬੰਗਾਲ ਅਤੇ ਕਰਨਾਟਕ ਤੋਂ ਇਲਾਵਾ ਗੁਜਰਾਤ, ਸੌਰਾਸ਼ਟਰ ਅਤੇ ਆਂਧਰਾ ਨੇ ਆਪਣੀ ਥਾਂ ਪੱਕੀ ਕਰ ਲਈ।
ਪੰਜਾਬ ਨੂੰ ਇੱਥੇ ਤੀਜੇ ਦਿਨ ਜਿੱਤ ਲਈ 190 ਦੌੜਾਂ ਚਾਹੀਦੀਆਂ ਸਨ, ਪਰ ਪੂਰੀ ਟੀਮ 141 ਦੌੜਾਂ ’ਤੇ ਆਊਟ ਹੋ ਗਈ। ਬੰਗਾਲ ਦੇ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਅਹਿਮਦ ਨੇ ਦੂਜੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ। ਉਸ ਨੇ ਪਹਿਲੀ ਪਾਰੀ ਵਿੱਚ ਸੱਤ ਵਿਕਟਾਂ ਝਟਕਾਈਆਂ ਸਨ।
ਇਸ ਤੋਂ ਪਹਿਲਾਂ ਬੰਗਾਲ ਨੇ ਦਿਨ ਦੀ ਸ਼ੁਰੂਆਤ ਨੌਂ ਵਿਕਟਾਂ ’ਤੇ 199 ਦੌੜਾਂ ਨਾਲ ਕੀਤੀ, ਪਰ ਤਿੰਨ ਦੌੜਾਂ ਜੋੜ ਕੇ ਟੀਮ ਦੀ ਆਖ਼ਰੀ ਵਿਕਟ ਡਿੱਗ ਗਈ, ਜਿਸ ਨਾਲ ਪੰਜਾਬ ਨੂੰ 190 ਦੌੜਾਂ ਦਾ ਟੀਚਾ ਮਿਲਿਆ। ਪੰਜਾਬ ਵੱਲੋਂ ਰਮਨਦੀਪ ਸਿੰਘ (ਨਾਬਾਦ 69 ਦੌੜਾਂ) ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਬੰਗਾਲ ਦੇ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਪੂਰੀ ਟੀਮ 47.3 ਓਵਰਾਂ ਵਿੱਚ ਆਊਟ ਹੋ ਗਈ।
ਬੰਗਲੌਰ ਵਿੱਚ ਕਰਨਾਟਕ ਨੇ ਬੜੌਦਾ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ। ਪਹਿਲੀ ਪਾਰੀ ਵਿੱਚ ਸਿਰਫ਼ 85 ਦੌੜਾਂ ’ਤੇ ਆਊਟ ਹੋਣ ਵਾਲੀ ਬੜੌਦਾ ਦੀ ਟੀਮ ਨੇ ਦੂਜੀ ਪਾਰੀ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਟੀਮ ਨੇ 196 ਦੌੜਾਂ ਬਣਾਈਆਂ, ਜਿਸ ਨਾਲ ਕਰਨਾਟਕ ਨੂੰ ਜਿੱਤ ਲਈ 149 ਦੌੜਾਂ ਦਾ ਟੀਚਾ ਮਿਲਿਆ। ਕਪਤਾਨ ਕਰੁਨ ਨਾਇਰ ਦੀਆਂ ਨਾਬਾਦ 71 ਦੌੜਾਂ ਦੇ ਬਲਬੂਤੇ ਟੀਮ ਨੇ 44.4 ਓਵਰਾਂ ਵਿੱਚ ਇਸ ਟੀਚੇ ਨੂੰ ਹਾਸਲ ਕਰ ਲਿਆ।
ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਦਿੱਲੀ ਨੇ ਰਾਜਸਥਾਨ ਨੂੰ ਪਹਿਲੀ ਪਾਰੀ ਵਿੱਚ 299 ਦੌੜਾਂ ’ਤੇ ਆਊਟ ਕਰਨ ਮਗਰੋਂ ਫਾਲੋਆਨ ਲਈ ਮਜ਼ਬੂਰ ਕਰ ਦਿੱਤਾ। ਦਿੱਲੀ ਨੇ ਪਹਿਲੀ ਪਾਰੀ ਵਿੱਚ 623 ਦੌੜਾਂ ਬਣਾਈਆਂ ਸਨ। ਰਾਜਸਥਾਨ ਲਈ ਪਹਿਲੀ ਪਾਰੀ ਵਿੱਚ ਕਪਤਾਨ ਅਸ਼ੋਕ ਮਨੇਰੀਆ ਨੇ 119 ਦੌੜਾਂ ਬਣਾਈਆਂ, ਪਰ ਉਸ ਨੂੰ ਦੂਜੇ ਬੱਲੇਬਾਜ਼ਾਂ ਦਾ ਸਾਥ ਨਹੀਂ ਮਿਲਿਆ। ਫਾਲੋਆਨ ਮਿਲਣ ਮਗਰੋਂ ਦਿਨ ਦੀ ਖੇਡ ਖ਼ਤਮ ਹੋਣ ਤੱਕ ਟੀਮ ਨੇ ਦੂਜੀ ਪਾਰੀ ਵਿੱਚ ਦੋ ਵਿਕਟਾਂ ’ਤੇ 128 ਦੌੜਾਂ ਬਣਾ ਲਈਆਂ। ਟੀਮ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ 196 ਦੌੜਾਂ ਹੋਰ ਬਣਾਉਣੀਆਂ ਹੋਣਗੀਆਂ।

Previous article9 temporary hospitals open in epidemic-stricken Hubei
Next articleਮੰਧਾਨਾ ਬੱਲੇਬਾਜ਼ੀ ਵਿੱਚ ਚੌਥੇ ਨੰਬਰ ’ਤੇ ਪੁੱਜੀ